ਮੁੰਬਈ: ਸੀਨੀਅਰ ਅਦਾਕਾਰਾ ਨੀਤੂ ਸਿੰਘ ਰਿਐਲਿਟੀ ਸ਼ੋਅ ‘ਡਾਂਸ ਦੀਵਾਨੇ ਜੂਨੀਅਰਜ਼’ ਦੀ ਜੱਜ ਬਣ ਕੇ ਟੈਲੀਵਿਜ਼ਨ ’ਤੇ ਆਪਣਾ ਨਵਾਂ ਸਫ਼ਰ ਸ਼ੁਰੂ ਕਰਨ ਜਾ ਰਹੀ ਹੈ। ਇਸ ਸ਼ੋਅ ਵਿੱਚ ਨੀਤੂ ਕਪੂਰ ਅਦਾਕਾਰਾ ਤੇ ਮਾਡਲ ਨੌਰਾ ਫਤੇਹੀ ਅਤੇ ਕੋਰਿਓਗ੍ਰਾਫ਼ਰ ਮਾਰਜ਼ੀ ਪੈਸਟਨਜੀ ਨਾਲ ਜੱਜਾਂ ਦੇ ਪੈਨਲ ਵਿੱਚ ਸ਼ਾਮਲ ਹੋਵੇਗੀ। ਇਸ ਬਾਰੇ ਸਾਂਝੀ ਕੀਤੀ ਆਪਣੀ ਪੋਸਟ ਵਿੱਚ ਮਾਰਜ਼ੀ ਪੈਸਟਨਜੀ ਨੇ ਲਿਖਿਆ ਹੈ, ‘ਡਾਂਸ ਦੀਵਾਨੇ ਵਿੱਚ ਨਾਚ ਦਾ ਜਸ਼ਨ ਹੋਵੇਗਾ। ਮੈਨੂੰ ਆਸ ਹੈ ਕਿ ਇਹ ਸ਼ੋਅ ਹਰ ਉਮਰ ਵਰਗ ਦੇ ਬੱਚਿਆਂ ਨੂੰ ਨੱਚਣ ਅਤੇ ਆਪਣੇ ਸੁਫ਼ਨੇ ਪੂਰੇ ਕਰਨ ਵੱਲ ਵਧਣ ਲਈ ਪ੍ਰੇਰਿਤ ਕਰੇਗਾ। ਮੈਂ ਇਸ ਸਫ਼ਰ ਦਾ ਹਿੱਸਾ ਬਣ ਕੇ ਬਹੁਤ ਖੁਸ਼ ਤੇ ਉਤਸ਼ਾਹਿਤ ਹਾਂ।’ ਜ਼ਿਕਰਯੋਗ ਹੈ ਕਿ ਨੀਤੂ ਕਪੂਰ ਨੇ ਫਿਲਮ ਜਗਤ ਵਿੱਚ ਆਪਣਾ ਸਫ਼ਰ ਇੱਕ ਬਾਲ ਕਲਾਕਾਰ ਵਜੋਂ ਸ਼ੁਰੂ ਕੀਤਾ। ਨੀਤੂ ਨੇ ‘ਦੋ ਕਲੀਆਂ’, ‘ਯਾਦੋਂ ਕੀ ਬਾਰਾਤ’ ਤੇ ‘ਰਫੂ ਚੱਕਰ’ ਵਰਗੀਆਂ ਕਈ ਸਫ਼ਲ ਫਿਲਮਾਂ ਵਿੱਚ ਕੰਮ ਕੀਤਾ ਹੈ। ਇਸ ਦੇ ਨਾਲ ਹੀ ਰਾਜ ਮਹਿਤਾ ਦੇ ਨਵੇਂ ਪ੍ਰਾਜੈਕਟ ‘ਜੁਗ ਜੁਗ ਜੀਓ’ ਵਿੱਚ ਵੀ ਅਦਾਕਾਰਾ ਕੰਮ ਕਰੇਗੀ। ‘ਡਾਂਸ ਦੀਵਾਨੇ ਜੂਨੀਅਰਜ਼’ ਛੇਤੀ ਹੀ ਕਲਰਜ਼ ’ਤੇ ਪ੍ਰਸਾਰਿਤ ਕੀਤਾ ਜਾਵੇਗਾ। -ਆਈਏਐੱਨਐੱਸ