ਨਵੀਂ ਦਿੱਲੀ: ਉੱਘੀ ਅਦਾਕਾਰਾ-ਨਿਰਦੇਸ਼ਕ ਨੀਨਾ ਗੁਪਤਾ ਦੀ ਸਵੈ-ਜੀਵਨੀ ‘ਸੱਚ ਕਹੂੰ ਤੋ’ 14 ਜੂਨ ਨੂੰ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਅੱਜ ਪਬਲਿਸ਼ਰ ਪੈਂਗੁਇਨ ਰੈਂਡਮ ਹਾਊਸ ਇੰਡੀਆ ਨੇ ਦਿੱਤੀ ਹੈ। ਇਸ ਸਵੈ-ਜੀਵਨੀ ਵਿੱਚ ਅਦਾਕਾਰਾ ਨੇ 1980 ਵਿੱਚ ਨੈਸ਼ਨਲ ਸਕੂਲ ਆਫ ਡਰਾਮਾ (ਐੱਨਐੱਸਡੀ) ਤੋਂ ਮੁੰਬਈ ਜਾਣ ਤਕ ਦੇ ਸਫ਼ਰ ਅਤੇ ਇਕੱਲਿਆਂ ਹੀ ਆਪਣੀ ਬੱਚੀ ਦਾ ਪਾਲਣ ਪੋਸ਼ਣ ਕਰਨ ਦਾ ਜ਼ਿਕਰ ਬੜੇ ਬੇਬਾਕ ਤਰੀਕੇ ਨਾਲ ਕੀਤਾ ਹੈ।’’ ਪਬਲਿਸ਼ਰ ਨੇ ਆਪਣੇ ਬਿਆਨ ਵਿੱਚ ਆਖਿਆ,‘‘ਉਸ ਨੇ ਆਪਣੀ ਜ਼ਿੰਦਗੀ ਦੇ ਵੱਡੇ ਮੀਲ ਪੱਥਰਾਂ ਨੂੰ ਕਲਮਬੱਧ ਕੀਤਾ ਹੈ, ਜਿਸ ਵਿੱਚ ਉਸ ਦੇ ਬਿਨਾਂ ਵਿਆਹ ਤੋਂ ਬੱਚੀ ਨੂੰ ਜਨਮ ਦੇਣਾ, ਇਕੱਲਿਆਂ ਬੱਚੀ ਦੇ ਪਾਲਣ-ਪੋਸ਼ਣ ਅਤੇ ਬੌਲੀਵੁੱਡ ਵਿਚ ਦੂਜੀ ਸਫ਼ਲ ਪਾਰੀ ਦਾ ਜ਼ਿਕਰ ਸ਼ਾਮਲ ਹੈ।’’ ਇਹ ਪੁਸਤਕ ਕਾਸਟਿੰਗ ਦੌਰਾਨ ਭੇਦਭਾਵ, ਸਿਨੇ ਜਗਤ ਦੀ ਸਿਆਸਤ ਅਤੇ ਨੌਜਵਾਨ ਅਦਾਕਾਰਾਂ ਦੇ ਬਗੈਰ ਕਿਸੇ ਮੁਰਸ਼ਦ ਤੋਂ ਫ਼ਿਲਮ ਜਗਤ ਵਿੱਚ ਟਿਕੇ ਰਹਿਣ ਬਾਰੇ ਖੁਲਾਸੇ ਕਰੇਗੀ।’’ ਅਦਾਕਾਰਾ ਨੇ ਵੀ ਸੋਸ਼ਲ ਮੀਡੀਆ ’ਤੇ ਪੁਸਤਕ ਦੇ ਰਿਲੀਜ਼ ਹੋਣ ਦੀ ਤਰੀਕ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਿਕ ਇਹ ਪੁਸਤਕ ਔਖੇ ਗੇੜ ਵਿਚੋਂ ਬਾਹਰ ਨਿਕਲਣ ਵਿੱਚ ਮਦਦ ਕਰੇਗੀ। -ਪੀਟੀਆਈ