ਹਰਿੰਦਰ ਸਿੰਘ ਗੋਗਨਾ
ਕਰਨ ਦੇ ਪਾਪਾ ਸ਼ਿਵ ਇੱਕ ਫੈਕਟਰੀ ਵਿੱਚ ਕੰਮ ਕਰਦੇ ਸਨ। ਉਹ ਦੇਰ ਰਾਤ ਨੂੰ ਘਰ ਆਉਂਦੇ ਤਾਂ ਨਸ਼ੇ ਦੀ ਹਾਲਤ ਵਿੱਚ ਹੁੰਦੇ ਸਨ। ਸ਼ਰਾਬ ਪੀ ਕੇ ਘਰ ਆਉਣਾ ਸ਼ਿਵ ਦਾ ਰੋਜ਼ਾਨਾ ਦਾ ਕੰਮ ਸੀ। ਉਹ ਆਪਣੀ ਜ਼ਿਆਦਾਤਰ ਕਮਾਈ ਦਾ ਹਿੱਸਾ ਸ਼ਰਾਬ ਵਿੱਚ ਹੀ ਖ਼ਰਚ ਕਰਦਾ ਸੀ। ਜਿਸ ਕਾਰਨ ਘਰ ਦੇ ਖ਼ਰਚੇ ਪੂਰੇ ਨਹੀਂ ਪੈਂਦੇ ਸਨ। ਘਰ ਵਿੱਚ ਇਸ ਕਰਕੇ ਅਕਸਰ ਕਲੇਸ਼ ਰਹਿੰਦਾ ਸੀ। ਪੂਰਾ ਪਰਿਵਾਰ ਸ਼ਿਵ ਦੀ ਇਸ ਆਦਤ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਦਾ ਸੀ। ਪਰ ਸ਼ਿਵ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ। ਉਸ ਨੂੰ ਸਭ ਨੇ ਸਮਝਾ ਕੇ ਦੇਖ ਲਿਆ ਸੀ ਕਿ ਨਸ਼ੇ ਕਰਨਾ ਸਿਹਤ ਲਈ ਹੀ ਨਹੀਂ ਪਰਿਵਾਰਕ ਖੁਸ਼ੀਆਂ ਲਈ ਵੀ ਹਾਨੀਕਾਰਕ ਹੈ।
ਇੱਕ ਸ਼ਾਮ ਕਰਨ ਘਰ ਨਾ ਆਇਆ। ਪੂਰਾ ਪਰਿਵਾਰ ਪਰੇਸ਼ਾਨ ਸੀ। ਸ਼ਿਵ ਨੂੰ ਫੋਨ ਕੀਤਾ ਤਾਂ ਉਹ ਘਰ ਆਇਆ। ਅਜੇ ਉਸ ਨੇ ਕੋਈ ਨਸ਼ਾ ਨਹੀਂ ਸੀ ਕੀਤਾ। ਉਹ ਕਾਫ਼ੀ ਘਬਰਾਇਆ ਹੋਇਆ ਸੀ। ਆਂਢ ਗੁਆਂਢ ਵਿੱਚ ਪਤਾ ਕੀਤਾ, ਪਰ ਕਰਨ ਦਾ ਕੋਈ ਪਤਾ ਨਹੀਂ ਸੀ ਲੱਗ ਰਿਹਾ। ਉਸ ਨੂੰ ਨਾਲ ਦੇ ਮੈਦਾਨ ਵਿੱਚ ਦੇਖਿਆ ਜਿੱਥੇ ਕਿ ਉਹ ਆਪਣੇ ਦੋਸਤਾਂ ਨਾਲ ਖੇਡਣ ਜਾਂਦਾ ਸੀ, ਪਰ ਉਹ ਉੱਥੇ ਵੀ ਨਹੀਂ ਸੀ।
ਫਿਰ ਕਿਸੇ ਨੇ ਦੱਸਿਆ ਕਿ ਕਰਨ ਨੂੰ ਆਪਣੇ ਇੱਕ ਦੋਸਤ ਰਿੰਕੂ ਨਾਲ ਕੁਝ ਦੇਰ ਪਹਿਲਾਂ ਮੈਦਾਨ ਵਿੱਚ ਦੇਖਿਆ ਗਿਆ ਸੀ। ਤਦੇ ਕਰਨ ਦੇ ਪਿਤਾ ਦੇ ਫੋਨ ਦੀ ਘੰਟੀ ਵੱਜੀ ਤਾਂ ਫੋਨ ਪੁਲੀਸ ਥਾਣੇ ਤੋਂ ਸੀ। ਥਾਣਾ ਮੁਖੀ ਨੇ ਕਰਨ ਦੇ ਪਾਪਾ ਨੂੰ ਦੱਸਿਆ ਕਿ ਉਸ ਦਾ ਬੇਟਾ ਕੁਝ ਆਵਾਰਾ ਨਸ਼ੇੜੀ ਲੜਕਿਆਂ ਸਮੇਤ ਫੜਿਆ ਗਿਆ ਹੈ। ਸ਼ਿਵ ਥਾਣੇ ਪਹੁੰਚਿਆ ਤਾਂ ਪਤਾ ਲੱਗਾ ਕਿ ਕੁਝ ਲੜਕੇ ਜੋ ਨਸ਼ਾ ਕਰਦੇ ਤੇ ਵੇਚਦੇ ਹਨ, ਉਹ ਕਰਨ ਸਮੇਤ ਕਿਸੇ ਗੁਪਤ ਥਾਂ ਤੋਂ ਫੜੇ ਗਏ ਹਨ। ਕਰਨ ਦਾ ਦੋਸਤ ਰਿੰਕੂ ਹੀ ਉਸ ਨੂੰ ਇਸ ਥਾਂ ਲੈ ਕੇ ਆਇਆ ਸੀ। ਸ਼ਿਵ ਨੂੰ ਹੈਰਾਨੀ ਸੀ ਕਿ ਕਰਨ ਅਜਿਹੇ ਲੜਕਿਆਂ ਦੀ ਸੰਗਤ ਕਦੋਂ ਤੋਂ ਕਰਨ ਲੱਗਾ। ਅਸਲ ਵਿੱਚ ਸ਼ਿਵ ਦੀ ਹੀ ਆਦਤ ਕਾਰਨ ਕਰਨ ਬੁਰੀ ਸੰਗਤ ਦਾ ਸ਼ਿਕਾਰ ਹੋ ਗਿਆ ਸੀ। ਜਿਸ ਕਾਰਨ ਉਹ ਇਨ੍ਹਾਂ ਨਸ਼ੇੜੀ ਤੇ ਆਵਾਰਾ ਲੜਕਿਆਂ ਦੀ ਸੰਗਤ ਵਿੱਚ ਰਲ ਗਿਆ ਸੀ।
ਸ਼ਿਵ ਨੇ ਕਰਨ ਦੀ ਗੱਲ੍ਹ ’ਤੇ ਜ਼ੋਰਦਾਰ ਚਪੇੜ ਮਾਰਦਿਆਂ ਕਿਹਾ, ‘‘ਨਾਲਾਇਕ ਇਹ ਕੀ! ਤੂੰ ਨਸ਼ੇ ਕਰਦਾ ਐਂ। ਆਹ ਦਿਨ ਵਿਖਾਉਣ ਲਈ ਤੈਨੂੰ ਜਨਮ ਦਿੱਤਾ ਸੀ?’’
ਕਰਨ ਰੋਣ ਲੱਗਾ ਤੇ ਫਿਰ ਬੇਝਿਜਕ ਹੋ ਕੇ ਬੋਲਿਆ, ‘‘ਪਾਪਾ, ਮੈਂ ਨਸ਼ੇ ਨਹੀਂ ਕਰਦਾ, ਪਰ ਅੱਜ ਇਸ ਸਭ ਕਿਸੇ ਲਈ ਤੁਸੀਂ ਹੀ ਜ਼ਿੰਮੇਵਾਰ ਹੋ…।’’
‘‘ਮੈਂ ਜ਼ਿੰਮੇਵਾਰ…?’’ ਸ਼ਿਵ ਗੁੱਸੇ ਵਿੱਚ ਬੋਲਿਆ।
‘‘ਪਾਪਾ, ਤੁਸੀਂ ਰੋਜ਼ਾਨਾ ਘਰ ਸ਼ਰਾਬ ਪੀ ਕੇ ਆਉਂਦੇ ਹੋ। ਤੁਹਾਡੀ ਰੋਜ਼ਾਨਾ ਦੀ ਬਚੀ ਸ਼ਰਾਬ ਮੈਂ ਹੌਲੀ ਹੌਲੀ ਇੱਕ ਬੋਤਲ ਵਿੱਚ ਇਕੱਠੀ ਕਰ ਲੈਂਦਾ ਸੀ ਤੇ ਫਿਰ ਇਨ੍ਹਾਂ ਲੜਕਿਆਂ ਨੂੰ ਸਸਤੇ ਮੁੱਲ ਵਿੱਚ ਵੇਚ ਦਿੰਦਾ ਸੀ ਤਾਂ ਕਿ ਮੈਂ ਆਪਣੀ ਪੜ੍ਹਾਈ ਜਾਰੀ ਰੱਖ ਸਕਾਂ। ਤੁਸੀਂ ਤਾਂ ਮੈਨੂੰ ਕਈ ਵਾਰ ਕਹਿ ਚੁੱਕੇ ਸੀ ਕਿ ਕੀ ਰੱਖਿਆ ਹੈ ਪੜ੍ਹਾਈ ਵਿੱਚ? ਛੱਡ ਦੇ ਪੜ੍ਹਾਈ ਤੇ ਕੋਈ ਮਜ਼ਦੂਰੀ ਕਰ ਲੈ। ਪਰ ਮੈਂ ਪੜ੍ਹਨਾ ਚਾਹੁੰਦਾ ਸੀ। ਤੁਸੀਂ ਨਸ਼ੇ ਦੀ ਆਦਤ ਤੋਂ ਇੰਨਾ ਮਜਬੂਰ ਸੀ ਕਿ ਮੇਰੀ ਪੜ੍ਹਾਈ ਤੱਕ ਦਾ ਖ਼ਰਚਾ ਤੱਕ ਨਹੀਂ ਸੀ ਦੇ ਸਕਦੇ। ਹੁਣ ਮੈਂ ਕੀ ਕਰਦਾ। ਕਿਸ ਦੇ ਅੱਗੇ ਹੱਥ ਅੱਡਦਾ। ਅੱਜ ਜਦੋਂ ਮੈਂ ਇਨ੍ਹਾਂ ਲੜਕਿਆਂ ਨੂੰ ਸ਼ਰਾਬ ਵੇਚਣ ਆਇਆ ਤਾਂ ਪੁਲੀਸ ਨੇ ਮੈਨੂੰ ਵੀ ਫੜ ਲਿਆ…।’’ ਕਹਿ ਕੇ ਕਰਨ ਉੱਚੀ ਉੱਚੀ ਰੋਣ ਲੱਗਾ।
ਪੁਲੀਸ ਇੰਚਾਰਜ ਨੇ ਪਿਆਰ ਨਾਲ ਕਰਨ ਨੂੰ ਸਮਝਾਇਆ ਕਿ ਹਾਲਾਤ ਭਾਵੇਂ ਕੁਝ ਵੀ ਹੋਣ ਉਸ ਨੂੰ ਕਦੇ ਵੀ ਗ਼ਲਤ ਰਸਤਾ ਅਖ਼ਤਿਆਰ ਨਹੀਂ ਕਰਨਾ ਚਾਹੀਦਾ। ਫਿਰ ਸ਼ਿਵ ਨੂੰ ਕਿਹਾ ਕਿ ਉਹ ਇਸ ਘਟਨਾ ਤੋਂ ਕੁਝ ਸਿੱਖਿਆ ਲਵੇ।
ਉਸ ਰਾਤ ਸ਼ਿਵ ਨੇ ਘਰ ਆ ਕੇ ਸ਼ਰਾਬ ਨੂੰ ਹੱਥ ਤੱਕ ਨਾ ਲਗਾਇਆ। ਅੱਜ ਪਹਿਲੀ ਵਾਰ ਉਹ ਬਿਨਾਂ ਸ਼ਰਾਬ ਪੀਤੇ ਸੁੱਤਾ ਸੀ। ਉਸ ਨੂੰ ਅਹਿਸਾਸ ਹੋਇਆ ਕਿ ਮਨ ਦ੍ਰਿੜ ਹੋਵੇ ਤਾਂ ਨਸ਼ੇ ਛੱਡੇ ਵੀ ਜਾ ਸਕਦੇ ਹਨ। ਫਿਰ ਅਜਿਹਾ ਨਸ਼ਾ ਕੀ ਜਿਹੜਾ ਨਵੀਆਂ ਪੀੜ੍ਹੀਆਂ ਨੂੰ ਵੀ ਕੁਰਾਹੇ ਪਾ ਦੇਵੇ। ਉਸ ਨੇ ਆਪਣੇ ਪੂਰੇ ਪਰਿਵਾਰ ਵਿੱਚ ਬਹਿ ਕੇ ਸੰਕਲਪ ਕੀਤਾ ਕਿ ਅੱਜ ਤੋਂ ਬਾਅਦ ਉਹ ਕਦੇ ਵੀ ਕੋਈ ਨਸ਼ਾ ਨਹੀਂ ਕਰੇਗਾ।
ਅਗਲੀ ਸਵੇਰ ਜਦੋਂ ਸ਼ਿਵ ਜਾਗਿਆ ਤਾਂ ਪੂਰਾ ਪਰਿਵਾਰ ਉਸ ਦੇ ਆਲੇ ਦੁਆਲੇ ਬੈਠਾ ਖਿੜਖਿੜਾ ਕੇ ਗੱਲਾਂ ਕਰ ਰਿਹਾ ਸੀ। ਸਾਰੇ ਕਰਨ ਦੇ ਪਾਪਾ ਸ਼ਿਵ ਦੀਆਂ ਤਾਰੀਫ਼ਾਂ ਕਰ ਰਹੇ ਸਨ। ਸ਼ਿਵ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸ ਨੇ ਆਪਣਾ ਖੋਇਆ ਸਨਮਾਨ ਫਿਰ ਤੋਂ ਪਾ ਲਿਆ ਹੈ। ਸਭ ਦੀ ਖੁਸ਼ੀ ਵੇਖ ਕੇ ਸ਼ਿਵ ਨੂੰ ਵੀ ਅਹਿਸਾਸ ਹੋ ਗਿਆ ਸੀ ਕਿ ਪਰਿਵਾਰ ਦੀ ਖੁਸ਼ੀ ਵਿੱਚ ਹੀ ਉਸ ਦੀ ਖੁਸ਼ੀ ਹੈ। ਉਸ ਨੂੰ ਇੰਜ ਜਾਪ ਰਿਹਾ ਸੀ ਜਿਵੇਂ ਲੰਬੇ ਹਨੇਰੇ ਤੋਂ ਬਾਅਦ ਘਰ ਵਿੱਚ ਚਾਨਣ ਹੋਇਆ ਹੋਵੇ।
ਸੰਪਰਕ: 98723-25860