ਮੁੰਬਈ, 28 ਸਤੰਬਰ
ਗਾਇਕਾ ਲਤਾ ਮੰਗੇਸ਼ਕਰ ਅੱਜ 92 ਵਰ੍ਹਿਆਂ ਦੇ ਹੋ ਗਏ ਹਨ। ਉਨ੍ਹਾਂ ਆਪਣਾ ਜਨਮਦਿਨ ਪਰਿਵਾਰ ਨਾਲ ਘਰ ਵਿੱਚ ਹੀ ਸਾਧਾਰਨ ਤਰੀਕੇ ਨਾਲ ਮਨਾਉਣ ਬਾਰੇ ਸੋਚਿਆ ਹੈ। ‘ਸੁਰਾਂ ਦੀ ਮਲਿਕਾ’ ਅਤੇ ਭਾਰਤ ਦੀ ‘ਕੋਇਲ’ ਵਜੋਂ ਜਾਣੀ ਜਾਂਦੀ ਗਾਇਕਾ ਲਤਾ ਮੰਗੇਸ਼ਕਰ ਨੇ 13 ਸਾਲ ਦੀ ਉਮਰ ਵਿੱਚ ਸੰਨ 1942 ਵਿੱਚ ਗਾਇਕਾ ਵਜੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ। ਉਨ੍ਹਾਂ ਕਈ ਭਾਸ਼ਾਵਾਂ ਵਿੱਚ 25 ਹਜ਼ਾਰ ਤੋਂ ਵੱਧ ਗੀਤ ਗਾਏ ਹਨ। ਉਨ੍ਹਾਂ ਦੀ ਛੋਟੀ ਭੈਣ ਤੇ ਗਾਇਕਾ ਊਸ਼ਾ ਮੰਗੇਸ਼ਕਰ ਨੇ ਦੱਸਿਆ ਕਿ ਲਤਾ ਦੇ ਜਨਮ ਦਿਨ ਮੌਕੇ ਕੋਈ ਖਾਸ ਪ੍ਰੋਗਰਾਮ ਨਹੀਂ ਰੱਖਿਆ ਗਿਆ ਸਗੋਂ ਉਹ ਪਰਿਵਾਰ ਨਾਲ ਘਰ ਵਿੱਚ ਹੀ ਸਾਧਾਰਨ ਤਰੀਕੇ ਨਾਲ ਆਪਣਾ ਜਨਮ ਦਿਨ ਮਨਾਉਣਗੇ। ਹਾਲਾਂਕਿ ਲਤਾ ਵੱਲੋਂ ਗਾਏ ਗੀਤਾਂ ਦੀ ਸੂਚੀ ਕਾਫ਼ੀ ਲੰਮੀ ਹੈ, ਪਰ ਕੁਝ ਖਾਸ ਗੀਤ ਜੋ ਉਨ੍ਹਾਂ ਆਪਣੇ ਸੱਤ ਦਹਾਕਿਆਂ ਦੇ ਕਰੀਅਰ ਦੌਰਾਨ ਸੁਰਾਂ ਨਾਲ ਸਜਾਏ ਸਨ, ਉਨ੍ਹਾਂ ਵਿੱਚ ‘ਅਜੀਬ ਦਾਸਤਾਨ ਹੈ ਯੇ’,‘ਪਿਆਰ ਕੀਆ ਤੋ ਡਰਨਾ ਕਿਆ’, ‘ਸਤਿਅਮ ਸ਼ਿਵਮ ਸੁੰਦਰਮ’ ਅਤੇ ‘ਨੀਲਾ ਆਸਮਾਨ ਸੋ ਗਿਆ’, ‘ਦਿਨ ਦੀਵਾਨ ਬਿਨ ਸਜਨਾ ਕੇ’ ਅਤੇ ‘ਤੇਰੇ ਲੀਏ’ ਆਦਿ ਮਕਬੂਲ ਹੋਏ ਹਨ। ਭਾਰਤੀ ਸਿਨੇਮਾ ਦੀ ਮਹਾਨ ਪਲੇਅ ਬੈਕ ਸਿੰਗਰ ਵਜੋਂ ਜਾਣੀ ਜਾਂਦੀ ਲਤਾ ਨੇ ਸਾਲ 2001 ਵਿੱਚ ਭਾਰਤ ਦਾ ਵੱਕਾਰੀ ਸਨਮਾਨ ‘ਭਾਰਤ ਰਤਨ’ ਹਾਸਲ ਕੀਤਾ ਸੀ। -ਪੀਟੀਆਈ
ਪ੍ਰਧਾਨ ਮੰਤਰੀ ਨੇ ਦਿੱਤੀ ਜਨਮ ਦਿਨ ’ਤੇ ਵਧਾਈ
ਨਵੀਂ ਦਿੱਲੀ: ਉਘੀ ਗਾਇਕਾ ਲਤਾ ਮੰਗੇਸ਼ਕਰ ਅੱਜ 92 ਵਰ੍ਹਿਆਂ ਦੇ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਤਾ ਮੰਗੇਸ਼ਕਰ ਨੂੰ ਫੋਨ ਕਰ ਕੇ ਜਨਮ ਦਿਨ ਦੀ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ, ‘ਲਤਾ ਦੀਦੀ ਨੂੰ ਜਨਮ ਦਿਨ ਦੀ ਵਧਾਈ। ਉਹ ਆਸ ਕਰਦੇ ਹਨ ਕਿ ਉਨ੍ਹਾਂ ਦੀ ਸੁਰੀਲੀ ਆਵਾਜ਼ ਵਿਸ਼ਵ ਭਰ ਵਿਚ ਗੂੰਜਦੀ ਰਹੇ। ਉਨ੍ਹਾਂ ਭਾਰਤੀ ਸਭਿਆਚਾਰ ਵਿਚ ਵੱਖਰੀ ਥਾਂ ਬਣਾਈ ਹੈ। ਉਹ ਲਤਾ ਜੀ ਦੀ ਲੰਬੀ ਉਮਰ ਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦੇ ਹਨ।’ -ਪੀਟੀਆਈ