ਸਾਂਵਲ ਧਾਮੀ
ਜ਼ਿਲ੍ਹਾ ਸਿਆਲਕੋਟ ਦੀ ਤਹਿਸੀਲ ਡਸਕਾ ਦਾ ਇੱਕ ਪਿੰਡ ਏ ਵਡਾਲਾ ਸੰਧੂਆਂ। ਸੰਤਾਲੀ ਤੋਂ ਪਹਿਲਾਂ ਇਹ ਸੰਧੂ ਸਰਦਾਰਾਂ ਦਾ ਪਿੰਡ ਸੀ ਤੇ ਦਸ ਕੁ ਘਰ ਮੁਸਲਮਾਨਾਂ ਦੇ ਸਨ। 1920 ਦੇ ਕਰੀਬ ਇਸ ਪਿੰਡ ਦੇ ਮਲਿਕ ਪਰਿਵਾਰ ’ਚ ਨਵਾਬ ਦੀਨ ਦਾ ਜਨਮ ਹੋਇਆ। ਉਹਦੇ ਬਾਪ ਦਾ ਨਾਂ ਚਿਰਾਗ ਦੀਨ ਸੀ ਤੇ ਉਹ ਆੜ੍ਹਤ ਦਾ ਕਾਰੋਬਾਰ ਕਰਦਾ ਸੀ।
ਚੜ੍ਹਦੀ ਉਮਰੇ ਮਲਿਕ ਨਵਾਬ ਦੀਨ ਮਹਾਤਮਾ ਗਾਂਧੀ ਦੀ ਸੋਚ ਨਾਲ ਜੁੜ ਗਿਆ ਤੇ ਦੇਸ਼ ਦੀ ਆਜ਼ਾਦੀ ਲਈ ਚੱਲੀ ਹਰ ਤਹਿਰੀਕ ’ਚ ਹਿੱਸਾ ਲੈਣ ਲੱਗਾ। ਉਹਨੇ ਖੱਦਰ ਦੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਤਾਂ ਲੋਕਾਂ ਉਹਦਾ ਨਾਂ ਖੱਦਰ ਮਲਿਕ ਰੱਖ ਦਿੱਤਾ। ਉਹ ਕਲੀਨ ਸ਼ੇਵ ਸੀ। ਸਿਰ ਉੱਤੇ ਛੋਟੇ-ਛੋਟੇ ਵਾਲ਼ ਰੱਖਦਾ ਸੀ। ਬਿਨਾਂ ਕਾਲਰ ਦੇ ਕੁੜਤਾ ਪਾਉਂਦਾ ਸੀ ਜਿਹਦੇ ਕਫਾਂ ਉੱਤੇ ਬਟਨ ਨਹੀਂ ਸਨ ਹੁੰਦੇ।
ਉਹਦੀ ਡਸਕੇ ਦੇ ਮੁਕਾਮੀ ਚੌਧਰੀ ਮੁਨਵਰ ਖਾਂ ਸਾਹੀ ਤੇ ਪੁਰਾਣੇ ਲੋਕਾਂ ਨਾਲ ਗੂੜ੍ਹੀ ਦੋਸਤੀ ਸੀ। ਉਸ ਦੇ ਹੱਥ ਨਿਰੰਤਰ ਚੱਲਦੇ ਰਹਿੰਦੇ ਸਨ। ਜੇਕਰ ਉਹਦੇ ਹੱਥ ’ਚ ਪੈਨਸਿਲ ਹੁੰਦੀ ਤਾਂ ਉਹ ਗੱਲਾਂ ਕਰਦਾ-ਕਰਦਾ ਉਸ ਪੈਨਸਲ ਨੂੰ ਤੋੜ ਦਿੰਦਾ। ਰਬੜ ਹੁੰਦੀ ਤਾਂ ਉਹਨੂੰ ਹੱਥਾਂ ’ਚ ਭੋਰ ਦਿੰਦਾ। ਉਸ ਜ਼ਮਾਨੇ ’ਚ ਸੌ ਦਾ ਨੋਟ ਬੜੀ ਅਹਿਮੀਅਤ ਰੱਖਦਾ ਸੀ। ਉਹਦੇ ਹੱਥ ’ਚ ਸੌ ਦਾ ਨੋਟ ਹੁੰਦਾ, ਕਿਸੇ ਨਾਲ ਗੱਲਾਂ ਕਰਦੇ-ਕਰਦੇ, ਉਹ ਉਸ ਨੋਟ ਦੇ ਦੋ ਚਾਰ ਟੋਟੇ ਕਰ ਦਿੰਦਾ। ਉਨ੍ਹਾਂ ਟੁਕੜਿਆਂ ਨੂੰ ਦੇਖ ਕੇ ਕੋਲ ਖੜ੍ਹਾ ਸ਼ਖ਼ਸ ਹੈਰਾਨ ਹੋ ਕੇ ਪੁੱਛਦਾ- ਹੈਂਅ! ਆਹ ਕੀ ਹੋ ਗਿਆ?
ਸੰਤਾਲੀ ਦੀ ਵੰਡ, ਹਿਜਰਤ ਤੇ ਕਤਲੋਗਾਰਤ ਨੇ ਅਹਿੰਸਾ ਦੇ ਫ਼ਲਸਫ਼ੇ ਨੂੰ ਪਰਨਾਏ ਖੱਦਰ ਮਲਿਕ ਦਾ ਦਿਲ ਤੋੜ ਦਿੱਤਾ। ਵੰਡ ਤੋਂ ਬਾਅਦ ਪਾਕਿਸਤਾਨ ’ਚ ਕੋਈ-ਕੋਈ ਕਾਂਗਰਸੀ ਰਹਿ ਗਿਆ ਸੀ। ਬਹੁਤੇ ਮੁਸਲਿਮ ਲੀਗੀ ਹੋ ਗਏ ਤੇ ਬਾਕੀ ਚੁੱਪ ਕਰ ਗਏ ਸਨ। ਪੂਰੇ ਪਾਕਿਸਤਾਨ ’ਚ ਇੱਕ ਖੱਦਰ ਮਲਿਕ ਹੀ ਸੀ ਜੋ ਮੌਤ ਤੱਕ ਬੜੀ ਬਹਾਦਰੀ ਤੇ ਫ਼ਖ਼ਰ ਨਾਲ ਕਾਂਗਰਸੀ ਰਿਹਾ। ਉਹ ਮੁਹੰਮਦ ਅਲੀ ਜਿਨਾਹ ਨੂੰ ਕਾਇਦੇ ਆਜ਼ਮ ਨਹੀਂ ਸਿਰਫ਼ ‘ਜਿਨਾਹ ਸਾਹਿਬ’ ਕਹਿੰਦਾ ਹੁੰਦਾ ਸੀ। ਉਹ ਮਹਾਤਮਾ ਗਾਂਧੀ ਦਾ ਨਾਮ ਬਹੁਤ ਇੱਜ਼ਤ ਨਾਲ ਲੈਂਦਾ ਤੇ ਹਰ ਵਕਤ ਉਨ੍ਹਾਂ ਵੱਲੋਂ ਚਲਾਈਆਂ ਤਹਿਰੀਕਾਂ ਤੇ ਉਨ੍ਹਾਂ ਦੇ ਫ਼ਲਸਫ਼ੇ ਦੀਆਂ ਗੱਲਾਂ ਕਰਦਾ ਰਹਿੰਦਾ। ਜੇ ਕੋਈ ਇਤਰਾਜ਼ ਕਰਦਾ ਤਾਂ ਉਹ ਐਡੇ ਤਰਕ ਨਾਲ ਜਵਾਬ ਦਿੰਦਾ ਸੀ ਕਿ ਸਾਹਮਣੇ ਵਾਲਾ ਚੁੱਪ ਹੋ ਜਾਂਦਾ।
ਵੰਡ ਤੋਂ ਬਾਅਦ ਪੰਡਿਤ ਜਵਾਹਰ ਨਾਲ ਨਹਿਰੂ ਦੋ ਵਾਰ ਪਾਕਿਸਤਾਨ ਗਿਆ। ਪਹਿਲੀ ਵਾਰ 1953 ’ਚ ਉਹ ਕਰਾਚੀ ਤੋਂ ਮੁੜ ਆਇਆ ਸੀ। ਸੰਨ 1960 ’ਚ ਜਦੋਂ ਉਹ ਦੂਜੀ ਵਾਰ ਗਿਆ ਤਾਂ ਉਹਨੇ ਪੰਜ-ਸੱਤ ਕਾਂਗਰਸੀਆਂ ਨੂੰ ਮਿਲਣ ਦੀ ਖ਼ਾਹਸ਼ ਦਾ ਇਜ਼ਹਾਰ ਕੀਤਾ। ਉਨ੍ਹਾਂ ਚੋਣਵੇਂ ਬੰਦਿਆਂ ਵਿੱਚ ਇੱਕ ਖੱਦਰ ਮਲਿਕ ਵੀ ਸੀ। ਨਹਿਰੂ ਹੋਰੀਂ ਇਨ੍ਹਾਂ ਨੂੰ ਗਵਰਨਰ ਹਾਊਸ ਲਾਹੌਰ ’ਚ ਮਿਲੇ ਸਨ ਤੇ ਇਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ ਸਨ।
‘ਮਾਰੂਫ਼ ਕਾਂਗਰਸੀ ਰਹਿਨੁਮਾ ਮਲਿਕ ਨਵਾਬਦੀਨ, ਉਰਫ਼ ਮਲਿਕ ਖੱਦਰਪੋਸ਼ ਨੇ ਯਹ ਕਹਾ, ਵੁਹ ਕਹਾ।’ ਖੱਦਰ ਮਲਿਕ ਦੇ ਬਿਆਨ ਓਥੋਂ ਦੀਆਂ ਅਖ਼ਬਾਰਾਂ ’ਚ ਆਮ ਛਪਦੇ ਰਹਿੰਦੇ ਸਨ। ਮਹਾਤਮਾ ਗਾਂਧੀ ਦੀ ਬਰਸੀ ਉੱਤੇ ਖੱਦਰ ਮਲਿਕ ਆਪਣਾ ਬਿਆਨ ਜ਼ਰੂਰ ਦਿੰਦਾ। ਉਹ ਦੇਸ਼ ਦੀ ਆਜ਼ਾਦੀ ਦੀ ਤਹਿਰੀਕ ਨਾਲ ਜੁੜਿਆ ਹਰ ਦਿਨ ਮਨਾਉਂਦਾ। ਇਕੱਲਾ- ਨਾ ਕੋਈ ਸੱਜੇ, ਨਾ ਖੱਬੇ। ਫਿਰ ਇੱਕ ਦਿਨ ਖ਼ਬਰ ਛਪੀ ‘ਮਾਰੂਫ਼ ਔਰ ਕਦੀਮ ਕਾਂਗਰਸੀ ਰਹਿਨੁਮਾ ਮਲਿਕ ਨਵਾਬ ਦੀਨ ਸਾਹਿਬ ਉਰਫ਼ ਮਲਿਕ ਖੱਦਰ ਵਫ਼ਾਤ ਪਾ ਗਏ ਹੈਂ।’ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਮਾਤਮੀ ਬਿਆਨ ਛਪਿਆ। ਹਿੰਦੋਸਤਾਨ ਦੀ ਸਰਕਾਰ ਵੱਲੋਂ ਹਾਈ ਕਮਿਸ਼ਨ ਦਾ ਵਫ਼ਦ ਉਨ੍ਹਾਂ ਦੇ ਘਰ ਅਫ਼ਸੋਸ ਕਰਨ ਵਾਸਤੇ ਗਿਆ। ਖੱਦਰ ਮਲਿਕ ਦੀ ਮੌਤ ਉੱਤੇ ਡਸਕੇ ਦੇ ਪੁਰਾਣੇ ਲੋਕਾਂ ਤੇ ਸਭ ਪਾਰਟੀਆਂ ਦੇ ਲੀਡਰਾਂ ਨੇ ਅਫ਼ਸੋਸ ਦਾ ਇਜ਼ਹਾਰ ਕੀਤਾ। ਲੋਕਾਂ ਨੂੰ ਉਨ੍ਹਾਂ ਨਾਲ ਜੁੜੀਆਂ ਸੈਂਕੜੇ ਗੱਲਾਂ ਅੱਜ ਵੀ ਯਾਦ ਨੇ। ਡਸਕੇ ਦੇ ਬਾਬਰ ਨਸਰੁੱਲਾ ਖਾਂ ਨੇ ਦੱਸਿਆ ਸੀ-ਪਾਕਿਸਤਾਨ ਬਣਨ ਤੋਂ ਥੋੜ੍ਹੀ ਦੇਰ ਬਾਅਦ ਦੀ ਗੱਲ ਏ। ਇੱਕ ਦਿਨ ਖੱਦਰ ਮਲਿਕ ਚੁਰਸਤੇ ’ਚ ਖੜ੍ਹਾ ਮਹਾਤਮਾ ਗਾਂਧੀ ਬਾਰੇ ਲੈਕਚਰ ਦੇ ਰਿਹਾ ਸੀ ਤਾਂ ਕਿਸੇ ਸਿਰਫਿਰੇ ਨੇ ਕਿਹਾ- ਮਲਿਕ ਸਾਹਿਬ, ਪਾਕਿਸਤਾਨ ਬਣ ਗਿਆ ਜੇ। ਤੁਸੀਂ ਹੁਣ ਕਾਂਗਰਸ ਛੱਡ ਦਿਓ! ਜੇ ਕਾਂਗਰਸ ਨਹੀਂ ਛੱਡਣੀ ਤਾਂ ਪਾਕਿਸਤਾਨ ਛੱਡ ਦਿਓ।
“ਮੈਂ ਦੋਵੇਂ ਨਹੀਂ ਛੱਡਣੇ। ਕਾਂਗਰਸੀ ਵੀ ਰਹਿਣਾ ਏ ਤੇ ਰਹਿਣਾ ਵੀ ਇਸ ਪਾਕਿਸਤਾਨ ਵਿੱਚ ਏ। ਮੈਂ ਇੱਥੇ ਹੀ ਮਰਨਾ ਏ!” ਖੱਦਰ ਮਲਿਕ ਨੇ ਉਸ ਸ਼ਖ਼ਸ ਨੂੰ ਬੜਾ ਠੋਕ ਵਜਾ ਕੇ ਜਵਾਬ ਦਿੱਤਾ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਤਾਲੀ ਤੋਂ ਬਾਅਦ ਪਾਕਿਸਤਾਨ ’ਚ ਕਿਸੇ ਕਾਂਗਰਸੀ ਦਾ ਰਹਿਣਾ ਬੇਹੱਦ ਮੁਸ਼ਕਿਲ ਸੀ। ਖੱਦਰ ਦੀ ਪੁਸ਼ਾਕ ਤੇ ਕਾਂਗਰਸੀ ਟੋਪੀ ਪਾ ਕੇ ਚੌਕਾਂ-ਚੁਰਾਹਿਆਂ ’ਚ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਫ਼ਲਸਫ਼ੇ ਬਾਰੇ ਤਕਰੀਰਾਂ ਕਰਨੀਆਂ ਝੱਖੜ ’ਚ ਦੀਵਾ ਬਾਲਣ ਵਾਲੀ ਗੱਲ ਸੀ। ਪਰ ਇੱਕ ਸ਼ਖ਼ਸ ਚਾਲ਼ੀ ਸਾਲ ਇਹ ਕੰਮ ਕਰਦਾ ਰਿਹਾ। ਕਾਂਗਰਸ ਨਾਲ ਇਸ ਤਰ੍ਹਾਂ ਦੀ ਪ੍ਰਤੀਬੱਧਤਾ ਸਿਰਫ਼ ਤੇ ਸਿਰਫ਼ ਖੱਦਰ ਮਲਿਕ ਦੇ ਹੀ ਹਿੱਸੇ ਆਈ ਏ। ਖੱਦਰ ਮਲਿਕ ਨੇ ਆਪਣੇ ਬੋਲਾਂ ਨੂੰ ਪੁਗਾਇਆ। ਉਹ ਪੂਰੀ ਉਮਰ ਕਾਂਗਰਸੀ ਰਿਹਾ ਤੇ ਖੱਦਰ ਦੇ ਵਸਤਰਾਂ ’ਚ ਵਿਚਰਦਾ ਰਿਹਾ। ਜਦੋਂ ਮਰਿਆ ਤਾਂ ਖੱਦਰ ਦੇ ਕੱਪੜਿਆਂ ’ਚ ਹੀ ਸਪੁਰਦ-ਏ-ਖ਼ਾਕ ਹੋਇਆ।
ਸੰਪਰਕ: 97818-43444