ਕਰਨੈਲ ਸਿੰਘ ਸੋਮਲ
ਜਾਗੋ-ਮੀਟੀ ਵਿਚ ਪਏ ਨੂੰ ਕੱਚੇ ਕੋਠਿਆਂ ਉੱਤੇ ਕਦੇ ਪੈਂਦੇ ਰਹੇ ਗਿੱਧਿਆਂ ਦੇ ਬੋਲ ਚੇਤੇ ਆਉਣ ਲੱਗ ਪਏ। ਗਿੱਧੇ ਦੀ ਮੋਹਰੀ ਪੂਰੇ ਦਮ ਨਾਲ ਬੋਲਦੀ ‘ਸਾਡੇ… ਦਾ ਬੰਬਈਆ (ਬੰਬੀਹਾ) ਬੋਲ, ਮੈਂ ਵੀ ਬੋਲਾਂ ਤੂੰ ਵੀ ਬੋਲ।’ ਪਿਛਲਾ ਬੋਲ ਸਾਰੀਆਂ ਬੋਲਦੀਆਂ, ਨਾਲੇ ਗਿੱਧਾ ਪਾਉਂਦੀਆਂ। ਵਾਹ, ਕਿੰਨੀ ਸੋਹਣੀ ਗੱਲ ਐ, ‘ਮੈਂ ਵੀ ਬੋਲਾਂ ਤੂੰ ਵੀ ਬੋਲ।’ ਇਸ ਤਰ੍ਹਾਂ ਮੁੰਡੇ ਵਾਲੇ ਘਰ ਦੇ ਇਕ-ਇਕ ਮਰਦ ਦਾ ਨਾਂ ਲੈ ਕੇ ਬੰਬਈਆ ਬੁਲਾਇਆ ਜਾਂਦਾ। ਵਿਆਹ ਦੇ ਮੌਕੇ ਜ਼ਿੰਦਗੀ ਦਾ ਜਸ਼ਨ ਮਨਾਉਣ ਦੇ ਹੁੰਦੇ ਹਨ। ਰਲ ਕੇ ਮਨਾਈਆਂ ਖ਼ੁਸ਼ੀਆਂ ਦੂਣ-ਸਵਾਈਆਂ ਹੁੰਦੀਆਂ ਹਨ। ਇਸੇ ਲਈ ਤਾਂ ਨਾਇਣ ਰਾਹੀਂ ਸਾਰੀਆਂ ਨੂੰ ਸੱਦਾ ਦਿੱਤਾ ਜਾਂਦਾ। ਜ਼ਿੰਦਗੀ ਦੀਆਂ ਅਜਿਹੀਆਂ ਰੌਣਕਾਂ ਸਦਕਾ ਬੰਦੇ ਦਾ ਜਿਊਣ ਤੋਂ ਕਦੇ ਜੀਅ ਨਹੀਂ ਭਰਦਾ। ਖ਼ੁਸ਼ੀਆਂ ਦੇ ਪਲਾਂ ਦੀ ਵੀ ਤਦੇ ਤੀਬਰਤਾ ਨਾਲ ਉਡੀਕ ਕੀਤੀ ਜਾਂਦੀ। ਦੁੱਖਾਂ ਦੀਆਂ ਘੜੀਆਂ ਵੀ ਇਸੇ ਆਸ ਨਾਲ ਕੱਟੀਆਂ ਜਾਂਦੀਆਂ ਬਈ ਸੁਹਾਵਣੇ ਦਿਨ ਫਿਰ ਆਉਣਗੇ। ਵਿਆਹ-ਸ਼ਾਦੀਆਂ, ਮੇਲੇ, ਤਿਥ-ਤਿਉਹਾਰ, ਮੇਲ-ਜੋਲ, ਸਫਲਤਾ ਦੇ ਜਸ਼ਨ ਤੇ ਆਪਣਿਆਂ ਨਾਲ ਮਿਲ-ਬੈਠਣ ਦੇ ਹੋਰ ਮੌਕੇ, ਜੀਵਨ ਵਿਚ ਜਾਣੋ ਮਿਠਾਸ ਭਰ ਦਿੰਦੇ ਹਨ।
ਵਿਅਕਤੀਗਤ ਤੇ ਸਮਾਜਿਕ ਜੀਵਨ ਵਿਚ ਜਦੋਂ ਕਦੇ ਅਣਕਿਆਸੀਆਂ ਵੱਡੀਆਂ ਔਕੜਾਂ ਆਉਂਦੀਆਂ ਹਨ, ਜਿਨ੍ਹਾਂ ਦਾ ਹੱਲ ਵੀ ਨੇੜੇ ਨਹੀਂ ਦਿੱਸਦਾ, ਤਦ ਪਹਿਲੀ ਲੋੜ ਨੱਸ ਕੇ ਆਪਣਿਆਂ ਕੋਲ ਜਾਣ ਦੀ ਹੁੰਦੀ ਹੈ। ਕੋਲ ਬੈਠਿਆਂ ਦਾ ਨਿੱਘ, ਦੁੱਖਾਂ ਦੀਆਂ ਗੱਲਾਂ ਨੂੰ ਧੀਰਜ ਨਾਲ ਸੁਣੇ ਜਾਣ ਨਾਲ ਮਿਲਦੀ ਰਾਹਤ, ਇਕ-ਦੂਜੇ ਦੇ ਚਿਹਰੇ ਤੋਂ ਮੂਕ-ਭਾਵਾਂ ਨੂੰ ਪੜ੍ਹ ਸਕਣਾ, ਕਦੇ ਦੁੱਖ-ਗ੍ਰਸਤ ਬੰਦੇ ਦਾ ਹੱਥ ਆਪਣੇ ਹੱਥਾਂ ਵਿਚ ਫੜਨਾ, ਕਦੇ ਅਗਲੇ ਨੂੰ ਆਪਣੀ ਬੁੱਕਲ ਵਿਚ ਲੈਣਾ, ਫਿਰ ਰੱਜ ਕੇ ਰੋਣਾ, ਕਦੇ ਸਿਸਕੀਆਂ ਤੇ ਫਿਰ ਡੋਬਾ ਪੈਣ ਜਿਹੀ ਚੁੱਪ ਦੌਰਾਨ ਅੱਖਾਂ ਤੋਂ ਫਰਨ ਫਰਨ ਹੰਝੂ ਵਗ ਤੁਰਨੇ। ਬੰਦਾ ਬੰਦੇ ਦਾ ਦਾਰੂ। ਉਜਾੜ-ਭੰਬਾੜ ਹੋਵੇ, ਬੰਦਾ ਨਾ ਬੰਦੇ ਦੀ ਜਾਤ, ਤਦ ਕਿਸੇ ਦੇ ਪੈਰਾਂ ਦੇ ਨਿਸ਼ਾਨ ਵੀ ਧਰਵਾਸ ਦਿੰਦੇ ਹਨ ਕਿ ਕੋਈ ਇੱਥੇ ਹੈਗਾ। ਅਖੇ ’ਕੱਲੀ ਹੋਵੇ ਨਾ ਬਣਾਂ ਦੇ ਵਿਚ ਲੱਕੜੀ।’ ਅਜੋਕੇ ਸਮੇਂ ਵਿਚ ਖ਼ਬਰਦਾਰੀ ਵਜੋਂ ਮਾਸਕ ਮੂੰਹ-ਨੱਕ ਉੱਤੇ ਬੰਨ੍ਹਣੇ, ਇਕ-ਦੂਜੇ ਤੋਂ ਵਿਥ ਨਾਲ ਗੁਜ਼ਰਨਾ ਆਦਿ ਕਰਕੇ ਪਹਿਲਾਂ ਜਿਹੀਆਂ ਖੁੱਲ੍ਹਾਂ ਅਜੇ ਮਾਣੀਆਂ ਨਹੀਂ ਜਾ ਸਕਦੀਆਂ। ਰੌਣਕਾਂ ਤੋਂ ਸੰਕੋਚ ਕਰਨਾ ਤੇ ਨਿਰਸੰਕੋਚ ਮਨ-ਚਾਹੀਆਂ ਥਾਵਾਂ ਉੱਤੇ ਜਾਣ ਤੋਂ ਖ਼ੁਦ ਨੂੰ ਰੋਕਣਾ ਜ਼ਰੂਰੀ ਹੋ ਗਿਆ ਹੈ।
ਬੂਹੇ ਤੋਂ ਬਾਹਰ ਜਦੋਂ ਅਣਸਰਦਿਆਂ ਪੈਰ ਧਰੀਦਾ ਹੈ ਤਾਂ ਔਖ ਪਰਤੀਤ ਹੁੰਦੀ ਹੈ। ਬਾਹਰ ਦੀ ਸੁੰਞ ਸੱਲਣ ਲੱਗਦੀ ਹੈ। ਕਿੱਸਾਕਾਰ ਦੇ ਬੋਲ ‘ਗਲੀਆਂ ਹੋਵਣ ਸੁੰਨੀਆਂ ਵਿਚ ਮਿਰਜ਼ਾ ਯਾਰ ਫਿਰੇ’ ਵੀ ਖਟਕਣ ਲੱਗਦੇ ਹਨ। ਗਲੀਆਂ ਤੇ ਬਾਜ਼ਾਰ ਸਾਂ ਸਾਂ ਕਰਦੇ ਹੋਣ ਤਾਂ ਬੰਦਾ ਅੰਦਰੋਂ ਸੁੱਕਣ ਲੱਗਦਾ ਹੈ। ਅੰਗਰੇਜ਼ੀ ਦੇ ਕਵੀ ਵਾਲਟਰ ਡੀ ਲਾ ਮੇਅਰ ਦੀ ਕਵਿਤਾ ‘ਦਿ ਲਿਸਨਰਜ਼’ ਵਿਚ ਪਸਰਿਆ ਸੰਨਾਟਾ ਸਾਹ ਸੂਤਦਾ ਹੈ। ਵੀਰਾਨੀ ਵਿਚ ਯਾਤਰੂ ਦੀ ਮੁੜ ਮੁੜ ਕੀਤੀ ਪੁੱਛ ‘ਕੀ ਕੋਈ ਹੈ ਇੱਥੇ’ ਦਾ ਕੋਈ ਜਵਾਬ ਨਹੀਂ ਮਿਲਦਾ। ਇਸੇ ਤਰ੍ਹਾਂ ਆਲਮ ਲੋਹਾਰ ਦੀ ਗਾਇਕੀ ਵਿਚ ‘ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀ।’ ਲੋਕ ਵਿਸ਼ਵਾਸ ਹੈ ਕਿ ਜਿਹੜਾ ਮਦਦ ਲਈ ਪੁਕਾਰਦਾ ਪੁਕਾਰਦਾ ਜਾਂ ‘ਪਾਣੀ, ਪਾਣੀ’ ਦੇ ਤਰਲੇ ਕੱਢਦਾ ਮਰ ਜਾਵੇ, ਉਸ ਦਾ ‘ਹਾੜ’ ਬੋਲਦਾ ਸੁਣਾਈ ਦਿੰਦਾ ਹੈ। ਅਜਿਹੀਆਂ ਸਾਰੀਆਂ ਗੱਲਾਂ ਮੋਟੇ ਤੌਰ ’ਤੇ ਇਹੋ ਸੁਝਾਉਂਦੀਆਂ ਹਨ ਕਿ ਬੰਦਾ ਇਕੱਲ ਵਿਚ ਨਹੀਂ ਜੀ ਸਕਦਾ, ਭਾਵੇਂ ਉਸ ਕੋਲ ਜਿੰਨੇ ਮਰਜ਼ੀ ਸੁੱਖ ਦੇ ਸਾਧਨ ਹੋਣ। ਦੂਜਾ, ਜ਼ਿੰਦਗੀ ਦੀਆਂ ਰੌਣਕਾਂ ਕਦੇ ਮੰਦ ਨਹੀਂ ਪੈਣੀਆਂ ਚਾਹੀਦੀਆਂ। ਜਿਵੇਂ ਸਾਹ ਲੈਣ ਲਈ ਹਵਾ, ਪਿਆਸ ਬੁਝਾਉਣ ਲਈ ਪਾਣੀ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਇਹ ਸੰਸਾਰ ਰਸਦਾ-ਵੱਸਦਾ ਰਹੇ ਤਾਂ ਹੀ ਸੁਖ ਦਾ ਸਾਹ ਆਉਂਦਾ ਹੈ। ‘ਮੁਲਕ ਮਾਹੀ ਦਾ ਵੱਸੇ, ਕੋਈ ਰੋਵੇ ਤੇ ਕੋਈ ਹੱਸੇ’ ਦੁੱਖਾਂ-ਸੁਖਾਂ ਦੀ ਇਹ ਮਿਸ ਵੀ ਪਿਆਰੀ।
ਅਸੀਂ ਭੁੱਲ ਹੀ ਜਾਂਦੇ ਹਾਂ ਕਿ ਸਾਡੇ ਵਾਸਤੇ ਨਿਰਮਲ ਆਕਾਸ਼, ਰਾਤ ਨੂੰ ਤਾਰਿਆਂ ਦੀ ਜਗ-ਮਗ,ਚੰਦ ਤੇ ਸੂਰਜ ਕਦੇ ਓਹਲੇ ਕਦੇ ਸਾਹਮਣੇ, ਵਗਦੇ ਦਰਿਆ, ਬਨਸਪਤੀ ਨਾਲ ਸਜੀ-ਧਜੀ ਧਰਤੀ, ਭਾਂਤ-ਭਾਂਤ ਦੇ ਪਸ਼ੂ-ਪੰਛੀ, ਅਜਿਹਾ ਸਾਰਾ ਕੁਝ ਲੋੜੀਂਦਾ ਹੈ। ਵਗਦੀ ਹਵਾ ਤੇ ਵਹਿੰਦੇ ਪਾਣੀ ਦੀਆਂ ਆਵਾਜ਼ਾਂ, ਪੰਛੀਆਂ ਦਾ ਸੰਗੀਤ, ਰੂਪਾਂ ਤੇ ਗੰਧਾਂ ਦੀ ਕਸ਼ਿਸ਼, ਕੀ ਹੈ ਜਿਹੜਾ ਸਾਨੂੰ ਜਿਊਂਦਿਆਂ ਨੂੰ ਜ਼ਰੂਰੀ ਨਹੀਂ ਹੈ। ਇਨ੍ਹਾਂ ਅਨਮੋਲ ਦਾਤਾਂ ਤੋਂ ਬਿਨਾਂ ਬੰਦਾ ਸੱਖਣਾ ਹੀ ਤਾਂ ਹੁੰਦਾ ਹੈ। ਜਿਸ ਤਰ੍ਹਾਂ ਦੇ ਵਕਤ ਵਿਚੋਂ ਹੁਣ ਸੰਸਾਰ ਗੁਜ਼ਰ ਰਿਹਾ ਹੈ, ਉਸ ਤੋਂ ਇਹ ਸੋਝੀ ਜਾਗਣੀ ਜ਼ਰੂਰੀ ਹੈ। ਅੱਖਾਂ ਨੂੰ ਸੋਹਣਾ ਦਿੱਸਦਾ ਜਗਤ, ਪਲ ਪਲ ਰੰਗ ਬਦਲਦਾ ਜੀਵਨ, ਧਰਤੀ ਦਾ ਸੰਗੀਤ, ਮੁੜ ਮੁੜ ਧਿਆਨ ਮੱਲਦੇ ਸੰਸਾਰ ਦੇ ‘ਬਹੁ ਰੰਗ ਤਮਾਸ਼ੇ’-ਇਨ੍ਹਾਂ ਤੋਂ ਬੂਹੇ ਕਿਵੇਂ ਢੋਏ ਜਾ ਸਕਦੇ ਹਨ। ਉਂਜ ਉਹ ਦਿਨ ਮੁੜ ਪਰਤਣਗੇ, ਸਦਾ ਪਰਤਦੇ ਰਹੇ ਹਨ, ਜਦੋਂ ਲੋਕ ਖੁੱਲ੍ਹੇ-ਡੁੱਲ੍ਹੇ ਆਪਸ ਵਿਚ ਮਿਲ ਸਕਣਗੇ। ਦੂਜੇ ਦੇ ਚਿਹਰੇ ’ਤੇ ਆਉਂਦੇ-ਜਾਂਦੇ ਭਾਵਾਂ ਨੂੰ ਨੇੜਿਓਂ ਪੜ੍ਹ ਸਕਣਾ ਸੰਭਵ ਹੋਵੇਗਾ। ਬਸੰਤ ਰੁੱਤ ਦਾ ਮਾਇਨਾ ਹੀ ਇਹ ਹੈ ਕਿ ਹੁਣ ਹੋਰ ਸੁੰਗੜਨਾ ਨਹੀਂ ਹੋਵੇਗਾ ਤੇ ਆਲੇ-ਦੁਆਲੇ ਦੀ ਸੁੰਦਰਤਾ ਨੂੰ ਜੀਅ ਭਰ ਕੇ ਮਾਣਿਆ ਜਾਵੇਗਾ। ਆਸ-ਵਿਸ਼ਵਾਸ ਹੋਰ ਨਰੋਏ ਹੋਣਗੇ। ਪੈਰ ਮੱਲੋ-ਮੱਲੀ ਥਿਰਕਣਗੇ। ਜਗਤ ਦੇ ਹੋਰ ਜੀਵ ਵੀ ਇਸ ਚਾਅ ਨੂੰ ਮਾਣਦੇ ਹਨ। ਆਪਣੀ ਬੋਲੀ ਵਿਚ ਇਕ-ਦੂਜੇ ਨੂੰ ਕਹਿੰਦੇ ਲੱਗਦੇ ਹਨ ‘ਮੈਂ ਵੀ ਬੋਲਾਂ ਤੂੰ ਵੀ ਬੋਲ’।’ ਮਨ ਦੀ ਬਸੰਤ ਵੀ ਫਿਰ ਦੂਰ ਨਹੀਂ ਰਹਿੰਦੀ।
ਸੰਪਰਕ: 88476-47101