‘ਪ੍ਰਦੇਸੀ’ ਹੁਰਾਂ ਦੀ ਪਹਿਲੀ ਰਿਕਾਰਡਿੰਗ ਸੰਸਾਰ ਪ੍ਰਸਿੱਧ ਕੰਪਨੀ ਐੱਚ.ਐੱਮ.ਵੀ. ਵਿੱਚ 1956-57 ਦੇ ਲਗਭਗ ਹੋਈ। ਤਵੇ ਦਾ ਨੰਬਰ ਐਨ-94109 ਹੈ ਜੋ ਹੀਰ ਦੀ ਗਾਥਾ ਨਾਲ ਸਬੰਧਿਤ ਹੈ। ਇਸ ਤੋਂ ਬਾਅਦ ‘ਮਿਰਜ਼ਾ’ ਅਤੇ ‘ਪੂਰਨ’ ਦੀਆਂ ਗਾਥਾਵਾਂ ਨਾਲ ਸਬੰਧਿਤ ਤਵੇ ਮਿਲਦੇ ਹਨ। ਸੱਤਵੇਂ ਦਹਾਕੇ ਵਿੱਚ ਇਨ੍ਹਾਂ ਨੇ ਲੋਕ ਗਾਥਾਵਾਂ ਰਿਕਾਰਡ ਕਰਾਉਣ ਤੋਂ ਪਾਸਾ ਵੱਟ ਲਿਆ ਅਤੇ ਆਪਣੇ ਆਪ ਨੂੰ ਨਿਰੋਲ ਧਾਰਮਿਕ ਗਾਇਕੀ ’ਤੇ ਕੇਂਦਰਿਤ ਕਰ ਲਿਆ। ਇਸ ਤੋਂ ਬਾਅਦ ਇਨ੍ਹਾਂ ਦੀ ਜੋ ਵੀ ਰਿਕਾਰਡਿੰਗ ਹੋਈ ਉਹ ਸਾਰੀ ਧਾਰਮਿਕ ਹੈ। ਇਨ੍ਹਾਂ ਵਿੱਚ ਈ.ਪੀ. ਅਤੇ ਐੱਲ.ਪੀ. ਤਵੇ ਹਨ। ਇਨ੍ਹਾਂ ਦੀ ਗਿਣਤੀ ਕਾਫ਼ੀ ਹੈ।
ਹਰਦਿਆਲ ਸਿੰਘ ਥੂਹੀ
ਢਾਡੀ ਬਿੱਕਰ ਸਿੰਘ ਪ੍ਰਦੇਸੀ ਲੋਕ ਢਾਡੀ ਕਲਾ ਦੇ ਇਤਿਹਾਸ ਦਾ ਇੱਕ ਸਨਮਾਨਯੋਗ ਪੰਨਾ ਹੈ। ਭਾਵੇਂ ਬਾਅਦ ਵਿੱਚ ਉਹ ਧਾਰਮਿਕ ਢਾਡੀ ਗਾਇਕੀ ਵੱਲ ਆ ਗਿਆ, ਪਰ ਸ਼ੁਰੂਆਤ ਉਸ ਨੇ ਲੋਕ ਅਖਾੜਿਆਂ ਵਿੱਚ ਲੋਕ ਗਾਥਾਵਾਂ ਗਾ ਕੇ ਹੀ ਕੀਤੀ।
ਉਸ ਦਾ ਜਨਮ ਸਾਂਝੇ ਪੰਜਾਬ ਦੇ ਜ਼ਿਲ੍ਹਾ ਮਿੰਟਗੁਮਰੀ ਦੇ ਪਿੰਡ ਕੇਬਾ ਸੰਤਾਲੀ ਵਿਖੇ 1 ਜਨਵਰੀ 1935 ਨੂੰ ਪਿਤਾ ਗਿਆਨੀ ਚੰਨਣ ਸਿੰਘ ਅਤੇ ਮਾਤਾ ਆਸ ਕੌਰ ਦੇ ਘਰ ਹੋਇਆ। ਭਰਾ ਕੇਵਲ ਸਿੰਘ ਉਸ ਤੋਂ ਛੋਟਾ ਸੀ। ਦੇਸ਼ ਵੰਡ ਵੇਲੇ ਪਰਿਵਾਰ ਦੁੱਖ ਤਕਲੀਫ਼ਾਂ ਝੱਲਦਾ ਹੋਇਆ ਏਧਰਲੇ ਪੰਜਾਬ ਆ ਗਿਆ। ਏਧਰ ਪਹਿਲਾਂ ਜ਼ਿਲ੍ਹਾ ਜਲੰਧਰ ਦੇ ਪਿੰਡ ਨੂਰਪੁਰ ਵਿਖੇ ਟਿਕਾਣਾ ਕੀਤਾ। ਬਾਅਦ ਵਿੱਚ ਪਿੰਡ ਮੇਹਲੀ ਵਿਖੇ ਪੱਕੀ ਅਲਾਟਮੈਂਟ ਹੋਈ। ਅੱਜਕੱਲ੍ਹ ਇਹ ਪਿੰਡ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿਖੇ ਪੈਂਦਾ ਹੈ। ਅਜੇ ਪੂਰੀ ਤਰ੍ਹਾਂ ਸੰਭਲੇ ਵੀ ਨਹੀਂ ਸਨ ਕਿ ਪਿਤਾ ਦੀ ਮੌਤ ਹੋ ਗਈ। ਪਿਤਾ ਦੀ ਮੌਤ ਤੋਂ ਬਾਅਦ ਗ਼ਰੀਬੀ ਦੇ ਸਤਾਏ ਦੋਵੇਂ ਭਰਾ ਪਿੰਡ ਛੱਡ ਕੇ ਮਾਲਵੇ ਵਿੱਚ ਮੋਗੇ ਆ ਗਏ। ਇੱਥੇ ਡੇਰਾ ਬਾਬਾ ਮੱਲ ਸਿੰਘ ਵਿਖੇ ਰਹਿ ਕੇ ਸਿੱਖਿਆ ਪ੍ਰਾਪਤ ਕੀਤੀ। ਦੋਵੇਂ ਭਰਾ ਸਖ਼ਤ ਮਿਹਨਤ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਪਾਠੀ ਬਣ ਗਏ। ਇਸ ਦੇ ਨਾਲ ਨਾਲ ਇਨ੍ਹਾਂ ਨੇ ਤਿੰਨ ਚੀਜ਼ਾਂ ਨੂੰ ਮੁੱਖ ਤੌਰ ’ਤੇ ਸਿੱਖਣ ਦੇ ਯਤਨ ਕੀਤੇ-ਭਲਵਾਨੀ, ਭਗਤੀ ਤੇ ਸੰਗੀਤ। ਦੋਵਾਂ ਭਰਾਵਾਂ ਨੇ ਸੰਗੀਤ ਨੂੰ ਵੱਧ ਤਰਜੀਹ ਦਿੱਤੀ। ਚੰਗਾ ਪਾਠੀ ਬਣਨ ਤੋਂ ਬਾਅਦ ਸੰਤਾਂ ਨੇ ਬਿੱਕਰ ਸਿੰਘ ਨੂੰ ਉਚੇਰੀ ਪੜ੍ਹਾਈ ਲਈ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਛੱਡ ਆਂਦਾ। ਉੱਥੋਂ ਉਸ ਨੇ ਗਿਆਨੀ ਦੀ ਡਿਗਰੀ ਹਾਸਲ ਕੀਤੀ।
ਓਧਰ ਛੋਟੇ ਭਰਾ ਕੇਵਲ ਸਿੰਘ ਨੇ ਚੂਹੜਚੱਕ ਵਾਲੇ ਪ੍ਰਸਿੱਧ ਢਾਡੀ ਉਸਤਾਦ ਦਲੀਪ ਚੰਦ ਤੋਂ ਸਾਰੰਗੀ ਵਜਾਉਣ ਵਿੱਚ ਮੁਹਾਰਤ ਹਾਸਲ ਕੀਤੀ। ਬਿੱਕਰ ਸਿੰਘ ਨੇ ਪੜ੍ਹਾਈ ਪੂਰੀ ਕਰਕੇ ਆਪਣੇ ਭਰਾ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ। ਦੋਵੇਂ ਭਰਾਵਾਂ ਨੇ ਪੰਜ ਛੇ ਸਾਲ ਉਸਤਾਦ ਦਲੀਪ ਚੰਦ ਪਾਸੋਂ ਢਾਡੀ ਸੰਗੀਤ ਦੀ ਸਿੱਖਿਆ ਲਈ ਅਤੇ ਫਿਰ ਆਪਣਾ ਢਾਡੀ ਜਥਾ ਬਣਾ ਲਿਆ। ਮੋਗੇ ਤੋਂ ਦੋ ਸਾਥੀ ਬਖਤਾਵਰ ਸਿੰਘ ਤੇ ਸ਼ਿੰਗਾਰਾ ਸਿੰਘ ਨੂੰ ਢੱਡਾਂ ’ਤੇ ਲਾ ਕੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ। ਉਸਤਾਦ ਨੇ ਬਿੱਕਰ ਸਿੰਘ ਦੇ ਨਾਂ ਨਾਲ ‘ਪ੍ਰਦੇਸੀ’ ਤਖੱਲਸ ਜੋੜ ਕੇ ਬਿੱਕਰ ਸਿੰਘ ਪ੍ਰਦੇਸੀ ਬਣਾ ਦਿੱਤਾ ਅਤੇ ਕੇਵਲ ਸਿੰਘ ਨੂੰ ਕੇਵਲ ਸਿੰਘ ਕੰਵਲ। ਇਸ ਤਰ੍ਹਾਂ ਸਖ਼ਤ ਮਿਹਨਤ ਸਦਕਾ ਜਲਦੀ ਹੀ ਢਾਡੀ ਸੰਗੀਤ ਦੇ ਖੇਤਰ ਵਿੱਚ ‘ਬਿੱਕਰ ਸਿੰਘ ਪ੍ਰਦੇਸੀ ਤੇ ਕੇਵਲ ਸਿੰਘ ਕੰਵਲ ਨੂਰਪੁਰ ਵਾਲਾ ਢਾਡੀ ਜਥਾ’ ਵਜੋਂ ਪਛਾਣ ਬਣ ਗਈ।
ਜਦੋਂ 1956-57 ਵਿੱਚ ਇਸ ਜਥੇ ਦੀ ਪਹਿਲੀ ਰਿਕਾਰਡਿੰਗ ਹੋ ਕੇ ਤਵਾ ਮਾਰਕੀਟ ਵਿੱਚ ਆਇਆ ਤਾਂ ਇਲਾਕੇ ਵਿੱਚ ਇਨ੍ਹਾਂ ਦੀ ਬੱਲੇ ਬੱਲੇ ਹੋ ਗਈ। ਇਸ ਤੋਂ ਬਾਅਦ ਪ੍ਰੋਗਰਾਮਾਂ ਦਾ ਕੋਈ ਅੰਤ ਨਾ ਰਿਹਾ। ਪ੍ਰੋਗਰਾਮਾਂ ਦੇ ਨਾਲ ਰਿਕਾਰਡਿੰਗ ਦਾ ਸਿਲਸਿਲਾ ਵੀ ਚੱਲਦਾ ਰਿਹਾ। ਪੰਜਾਬ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰੋਗਰਾਮ ਕੀਤੇ।
‘ਪ੍ਰਦੇਸੀ’ ਹੁਰਾਂ ਦੀ ਪਹਿਲੀ ਰਿਕਾਰਡਿੰਗ ਸੰਸਾਰ ਪ੍ਰਸਿੱਧ ਕੰਪਨੀ ਐੱਚ.ਐੱਮ.ਵੀ. ਵਿੱਚ 1956-57 ਦੇ ਲਗਭਗ ਹੋਈ। ਤਵੇ ਦਾ ਨੰਬਰ ਐਨ-94109 ਹੈ ਜੋ ਹੀਰ ਦੀ ਗਾਥਾ ਨਾਲ ਸਬੰਧਿਤ ਹੈ। ਇਸ ਤੋਂ ਬਾਅਦ ‘ਮਿਰਜ਼ਾ’ ਅਤੇ ‘ਪੂਰਨ’ ਦੀਆਂ ਗਾਥਾਵਾਂ ਨਾਲ ਸਬੰਧਿਤ ਤਵੇ ਮਿਲਦੇ ਹਨ। ਤਵਿਆਂ ਦੇ ਮੁੱਖੜੇ ਹਨ:
ਕਿਤੇ ਹੀਰ ਨਜ਼ਰ ਨਾ ਆਵੇ
ਹੱਡਾਂ ਨੂੰ ਖਾ ਜਾਂਦਾ ਯਾਰੋ
ਹੁਸਨ ਤੇਰੇ ਦਾ ਸੂਰਜ ਸਾਹਿਬਾਂ, ਅੱਜ ਸਿਖਰਾਂ ’ਤੇ ਆਇਆ
ਕੱਢ ਕਲੇਜਾ ਲੈ ਗਈ ਖੀਵੇ ਖਾਨ ਦੀ ਧੀ।
ਲੂਣਾ ਕਹਿੰਦੀ ਪੂਰਨਾ ਹੋ ਨੇੜੇ ਆ ਕੇ।
ਪੂਰਨ ਮੁੱਖ ਤੋਂ ਬੋਲਦਾ ਨਾ ਮਾਤਾ ਕਹਿਰ ਕਮਾ।
ਸੱਤਵੇਂ ਦਹਾਕੇ ਵਿੱਚ ਇਨ੍ਹਾਂ ਨੇ ਲੋਕ ਗਾਥਾਵਾਂ ਰਿਕਾਰਡ ਕਰਾਉਣ ਤੋਂ ਪਾਸਾ ਵੱਟ ਲਿਆ ਅਤੇ ਆਪਣੇ ਆਪ ਨੂੰ ਨਿਰੋਲ ਧਾਰਮਿਕ ਗਾਇਕੀ ’ਤੇ ਕੇਂਦਰਿਤ ਕਰ ਲਿਆ। ਇਸ ਤੋਂ ਬਾਅਦ ਇਨ੍ਹਾਂ ਦੀ ਜੋ ਵੀ ਰਿਕਾਰਡਿੰਗ ਹੋਈ ਉਹ ਸਾਰੀ ਧਾਰਮਿਕ ਹੈ। ਇਨ੍ਹਾਂ ਵਿੱਚ ਈ.ਪੀ. ਅਤੇ ਐੱਲ.ਪੀ. ਤਵੇ ਹਨ। ਇਨ੍ਹਾਂ ਦੀ ਗਿਣਤੀ ਕਾਫ਼ੀ ਹੈ। ਕੁਝ ਨਿਰੋਲ ਇਨ੍ਹਾਂ ਦੀ ਆਪਣੀ ਪਾਰਟੀ ਦੇ ਨਾਂ ਹੇਠ ਹਨ ਅਤੇ ਕੁਝ ਦੂਜੇ ਢਾਡੀਆਂ ਨਾਲ ਸਾਂਝੇ ਐੱਲ.ਪੀ. ਹਨ। ਇਨ੍ਹਾਂ ਵਿੱਚ ਕੁਝ ਰਚਨਾਵਾਂ ਦੇ ਮੁਖੜੇ ਹਨ:
ਗੁਰੂ ਨਾਨਕ ਪੀਰਾਂ ਦਾ ਪੀਰ ਆ ਗਿਆ, ਸੁਣ ਕੇ ਪੁਕਾਰ ਜੱਗ ਦੀ।
ਫੁੱਲਾਂ ਜਿਹੇ ਸੋਹਲ ਮੁੱਖ ’ਤੇ ਕੀਤੀ ਕਾਲੇ ਨਾਗ ਨੇ ਛਾਇਆ।
ਸੋਮਾ ਸ਼ਾਂਤੀ ਵਾਲੜਾ, ਸ਼ੀਤਲ ਨਰਮ ਸੁਭਾਅ। ਦਰ ਉਹਦੇ ’ਤੇ ਝੁਕਦੀਆਂ, ਕਈ ਤਕਦੀਰਾਂ ਆ।
ਲੱਖ ਵਾਰ ਮੈਂ ਸਦਕੜੇ ਜਾਵਾਂ, ਤੀਰਾਂ ’ਤੇ ਕਮਾਨਾਂ ਵਾਲਿਆ।
ਮਾਛੀਵਾੜਿਓਂ ਤੁਰੇ ਮੇਰੇ ਸ਼ਹਿਨਸ਼ਾਹ, ਝੱਲ ਕੇ ਦੁਖੜੇ ਬੇ ਹਿਸਾਬ ਦੇ।
ਪਿਤਾ ਹੱਸ ਹੱਸ ਜੰਗ ਵੱਲ ਤੋਰਦਾ, ਹੱਥੀਂ ਲਾਲਾਂ ਤਾਈਂ ਸ਼ਿੰਗਾਰ ਕੇ।
ਤਵਿਆਂ ਤੋਂ ਬਾਅਦ ਕੈਸੇਟ ਯੁੱਗ ਵਿੱਚ ਉਨ੍ਹਾਂ ਨੇ ਕਈ ਕੈਸੇਟਾਂ ਵੀ ਰਿਕਾਰਡ ਕਰਵਾਈਆਂ। ਇਨ੍ਹਾਂ ਵਿੱਚ ‘ਸਿੰਘ ਨੱਚਿਆ ਚਰਖੀ ’ਤੇ’, ‘ਸਿੱਖ ਬਾਗ ਦੇ ਫੁੱਲ’, ‘ਨਿੱਤ ਡੁੱਲ੍ਹਦਾ ਖੂਨ ਸ਼ਹੀਦਾਂ ਦਾ’, ‘ਪੰਥ ਦਾ ਪਿਆਰ’, ‘ਕੇਸਰੀ ਨਿਸ਼ਾਨ ਦਰਦੀ’, ‘ਦਲੇਰ ਖਾਲਸਾ’, ‘ਯੋਧੇ ਚਮਕੌਰ ਦੇ’ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਦੇ ਬਹੁਤ ਸਾਰੇ ਪ੍ਰਸੰਗ ਪੁਸਤਕ ਰੂਪ ਵਿੱਚ ਵੀ ਛਪੇ ਜਿਵੇਂ ‘ਤਲਵਾਰਾਂ ਦੇ ਆਸ਼ਕ’, ‘ਕਮਲ ਗੁਲਦਸਤਾ’, ‘ਭਾਂਤ ਭਾਂਤ ਦੇ ਫੁੱਲ’, ‘ਤੀਰਾਂ ਤੇ ਕਮਾਨਾਂ ਵਾਲਿਆ’, ‘ਆਨੰਦਪੁਰ ਦਾ ਵਾਸੀ’, ‘ਪ੍ਰਦੇਸੀ ਦੇ ਗੀਤ’, ‘ਗੁਰਾਂ ਦੇ ਗੀਤ’, ‘ਨੂਰਪੁਰੀ ਦੇ ਗੀਤ’ ਅਤੇ ਨਾਵਲ ‘ਸਬਰ ਦਾ ਘੁੱਟ’ ਪ੍ਰਮੁੱਖ ਹਨ।
ਸੰਗੀਤ ਅਤੇ ਸਾਹਿਤਕ ਖੇਤਰ ਤੋਂ ਇਲਾਵਾ ਪ੍ਰਦੇਸੀ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਉਸ ਨੇ ਅਕਾਲੀ ਦਲ ਵੱਲੋਂ ਵੱਖ ਵੱਖ ਸਮੇਂ ’ਤੇ ਲਾਏ ਗਏ ਮੋਰਚਿਆਂ ਵਿੱਚ ਜੇਲ੍ਹ ਯਾਤਰਾ ਵੀ ਕੀਤੀ। ਪੰਜਾਬ ਅਤੇ ਭਾਰਤ ਦੇ ਵੱਡੇ ਸ਼ਹਿਰਾਂ ਤੋਂ ਇਲਾਵਾ ਪ੍ਰਦੇਸੀ ਨੇ ਆਪਣੇ ਜਥੇ ਨਾਲ ਵਿਦੇਸ਼ਾਂ ਵਿੱਚ ਵੀ ਧੂੰਮਾਂ ਪਾਈਆਂ। ਉਹ 1983 ਤੇ 1985 ਵਿੱਚ ਇੰਗਲੈਂਡ ਗਿਆ। 1986, 1989 ਅਤੇ 1997 ਵਿੱਚ ਤਿੰਨ ਵਾਰ ਅਮਰੀਕਾ ਅਤੇ 2000 ਵਿੱਚ ਕੈਨੇਡਾ ਦਾ ਟੂਰ ਲਾਇਆ। ਸਮੇਂ ਸਮੇਂ ’ਤੇ ਬਿੱਕਰ ਸਿੰਘ ਪ੍ਰਦੇਸੀ ਦੇ ਜਥੇ ਵਿੱਚ ਸਾਥੀ ਆਉਂਦੇ ਤੇ ਜਾਂਦੇ ਰਹੇ। ਸਾਰੰਗੀ ਮਾਸਟਰ ਭਰਾ ਕੇਵਲ ਸਿੰਘ ਕੰਵਲ ਨੇ ਆਖਰੀ ਸਮੇਂ ਤੱਕ ਸਾਥ ਨਿਭਾਇਆ। ਇਸ ਤੋਂ ਇਲਾਵਾ ਬਖਸ਼ੀਸ਼ ਸਿੰਘ ਲੱਖਪੁਰੀ, ਮਲਕੀਤ ਸਿੰਘ ਮਜਾਰੀ, ਅਜੀਤ ਸਿੰਘ ਜੀਦੋਵਾਲ, ਉਜਾਗਰ ਸਿੰਘ, ਕਰਨੈਲ ਸਿੰਘ, ਸਤਨਾਮ ਸਿੰਘ ਭਾਰਦਵਾਜੀਆ, ਅਮਰਦੀਪ ਸਿੰਘ ਬੈਨਾਪੁਰੀ, ਸੁਰਿੰਦਰ ਸਿੰਘ ਕਲੇਰ ਆਦਿ ਸਾਥ ਦਿੰਦੇ ਰਹੇ।
ਬਿੱਕਰ ਸਿੰਘ ਪ੍ਰਦੇਸੀ ਨੇ ਪੰਜ ਦਹਾਕਿਆਂ ਤੋਂ ਵੀ ਵੱਧ ਢਾਡੀ ਕਲਾ ਦੀ ਪ੍ਰਫੁੱਲਤਾ ਲਈ ਯੋਗਦਾਨ ਪਾਇਆ। ਇਸ ਦੇ ਇਵਜ਼ ਵਜੋਂ ਬਹੁਤ ਸਾਰੀਆਂ ਸੰਸਥਾਵਾਂ ਨੇ ਉਸ ਦੀ ਕਲਾ ਦਾ ਮੁੱਲ ਵੀ ਪਾਇਆ। 1957 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੋਲਡ ਮੈਡਲ ਦਿੱਤਾ ਗਿਆ। ਇੰਗਲੈਂਡ ਵਿਖੇ 1983 ਵਿੱਚ ਸਰਵੋਤਮ ਢਾਡੀ ਐਵਾਰਡ ਦਿੱਤਾ ਗਿਆ। ਗੁਰਦੁਆਰਾ ਗੁਰੂ ਅਰਜਨ ਦੇਵ ਡਰਬੀ ਵੱਲੋਂ ਗੋਲਡ ਮੈਡਲ ਦਿੱਤਾ ਗਿਆ, ਢਾਡੀ ਦੀਦਾਰ ਸਿੰਘ ਰਟੈਂਡਾ ਐਵਾਰਡ 1994, ਜਾਗਰਤੀ ਕਲਾ ਕੇਂਦਰ ਔੜ ਵੱਲੋਂ ਸਨਮਾਨ, ਭਾਈ ਤਾਰੂ ਸਿੰਘ ਐਵਾਰਡ ਚੰਡੀਗੜ੍ਹ ਵਿਖੇ ਦਿੱਤਾ ਗਿਆ।
ਉਨ੍ਹਾਂ ਦਾ ਤਿੰਨ ਪੁੱਤਰਾਂ ਵਿੱਚੋਂ ਇੱਕ ਪੁੱਤਰ ਸੁਰਿੰਦਰ ਸਿੰਘ ਕਲੇਰ ਢਾਡੀ ਸੰਗੀਤ ਨਾਲ ਜੁੜਿਆ ਹੋਇਆ ਹੈ। ਸਮੇਂ ਦੇ ਨਾਲ ਨਾਲ ਪ੍ਰਦੇਸੀ ’ਤੇ ਗੁਰਬਾਣੀ ਦਾ ਅਸਰ ਡੂੰਘਾ ਹੁੰਦਾ ਗਿਆ। ਘਰ ਪਰਿਵਾਰ ਨਾਲੋਂ ਉਹਦਾ ਮੋਹ ਘਟਦਾ ਗਿਆ। ਹੌਲੀ ਹੌਲੀ ਉਹ ਸੰਸਾਰਕ ਬੰਧਨਾਂ ਤੋਂ ਮੁਕਤ ਹੋ ਕੇ ਗੁਰੂ ਘਰਾਂ ਵਿੱਚ ਸੇਵਾ ਨਿਭਾਉਣ ਲੱਗ ਪਿਆ। ਅੱਜਕੱਲ੍ਹ ਉਹ ਡੇਰਾ ਹਰਖੋਵਾਲ ਦੇ ਮਹਾਂਪੁਰਸ਼ਾਂ ਕੋਲ ਬਹੁਤਾ ਸਮਾਂ ਬਿਤਾਉਂਦਾ ਹੈ।
ਸੰਪਰਕ: 84271-00341