ਮੁੰਬਈ: ਫ਼ਿਲਮ ‘ਜੀਆ ਔਰ ਜੀਆ’ ਰਾਹੀਂ ਸਾਲ 2017 ਵਿੱਚ ਸਿਨੇ ਜਗਤ ਵਿੱਚ ਪੈਰ ਧਰਨ ਵਾਲੇ ਅਦਾਕਾਰ ਅਰਸਲਾਨ ਗੋਨੀ ਨੂੰ ਫਿਲਮੀ ਕਹਾਣੀਆਂ ਲਿਖਣਾ ਦਾ ਵੀ ਸ਼ੌਕ ਹੈ। ਉਸ ਨੇ ਕਰੋਨਾ ਮਹਾਮਾਰੀ ਕਾਰਨ ਲੱਗੀ ਤਾਲਾਬੰਦੀ ਦੌਰਾਨ ਕੁਝ ਫਿਲਮਾਂ ਦੀਆਂ ਕਹਾਣੀਆਂ ਲਿਖੀਆਂ ਹਨ। ਉਸ ਨੇ ਫ਼ਿਲਮੀ ਕਹਾਣੀਆਂ ਅਤੇ ਕਰੋਨਾ ਕਾਰਨ ਪ੍ਰਭਾਵਿਤ ਹੋਣ ਸਬੰਧੀ ਗੱਲਬਾਤ ਕੀਤੀ ਹੈ। ਅਦਾਕਾਰ ਨੇ ਆਖਿਆ, ‘ਮੈਨੂੰ ਅਹਿਸਾਸ ਹੋਇਆ ਕਿ ਮੇਰੇ ਵਿੱਚ ਚੰਗੇ-ਮਾੜੇ ਦੀ ਪਛਾਣ ਕਰਨ ਦੀ ਸੂਝ ਹੈ। ਇਸ ਲਈ ਮੈਂ ਕਹਾਣੀਆਂ ਲਿਖ ਰਿਹਾ ਹਾਂ। ਮੈਂ ਇੱਕ ਰੋਮਾਂਟਿਕ ਕਾਮੇਡੀ ਅਤੇ ਇੱਕ ਰੋਮਾਂਚਕ ਦੀ ਕਹਾਣੀ ਲਿਖੀ ਹੈ। ਹਾਲਾਂਕਿ ਮੈਂ ਲਿਖਣ ਬਾਰੇ ਕੋਈ ਸਿਖਲਾਈ ਨਹੀਂ ਲਈ ਪਰ ਕਹਾਣੀ ਬਿਆਨ ਕਰਨ ਦਾ ਮੇਰਾ ਆਪਣਾ ਅੰਦਾਜ਼ ਹੈ। ਮੇਰੀਆਂ ਲਿਖੀਆਂ ਦੋਵੇਂ ਕਹਾਣੀਆਂ ਵਿਕ ਚੁੱਕੀਆਂ ਹਨ ਅਤੇ ਹੁਣ ਮੈਂ ਹੋਰ ਕਹਾਣੀਆਂ ਲਿਖ ਰਿਹਾ ਹਾਂ।’ ਅਰਸਲਾਨ ਨੇ ਕਿਹਾ, ‘ਕਰੋਨਾ ਕਾਰਨ ਫਿਲਮ ਜਗਤ ਵਿੱਚ ਕੁਝ ਸਮੇਂ ਲਈ ਖੜੋਤ ਆਈ, ਜਿਸ ਕਾਰਨ ਮੇਰੇ ਕੰਮ ਵਿੱਚ ਵੀ ਦੇਰੀ ਹੋਈ ਹੈ, ਪਰ ਹੁਣ ਮੈਂ ਇੱਕ ਪ੍ਰਾਜੈਕਟ ’ਤੇ ਕੰਮ ਕਰ ਰਿਹਾ ਹਾਂ, ਜਿਸ ਬਾਰੇ ਹਾਲੇ ਮੈਂ ਕੁਝ ਵੀ ਦੱਸ ਨਹੀਂ ਸਕਦਾ। ਹਾਲਾਤ ’ਚ ਹੁਣ ਸੁਧਾਰ ਹੋ ਰਿਹਾ ਹੈ।’ ਅਦਾਕਾਰੀ ਬਾਰੇ ਗੱਲ ਕਦਿਆਂ ਅਰਸਲਾਨ ਨੇ ਦੱਸਿਆ ਕਿ ਉਹ ਅਜਿਹੇ ਕਿਰਦਾਰ ਕਰਨਾ ਚਾਹੁੰਦਾ ਹੈ, ਜੋ ਕਹਾਣੀ ਵਿੱਚ ਜਾਨ ਪਾਉਣ ਵਾਲੇ ਹੋਣ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਦਾਕਾਰ ਨੂੰ ਵੈੱਬਸੀਰੀਜ਼ ‘ਮੈਂ ਹੀਰੋ ਬੋਲ ਰਹਾ ਹੂੰ’ ਵਿੱਚ ਦੇਖਿਆ ਗਿਆ ਸੀ। ਜਿਸ ਵਿੱਚ ਉਸ ਦੇ ਕੰਮ ਦੀ ਕਾਫੀ ਸ਼ਲਾਘਾ ਹੋਈ ਹੈ। -ਆਈਏਐੱਨਐੱਸ