ਸੁਰਜੀਤ ਜੱਸਲ
ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ ਨੂੰ ਪੰਜਾਬੀ ਦਰਸ਼ਕਾਂ ਦਾ ਹਮੇਸ਼ਾਂ ਪਿਆਰ ਮਿਲਿਆ ਹੈ। ਤਕਰੀਬਨ ਇੱਕ ਸਾਲ ਦੇ ਵਕਫ਼ੇ ਮਗਰੋਂ ਇਸ ਜੋੜੀ ਨੇ ਫਿਲਮ ‘ਸ਼ੇਰ ਬੱਗਾ’ ਨਾਲ ਪੰਜਾਬੀ ਸਿਨਮਾ ਦੇ ਵਿਹੜੇ ਮੁੜ ਦਸਤਕ ਦਿੱਤੀ ਹੈ। ਬਹੁਤੀਆਂ ਫਿਲਮਾਂ ਵਿੱਚ ਐਮੀ ਵਿਰਕ ਨੂੰ ਦਰਸ਼ਕਾਂ ਨੇ ਚੁਲਬੁਲੇ, ਤੇਜ਼ ਤਰਾਰ ਕਿਰਦਾਰਾਂ ਵਿੱਚ ਵੇਖਿਆ ਹੈ, ਪਰ ਇਸ ਫਿਲਮ ਵਿੱਚ ਉਹ ਅਲੱਗ ਨਜ਼ਰ ਆ ਰਿਹਾ ਹੈ। ਫਿਲਮ ਦੀ ਕਹਾਣੀ ਮੋਹ ਮੁਹੱਬਤ ਤੋਂ ਉੱਪਰ ਉੱਠ ਕੇ ਖੂਨ ਦੇ ਰਿਸ਼ਤਿਆਂ ਨੂੰ ਅਹਿਮੀਅਤ ਦਿੰਦੀ ਭਾਵੁਕਤਾ ਤੇ ਪਿਆਰ ਵਿੱਚ ਭਿੱਜੀ ਹੋਈ ਹੈ।
ਫਿਲਮ ਦੀ ਕਹਾਣੀ ਬਹੁਤੀ ਵਿਦੇਸ਼ੀ ਮਾਹੌਲ ਵਿੱਚ ਹੈ ਜਿੱਥੇ ਪੰਜਾਬ ਦੇ ਪਿੰਡ ਤੋਂ ਵਿਦੇਸ਼ ਗਿਆ ਸਿੱਧਾ ਸਾਦਾ ਮੁੰਡਾ ਗੋਰੀਆਂ ਦੇ ਸੁਪਨੇ ਲੈਂਦਾ-ਲੈਂਦਾ ਅਜਿਹੀ ਹਕੀਕਤ ਨਾਲ ਮੱਥਾ ਲਾ ਬਹਿੰਦਾ ਹੈ ਕਿ ‘ਅਗਲੀ’ ਆਂਡੇ ਵੇਚਣ ਲਾ ਦਿੰਦੀ ਹੈ। ਕਹਾਣੀ ਦੇ ਵਿਸਥਾਰ ਦੀ ਗੱਲ ਕਰੀਏ ਤਾਂ ਇਸ ਦਾ ਵਿਸ਼ਾ ਪੰਜਾਬ ਤੋਂ ਵਿਦੇਸ਼ ਗਏ ਨੌਜਵਾਨ ਨਾਲ ਜੁੜਿਆ ਹੋਇਆ ਹੈ। ਜਿਸ ਵਿੱਚ ਐਮੀ ਵਿਰਕ ਬਹੁਤ ਹੀ ਭੋਲਾ-ਭਾਲਾ, ਸਾਫ਼ ਦਿਲ ਵਿਖਾਇਆ ਗਿਆ ਹੈ। ਪਿੰਡੋਂ ਵਿਦੇਸ਼ ਆ ਕੇ ਵੀ ਉਸ ਨੂੰ ਬਾਹਰਲੀ ‘ਹਵਾ’ ਨਹੀਂ ਲੱਗਦੀ। ਇਸੇ ਭੋਲੇਪਣ ਕਰਕੇ ਉਸ ਦੀ ਜ਼ਿੰਦਗੀ ਵਿੱਚ ਸੋਨਮ ਬਾਜਵਾ ਆਉਂਦੀ ਹੈ ਜਿਸ ਨਾਲ ਫਿਲਮ ਦੀ ਕਹਾਣੀ ਨਵੇਂ ਮੋੜ ਲੈਂਦੀ ਹੋਈ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੀ ਹੈ। ਪਿੰਡ ਦੇ ਹਾਣੀ ਮੁੰਡੇ ਉਸ ਦੇ ਭੋਲੇਪਣ ਦਾ ਅਕਸਰ ਮਜ਼ਾਕ ਉਡਾਉਂਦੇ ਰਹਿੰਦੇ ਸੀ, ਇਸੇ ਕਰਕੇ ਉਹ ਵੱਖ-ਵੱਖ ਵਿਦੇਸ਼ੀ ਕੁੜੀਆਂ ਨਾਲ ਫੋਟੋਆਂ ਖਿਚਵਾ ਕੇ ਪਿੰਡ ਦੇ ਹਾਣੀਆਂ ਵਿੱਚ ਨੰਬਰ ਬਣਾਉਣ ਲਈ ਭੇਜਦਾ ਹੈ, ਪਰ ਇਸ ਚੱਕਰ ’ਚ ਪੈ ਕੇ ਉਸ ਦੀ ਜ਼ਿੰਦਗੀ ਹੋਰ ਹਾਸੇ ਦਾ ਤਮਾਸ਼ਾ ਬਣ ਜਾਂਦੀ ਹੈ ਜਦ ਸੋਨਮ ਬਾਜਵਾ ਗਰਭਵਤੀ ਹੋ ਜਾਂਦੀ ਹੈ, ਪਰ ਉਹ ਬੱਚਾ ਰੱਖਣਾ ਨਹੀਂ ਚਾਹੁੰਦੀ, ਜਦੋਂਕਿ ਐਮੀ ਆਪਣੇ ‘ਸ਼ੇਰ ਬੱਗੇ’ ਨੂੰ ਦੁਨੀਆ ਵਿਖਾਉਣੀ ਚਾਹੁੰਦਾ ਹੈ।
ਅਖੀਰ ਇੱਕ ਸਮਝੌਤੇ ਤਹਿਤ ਉਹ ਸਹਿਮਤ ਹੋ ਜਾਂਦੀ ਹੈ। ਐਮੀ ਆਪਣੇ ਭੋਲੇ ਮਾਪਿਆਂ ਤੋਂ ‘ਆਂਡਿਆਂ’ ਦਾ ਵਪਾਰ ਕਰਨ ਬਹਾਨੇ ਪੈਸੇ ਮੰਗਵਾਉਂਦਾ ਹੈ, ਪਰ ਅਸਲ ਕਹਾਣੀ ਨਹੀਂ ਦੱਸਦਾ। ਐਮੀ ਅਤੇ ਸੋਨਮ ਵੱਖ-ਵੱਖ ਘਰਾਂ ਵਿੱਚ ਰਹਿਣ ਦਾ ਫੈਸਲਾ ਕਰਦੇ ਹਨ ਅਤੇ ਬੱਚਾ ਐਮੀ ਦੇ ਘਰ ਜਾਵੇਗਾ। ਹੁਣ ਦਰਸ਼ਕ ਅੰਦਾਜ਼ਾ ਲਾਉਂਦਾ ਹੈ ਕਿ 9 ਮਹੀਨਿਆਂ ਦੇ ਸਮੇਂ ਦੌਰਾਨ, ਐਮੀ ਅਤੇ ਸੋਨਮ ਆਪਣੇ ਕੀਤੇ ਵਾਅਦੇ ਨੂੰ ਨਿਭਾ ਸਕਣਗੇ ਜਾਂ ਜਨਮ ਲੈਣ ਵਾਲਾ ਬੱਚਾ ‘ਸ਼ੇਰ ਬੱਗਾ’ ਆਪਣੇ ਮੋਹ ਨਾਲ ਉਨ੍ਹਾਂ ਦੀਆਂ ਦੂਰੀਆਂ ਮਿਟਾ ਦੇਵੇਗਾ?
‘ਕਿਸਮਤ’ ‘ਛੜਾ’ ਤੇ ‘ਸੁਪਨਾ’ ਫਿਲਮਾਂ ਦੇ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਨੇ ‘ਸ਼ੇਰ ਬੱਗਾ’ ਨੂੰ ਬਹੁਤ ਹੀ ਖੂਬਸੂਰਤੀ ਨਾਲ ਲਿਖਿਆ ਤੇ ਨਿਰਦੇਸ਼ਿਤ ਕੀਤਾ ਹੈ। ਫਿਲਮ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਦੀਪ ਸਹਿਗਲ, ਨਿਰਮਲ ਰਿਸ਼ੀ, ਕਾਕਾ ਕੌਤਕੀ, ਬਨਿੰਦਰ ਬੰਨੀ, ਜਸਨੀਤ ਕੌਰ, ਰੂਪ ਖਟਕੜ ਤੇ ਗੁਰਦਿਆਲ ਸਿੰਘ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਨਿਰਮਾਤਾ ਦਲਜੀਤ ਥਿੰਦ ਤੇ ਐਮੀ ਵਿਰਕ ਹਨ। ਗੀਤ ਹੈਪੀ ਰਾਏਕੋਟੀ, ਸ਼ੇਰਾ ਧਾਲੀਵਾਲ, ਕਿਰਨ ਰਾਜ ਫਤਿਹਪੁਰੀ ਤੇ ਫਰਮਾਨ ਨੇ ਲਿਖੇ ਹਨ। ਰਿਸ਼ਤਿਆਂ ਦੀ ਸਾਂਝ ਦਰਸਾਉਂਦੀ ਇਹ ਫਿਲਮ ਪਰਿਵਾਰਕ ਕਾਮੇਡੀ ਦਾ ਮਨੋਰੰਜਨ ਭਰਿਆ ਸੁਮੇਲ ਹੈ।