ਲਾਜਵੰਤ ਸਿੰਘ
ਨਵਾਂਸ਼ਹਿਰ 16 ਮਈ
ਇੱਥੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਭਾਜਪਾ ਹਰਾਓ ਭਾਜਪਾ ਭਜਾਓ ਨਾਅਰੇ ਨੂੰ ਲਾਗੂ ਕਰਨ ਲਈ ਕਿਸਾਨ ਜਾਗਰੂਕਤਾ ਕਨਵੈਨਸ਼ਨ ਕੀਤੀ ਗਈ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਅਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਭਾਜਪਾ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਅਤੇ ਭਜਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਭਾਜਪਾ ਹਿੰਦੂ ਰਾਸ਼ਟਰ ਬਣਾਉਣ ਵਰਗੇ ਖਤਰਨਾਕ ਏਜੰਡੇ ’ਤੇ ਕੰਮ ਕਰ ਰਹੀ ਹੈ ਅਤੇ ਦੂਜਾ ਏਜੰਡਾ ਸਮੁੱਚੇ ਦੇਸ਼ ਨੂੰ ਕਾਰਪੋਰੇਟਾਂ ਹਵਾਲੇ ਕਰਨਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਜਪਾ ਨੇ ਕਾਰਪੋਰੇਟਾਂ ਦੇ 16 ਲੱਖ ਕਰੋੜ ਤੋਂ ਵਧ ਦੇ ਕਰਜ਼ੇ ਮੁਆਫ ਕੀਤੇ ਹਨ ਜਦ ਕਿ ਮਹਿੰਗਾਈ, ਬੇਰੁਜਗਾਰੀ ਛਾਲਾਂ ਮਾਰ ਕੇ ਵਧੀ ਹੈ, ਆਮ ਆਦਮੀ ਦਾ ਕਚੂਮਰ ਨਿਕਲਿਆ ਪਿਆ ਹੈ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਜਿਸ ਤਰ੍ਹਾਂ ਭਾਜਪਾ ਨੇ ਕਿਸਾਨਾਂ ਨੂੰ ਰਾਜਧਾਨੀ ਵਿੱਚ ਵੜਨ ਨਹੀਂ ਦਿੱਤਾ, ਐਮ.ਐਸ.ਪੀ ਦੇਣ ਵਰਗੇ ਵਾਅਦੇ ਪੂਰੇ ਨਹੀਂ ਕੀਤੇ ਅਤੇ ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦੇ ਬਜਾਏ ਟਿਕਟਾਂ ਦੇ ਕੇ ਸਨਮਾਨਤ ਕੀਤਾ, ਇਸੇ ਤਰ੍ਹਾਂ ਉਨ੍ਹਾਂ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਵੜਨ ਨਾ ਦਿੱਤਾ ਜਾਵੇ। ਕਨਵੈਨਸ਼ਨ ਤੋਂ ਬਾਅਦ ਔੜ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ।
ਇਸ ਮੌਕੇ ਇਕੱਠ ਨੂੰ ਇਲਾਕਾ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ, ਬੂਟਾ ਸਿੰਘ, ਕ੍ਰਿਸ਼ਨ ਬੇਗੋਵਾਲ ਤੇ ਰਾਜਕੁਮਾਰ ਔੜ ਨੇ ਵੀ ਸੰਬੋਧਨ ਕੀਤਾ।