ਤਰਸੇਮ ਲੰਡੇ
ਘਰ ਇੱਟਾਂ ਜਾਂ ਪੱਥਰਾਂ ਦਾ ਨਹੀਂ ਹੁੰਦਾ। ਘਰ ਤਾਂ ਮੋਹ-ਪਿਆਰ ਅਤੇ ਆਪਸੀ ਸਾਂਝ ਦਾ ਬਣਿਆ ਹੋਇਆ ਹੁੰਦਾ ਹੈ। ਤੁਸੀਂ ਬਹੁਤ ਸਾਰੇ ਸੰਗਮਰਮਰ ਨਾਲ ਜੜੇ ਘਰ ਵੀ ਟੁੱਟਦੇ ਦੇਖੇ ਹੋਣਗੇ। ਦੂਜੇ ਪਾਸੇ ਕੱਖਾਂ-ਕਾਨਿਆਂ ਦੀਆਂ ਕੁੱਲੀਆਂ ਵਿੱਚੋਂ ਮੋਹ-ਮੁਹੱਬਤ, ਪਿਆਰ- ਖੁਸ਼ੀਆਂ ਝਲਕਾਰੇ ਮਾਰਦਾ ਵੀ ਦੇਖਿਆ ਹੋਵੇਗਾ। ਅਸਲ ਵਿੱਚ ਮਕਾਨ ਧਨ ਨਾਲ ਬਣਦਾ ਹੈ। ਜਦੋਂਕਿ ਘਰ ਪਿਆਰ ਨਾਲ ਬਣਦਾ ਹੈ। ਇਹ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਪਰਿਵਾਰ ਦਾ ਹਰ ਜੀਅ ਘਰ ਜੋੜਨ ਵਿੱਚ ਆਪਣਾ ਪ੍ਰਭਾਵਸ਼ਾਲੀ ਯੋਗਦਾਨ ਪਾਉਂਦਾ ਹੈ। ਛੋਟੇ ਜੀਅ ਵੱਡਿਆਂ ਦਾ ਆਦਰ ਸਤਿਕਾਰ ਕਰਦੇ ਹਨ। ਵਡੇਰੇ ਛੋਟਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ। ਜਿੱਥੇ ਆਪਸੀ ਕੰਮ ਵੰਡੇ ਨਹੀਂ ਜਾਂਦੇ। ਕੰਮਾਂ ਨੂੰ ਬੋਝ ਨਹੀਂ ਸਮਝਿਆ ਜਾਂਦਾ। ਸਗੋਂ ਹਰ ਮੈਂਬਰ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਦਾ ਹੈ। ਹਰ ਮੈਂਬਰ ਵੱਲੋਂ ਕੰਮ ਲਈ ਹੱਥ ਕੱਢੇ ਜਾਂਦੇ ਹਨ। ਅਜਿਹੇ ਘਰ ਵਿੱਚ ਆਪਸੀ ਕੁੜ ਕੁੜ ਨਹੀਂ ਹੁੰਦੀ। ਸਗੋਂ ਖੁਸ਼ੀ ਤੇ ਤਸੱਲੀ ਹੁੰਦੀ ਹੈ। ਇਨ੍ਹਾਂ ਹੱਥਾਂ ਵਿੱਚ ਆਮ ਹੱਥਾਂ ਨਾਲੋਂ ਕਿਤੇ ਵਧੇਰੇ ਬਰਕਤ ਹੁੰਦੀ ਹੈ, ਜਿਨ੍ਹਾਂ ਵਿੱਚ ਕਮਾਈ ਦੁੱਗਣੀ ਕਰਨ ਦੀ ਹਿੰਮਤ ਹੁੰਦੀ ਹੈ। ਅਜਿਹੇ ਘਰਾਂ ਵਿੱਚ ਪਰਦੇ ਨਹੀਂ ਰੱਖੇ ਜਾਂਦੇ, ਸਗੋਂ ਫੈਸਲੇ ਵੀ ਸਿਰ ਜੋੜ ਕੇ ਲਏ ਜਾਂਦੇ ਹਨ। ਜਿੱਥੇ ਮਸ਼ਵਰਾ ਸਭ ਨਾਲ ਸਾਂਝਾ ਕੀਤਾ ਜਾਂਦਾ ਹੈ। ਘਰ ਦੇ ਮੁਖੀ ਵੱਲੋਂ ਲਏ ਗਏ ਫ਼ੈਸਲੇ ਨੂੰ ਸਿਰ ਮੱਥੇ ਮੰਨਿਆ ਜਾਂਦਾ ਹੈ। ਇਹੀ ਸੁੱਘੜ ਸਿਆਣੇ ਪਰਿਵਾਰ ਦੀ ਨਿਸ਼ਾਨੀ ਹੈ। ਨਾ ਹੀ ਉੱਥੇ ਕਿਸੇ ਨੂੰ ਇੱਕ ਦੂਜੇ ਨਾਲ ਕੋਈ ਗਿਲਾ ਸ਼ਿਕਵਾ ਜਾਂ ਇਲਜ਼ਾਮ ਹੁੰਦਾ ਹੈ। ਪਰਿਵਾਰ ਦੇ ਮੁਖੀ ਉੱਪਰ ਪਈ ਇਹ ਜ਼ਿੰਮੇਵਾਰੀ ਕੋਈ ਛੋਟੀ ਨਹੀਂ ਹੁੰਦੀ। ਕਿਤੇ ਕੋਈ ਫ਼ੈਸਲਾ ਘਰ ਦੇ ਮੁਖੀ ਨੂੰ ਆਪਣੀ ਸੂਝ-ਬੂਝ ਜਾਂ ਤਜ਼ਰਬੇ ਅਨੁਸਾਰ ਵੀ ਲੈਣਾ ਪੈ ਸਕਦਾ ਹੈ, ਜਿਸ ਨੂੰ ਬਾਕੀ ਪਰਿਵਾਰਕ ਮੈਂਬਰਾਂ ਵੱਲੋਂ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਤਾਂ ਉੱਥੇ ਬਰਕਤ ਦੀਆਂ ਤੰਦਾਂ ਹੋਰ ਗੂੜ੍ਹੀਆਂ ਹੋ ਜਾਂਦੀਆਂ ਹਨ।
ਅਸਲ ਵਿੱਚ ਦਾਦਾ ਜੀ ਹੋਰਾਂ ਨੇ ਆਪਣਾ ਲਗਪਗ ਸਾਰਾ ਜੀਵਨ ਅੰਦਰਲੇ ਛੋਟੇ ਜਿਹੇ ਘਰ ਵਿੱਚ ਕੱਢਿਆ ਸੀ। ਦਾਦੇ ਹੋਰੀਂ ਚਾਰ ਭਾਈ ਸਨ। ਅੰਦਰਲਾ ਘਰ ਤਾਂ ਕੱਚਾ ਸੀ। ਜਿੱਥੇ ਪਰਿਵਾਰ ਦੇ ਚੌਦਾਂ-ਪੰਦਰਾਂ ਜੀਅ ਅਤੇ ਮਾਲ-ਡੰਗਰ ਦਾ ਨਿਰਬਾਹ ਠੀਕ ਹੋ ਰਿਹਾ ਸੀ। ਕਿਧਰੇ ਅਨਾਜ ਦਾ ਢੇਰ ਅਤੇ ਡੰਗਰਾਂ ਦੀ ਖਾਧ ਖੁਰਾਕ ਪਈ ਹੁੰਦੀ ਸੀ। ਗਈ ਰਾਤ ਦੇ ਹਨੇਰੇ ਤੱਕ ਸਾਰੇ ਇਕੱਠੇ ਬੈਠਦੇ, ਗੱਲਾਂ ਕਰਦੇ ਤੇ ਉੱਚਾ ਹਾਸੜ ਹੱਸ ਕੇ ਦਿਨ ਭਰ ਦਾ ਥਕੇਵਾਂ ਲਾਹ ਲੈਂਦੇ ਸਨ। ਛੱਤਾਂ ਨਾਲ-ਨਾਲ ਜੁੜੀਆਂ ਹੋਣ ਕਰਕੇ ਗਰਮੀ ਦੇ ਦਿਨਾਂ ਵਿੱਚ ਛੱਤ ਉੱਪਰ ਪਏ ਲੋਕਾਂ ਦੀ ਕੁਰਬਲ ਕੁਰਬਲ ਰੂਹ ਖੁਸ਼ ਕਰਨ ਵਾਲੀ ਹੁੰਦੀ ਸੀ। ਜਿਵੇਂ-ਜਿਵੇਂ ਪਰਿਵਾਰ ਅੱਗੇ ਵਧਦੇ-ਫੁੱਲਦੇ ਗਏ, ਉਵੇਂ- ਉਵੇਂ ਉਨ੍ਹਾਂ ਦੀਆਂ ਲੋੜਾਂ ਅਤੇ ਸੁਭਾਅ ਵਿੱਚ ਵੀ ਤਬਦੀਲੀ ਆਉਣੀ ਸ਼ੁਰੂ ਹੋ ਗਈ। ਖੇਤੀਬਾੜੀ ਦੇ ਸੰਦ-ਸਾਧਨਾਂ ਦੇ ਵਧਣ ਨਾਲ ਉਨ੍ਹਾਂ ਨੂੰ ਖੁੱਲ੍ਹੇ ਘਰਾਂ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ। ਇਸ ਜ਼ਰੂਰਤ ਨੂੰ ਮੁੱਖ ਰੱਖ ਕੇ ਦਾਦਾ ਜੀ ਹੋਰੀਂ ਅੰਦਰਲਾ ਘਰ ਵੇਚ ਆਏ। ਉਨ੍ਹਾਂ ਪਿੰਡ ਦੇ ਬਾਹਰ ਆ ਕੇ ਆਪਣੀ ਆਪਣੀ ਥਾਂ ਲੈ ਲਈ ਤੇ ਅੱਡ ਹੋ ਗਏ। ਵਿਹੜੇ ਵੱਡੇ ਹੋ ਗਏ ਅਤੇ ਪਰਿਵਾਰਕ ਮੈਂਬਰ ਘਟ ਗਏ। ਅੱਜ ਘਰ-ਘਰ ਦੀ ਇਹੀ ਕਹਾਣੀ ਹੈ ਕਿ ਅਲੱਗ-ਅਲੱਗ ਜੀਆਂ ਦੇ ਅਲੱਗ- ਅਲੱਗ ਕਮਰੇ ਤੇ ਮਨੋਰੰਜਨ ਦੇ ਸਾਧਨ ਹਨ। ਇੱਕ ਦੂਜੇ ਕੋਲ ਬੈਠਾ ਮਨ ਅਕੇਵਾਂ ਮਹਿਸੂਸ ਕਰਨ ਲੱਗ ਜਾਂਦਾ ਹੈ। ਇੰਜ ਜਾਪਦਾ ਹੈ ਕਿ ਘਰਾਂ ਨੂੰ ਇਕੱਲ ਖਾਣ ਲੱਗ ਗਈ ਹੋਵੇ। ਜਿਵੇਂ ਇਹ ਪੱਕੇ ਘਰ ਭੁੁਰਨ ਲੱਗ ਗਏ ਹੋਣ। ਇਸ ਨਾਲੋਂ ਵਧੇਰੇ ਮਜ਼ਬੂਤ ਉਹ ਕੱਚੇ ਘਰ ਸਨ, ਪਰ ਡੁੱਲ੍ਹੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ। ਅਜੇ ਵੀ ਘਰ ਏਕਤਾ ਦੇ ਧਾਗੇ ਵਿੱਚ ਬੱਝ ਕੇ ਰਹਿ ਸਕਦੇ ਹਨ।
ਸਮਾਜ ਵਿੱਚ ਕਈ ਵਾਰ ਵੱਡਿਆਂ ਅਤੇ ਛੋਟਿਆਂ ਵਿੱਚ ਵਿਚਾਰਾਂ ਦੀ ਤਕਰਾਰ ਹੋ ਜਾਂਦੀ ਹੈ। ਇਸ ਨੂੰ ਪੀੜ੍ਹੀ ਦਾ ਵਖਰੇਵਾਂ ਜਾਂ ਜਨਰੇਸ਼ਨ ਗੈਪ ਕਿਹਾ ਜਾ ਸਕਦਾ ਹੈ। ਜ਼ਿਆਦਾਤਰ ਘਰਾਂ ਵਿੱਚ ਫਸਾਦ ਦੀ ਜੜ ਵੀ ਇਹੀ ਹੈ। ਵੱਡੇ ਕਹਿੰਦੇ ਹਨ ਕਿ ਸਾਡੇ ਸਮੇਂ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਸੀ। ਛੋਟੇ ਕਹਿੰਦੇ ਹਨ ਅੱਜਕੱਲ੍ਹ ਦੀ ਦੀਨ ਦੁਨੀਆ ਵਿੱਚ ਇਹ ਸਭ ਆਮ ਹੈ। ਤੁਸੀਂ ਸਭ ਤੋਂ ਅਲੱਗ ਚੱਲਦੇ ਹੋ। ਵੱਡੇ ਉਸ ਨੂੰ ਸਵੀਕਾਰ ਕਰਨ ਲਈ ਸਹਿਮਤ ਨਹੀਂ ਹੁੰਦੇ। ਅਸਲ ਵਿੱਚ ਵੱਡੇ ਬਜ਼ੁਰਗ ਇਸ ਸਮਾਜਿਕ ਬਦਲਾਅ ਨੂੰ ਇਕਦਮ ਬਰਦਾਸ਼ਤ ਨਹੀਂ ਕਰਦੇ। ਉਨ੍ਹਾਂ ਨੂੰ ਇਹ ਤਬਦੀਲੀ ਹੌਲੀ ਹੌਲੀ ਪ੍ਰਵਾਨ ਕਰਨੀ ਪੈਂਦੀ ਹੈ। ਅਜੋਕੀ ਪੀੜ੍ਹੀ ਵਿੱਚ ਸਹਿਣਸ਼ੀਲਤਾ ਦੀ ਕਮੀ ਪਾਈ ਗਈ ਹੈ। ਬਸ ਇੱਥੋਂ ਹੀ ਘਰ ਟੁੱਟਣਾ ਸ਼ੁਰੂ ਹੋ ਜਾਂਦਾ ਹੈ। ਜਿਸ ਨੂੰ ਬੰਨ੍ਹ ਕੇ ਰੱਖਣ ਲਈ ਪਰਿਵਾਰ ਦੇ ਵੱਡੇ ਜੀਆਂ ਨੂੰ ਅੱਗੇ ਆ ਕੇ ਆਪਣੀ ਭੂਮਿਕਾ ਨਿਭਾਉਣੀ ਪੈਂਦੀ ਹੈ। ਘਰ ਟੁੱਟਣ ਦਾ ਕਾਰਨ, ਇਕੱਲਾ ਜਨਰੇਸ਼ਨ ਗੈਪ ਹੀ ਨਹੀਂ ਹੈ। ਮਰਦ ਅਤੇ ਔਰਤ ਦੀ ਸੋਚ ਜਾਂ ਵਿਚਾਰਧਾਰਾ ਵੀ ਹੈ। ਕਈ ਘਰਾਂ ਦੀਆਂ ਔਰਤਾਂ ਬਹੁਤ ਸੂਝਵਾਨ ਹੁੰਦੀਆਂ ਹਨ, ਜੋ ਵਾਧੂ ਖ਼ਰਚੇ ਕਰਨ ਤੋਂ ਸੰਕੋਚ ਕਰਦੀਆਂ ਹਨ। ਘਰ ਨੂੰ ਜੋੜਨ ਲਈ ਕੰਮ ਨੂੰ ਛੋਟਾ-ਵੱਡਾ ਸਮਝ ਕੇ ਨਹੀਂ ਕਰਦੀਆਂ। ਸਗੋਂ ਸ਼ਿੱਦਤ ਨਾਲ ਕਰਦੀਆਂ ਹਨ। ਉਹ ਪਰਿਵਾਰ ਦਾ ਬਿਹਤਰ ਢੰਗ ਨਾਲ ਪਾਲਣ ਪੋਸ਼ਣ ਕਰਦੀਆਂ ਹਨ। ਹੋ ਸਕਦਾ ਹੈ ਕਿ ਅਜਿਹੇ ਘਰ ਵਿੱਚ ਮਰਦ ਵਧੇਰੇ ਖ਼ਰਚੀਲਾ, ਵਿਹਲੜ, ਨਸ਼ੇੜੀ, ਬੇਪਰਵਾਹ, ਆਲਸੀ ਜਾਂ ਗ਼ੈਰ ਜ਼ਿੰਮੇਵਾਰ ਹੋਵੇ। ਘਰ ਦਾ ਦੂਸਰਾ ਪੱਖ ਇਹ ਹੈ ਕਿ ਕਿਸੇ ਘਰ ਵਿੱਚ ਇਸ ਤੋਂ ਉਲਟ ਵੀ ਹੁੰਦਾ ਹੈ। ਇਨ੍ਹਾਂ ਦੋਵਾਂ ਹਾਲਤਾਂ ਵਿੱਚ ਘਰ ਦਾ ਬੱਝ ਕੇ ਰਹਿਣਾ ਮੁਸ਼ਕਿਲ ਹੀ ਨਹੀਂ ਹੁੰਦਾ, ਸਗੋਂ ਆਨੰਦਮਈ ਜੀਵਨ ਵੀ ਨਸ਼ਟ ਹੁੰਦਾ ਹੈ। ਇਨ੍ਹਾਂ ਹਾਲਤਾਂ ਵਿੱਚ ਬੱਚਿਆਂ ਉੱਪਰ ਮਾੜਾ ਪ੍ਰਭਾਵ ਪੈਣਾ ਵੀ ਸੁਭਾਵਿਕ ਹੈ। ਬੱਚੇ ਨੀਰਸ, ਢੀਠ, ਝਗੜਾਲੂ, ਗੁੱਸੇਖੋਰ ਅਤੇ ਬੇਪਰਵਾਹ ਹੋ ਜਾਂਦੇ ਹਨ।
ਘਰ ਨੂੰ ਬੰਨ੍ਹ ਕੇ ਰੱਖਣ ਦਾ ਅਗਲਾ ਪਹਿਲੂ ਸਾਡੀ ਜ਼ੁਬਾਨ ਹੈ। ਜ਼ੁਬਾਨ ਤੋਂ ਇਲਾਵਾ ਆਪਣੇ ਆਪ ’ਤੇ ਸਵੈ ਨਿਯੰਤਰਣ ਬੇਹੱਦ ਜ਼ਰੂਰੀ ਹੈ। ਜਿੱਥੇ ਕੰਮ ਮਿਠਾਸ, ਪਿਆਰ ਜਾਂ ਅਪਣੱਤ ਨਾਲ ਹੋਣ ਉੱਥੇ ਜ਼ਰੂਰੀ ਨਹੀਂ ਕਿ ਰੋਅਬ ਹੀ ਦਿਖਾਇਆ ਜਾਵੇ। ਅਸਲ ਵਿੱਚ ਤੁਹਾਡੇ ਕੰਮ ਨੂੰ ਤੁਹਾਡੇ ਸ਼ਬਦ ਕਰਾਉਂਦੇ ਹਨ। ਤਾਂ ਫੇਰ ਸਾਹਮਣੇ ਵਾਲਾ ਕੰਮ ਤੋਂ ਇਨਕਾਰੀ ਨਹੀਂ ਹੋ ਸਕਦਾ। ਇਸ ਦੇ ਉਲਟ ਬੜਬੋਲਾਪਣ, ਗੁੱਸਾ ਜਾਂ ਬੇਰੁਖੀ ਘਰ ਨੂੰ ਤੋੜਨ ਵਿੱਚ ਕੋਈ ਕਸਰ ਨਹੀਂ ਛੱਡਦੇ। ਜਿਵੇਂ ਕੈਂਚੀ ਦਾ ਕੰਮ ਕੱਟਣਾ ਹੁੰਦਾ ਹੈ। ਉਹ ਕੁਤਰ ਕੁਤਰ ਕੇ ਖਿਲਾਰਾ ਪਾਉਂਦੀ ਹੈ। ਸੂਈ ਦਾ ਕੰਮ ਜੋੜਨਾ ਹੁੰਦਾ ਹੈ। ਜੋ ਕੈਂਚੀ ਦੀ ਵੱਢ ਟੁੱਕ ਨੂੰ ਜੋੜਦੀ ਹੈ। ਸਿਆਣੇ ਕਹਿੰਦੇ ਹਨ ਆਦਮੀ ਦੀ ਕਮਾਈ ਵਿੱਚ ਅਤੇ ਔਰਤ ਦੇ ਹੱਥਾਂ ਵਿੱਚ ਬਰਕਤ ਹੁੰਦੀ ਹੈ। ਜਿੱਥੇ ਮਰਦ ਮਕਾਨ ਬਣਾਉਣ ਲਈ ਹੱਡ ਭੰਨਵੀਂ ਕਮਾਈ ਕਰਦਾ ਹੈ। ਉੱਥੇ ਔਰਤ ਚਾਹੇ ਤਾਂ ਘਰ ਨੂੰ ਸੂਈ ਨਾਲ ਜੋੜ ਕੇ ਰੱਖ ਵੀ ਸਕਦੀ ਹੈ। ਕਰਮਾਂ ਵਾਲੇ ਹੁੰਦੇ ਹਨ ਉਹ ਇਨਸਾਨ ਜੋ ਅਜਿਹੀ ਕਮਾਈ ਨੂੰ ਜ਼ਿੰਦਗੀ ਦੇ ਅੰਤਮ ਵਰ੍ਹਿਆਂ ਵਿੱਚ ਸੁੱਖ ਨਾਲ ਮਾਣਦੇ ਹਨ। ਘਰ ਵਿੱਚ ਝੂਠ ਲਈ ਵੀ ਕੋਈ ਥਾਂ ਨਹੀਂ ਹੋਣੀ ਚਾਹੀਦੀ। ਝੂਠ ਸਾਰੇ ਪੁਆੜਿਆਂ ਦੀ ਜੜ ਹੁੰਦਾ ਹੈ। ਸੱਚਾਈ ਅਜਿਹਾ ਬੀਜ ਹੈ ਜੋ ਝੂਠ ਦਾ ਸੀਨਾ ਪਾੜ ਕੇ ਵੀ ਪੁੰਗਰ ਆਉਂਦੀ ਹੈ। ਨਾ ਹੀ ਸਾਂਝੇ ਪਰਿਵਾਰਾਂ ਵਿੱਚ ਆਪਣੀ ਆਪਣੀ ਕਮਾਈ ਅਲੱਗ ਰੱਖਣ ਦੀ ਪਿਰਤ ਹੋਣੀ ਚਾਹੀਦੀ ਹੈ। ਬਹੁਤੇ ਘਰਾਂ ਅੰਦਰ ਰਿਸ਼ਤਿਆਂ ਵਿੱਚ ਫਿੱਕ ਪੈਸਾ ਹੀ ਪਵਾਉਂਦਾ ਹੈ। ਘਰ ਦੀ ਏਕਤਾ ਅਤੇ ਪਿਆਰ ਹੀ ਜ਼ਿੰਦਗੀ ਦੇ ਅਸਲ ਮਾਅਨੇ ਪੇਸ਼ ਕਰਦੀ ਹੈ। ਕਈ ਇਨਸਾਨ ਸੋਚਦੇ ਹਨ ਕਿ ਮਕਾਨ ਨੂੰ ਬਹੁਤ ਸੁੰਦਰ ਬਣਾਇਆ ਜਾਵੇ। ਸਮਾਜ ਵਿੱਚ ਉਨ੍ਹਾਂ ਦੀ ਭੱਲ ਬਣੇਗੀ। ਉਹ ਸੌਖ ਭਰੀ ਅਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰਨਗੇ, ਪਰ ਇਹ ਉਨ੍ਹਾਂ ਦੇ ਮਨ ਦਾ ਵਹਿਮ ਹੁੰਦਾ ਹੈ। ਜ਼ਰੂਰੀ ਨਹੀਂ ਕਿ ਉਹ ਘਰ ਹੀ ਖੁਸ਼ੀ ਤੇ ਸੁੱਖ ਦੇਵੇ ਜੋ ਵਧੀਆ ਇੱਟਾਂ, ਪੱਥਰਾਂ, ਸੀਮਿੰਟ ਜਾਂ ਆਕਰਸ਼ਿਤ ਰੰਗ ਰੋਗਨ ਦਾ ਬਣਿਆ ਹੋਵੇ। ਬਲਕਿ ਉਹ ਘਰ ਸੁੱਖ ਅਤੇ ਖੁਸ਼ੀ ਵਧੇਰੇ ਦਿੰਦੇ ਹਨ ਜੋ ਪਿਆਰ, ਏਕੇ, ਭਾਈਚਾਰੇ, ਆਪਸੀ ਆਦਰ-ਸਤਿਕਾਰ ਨਾਲ ਭਰਿਆ ਹੋਵੇ। ਸਾਨੂੰ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਘਰ ਵਿੱਚ ਖੁਸ਼ੀ ਅਤੇ ਰੌਣਕ ਪੈਸੇ ਨਾਲ ਨਹੀਂ, ਸਗੋਂ ਆਪਸੀ ਇੱਕਮੁੱਠਤਾ ਨਾਲ ਆਉਂਦੀ ਹੈ। ਇਹ ਗੱਲ ਸਾਡੇ ਆਪਣੇ ਆਪ ਉੱਪਰ ਹੀ ਨਿਰਭਰ ਕਰਦੀ ਹੈ।
ਸੰਪਰਕ: 99145-86784