ਸਾਂਵਲ ਧਾਮੀ
ਫਗਵਾੜਾ-ਫਿਲੌਰ ਰੋਡ ’ਤੇ ਇਕ ਪਿੰਡ ਹੈ ਭੱਟੀਆਂ। ਸੰਤਾਲੀ ਤੋਂ ਪਹਿਲਾਂ ਇਹ ਭੱਟੀ ਰਾਜਪੂਤਾਂ ਦਾ ਪਿੰਡ ਸੀ। ਸੰਤਾਲੀ ਤੋਂ ਬਾਅਦ ਇੱਥੇ ਨੇੜਲੇ ਪਿੰਡਾਂ ਤੋਂ ਬਾਰ ’ਚ ਗਏ ਸਿੱਖ ਕੰਬੋਜ ਆਣ ਵੱਸੇ। ਇਨ੍ਹਾਂ ’ਚੋਂ ਇਕ ਸ. ਫੁੰਮਣ ਸਿੰਘ ਮਹਿਰੋਕ ਹੋਰਾਂ ਦੀ ਕਹਾਣੀ ਬੜੀ ਦਰਦਨਾਕ ਹੈ। ਇਨ੍ਹਾਂ ਦੇ ਪਿਤਾ ਸ. ਝੰਡਾ ਸਿੰਘ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਿਲੌਰ ਦੇ ਪਿੰਡ ਸ਼ਾਹਪੁਰ ਤੋਂ ਉੱਠ ਕੇ ਚੱਕ ਨੰਬਰ ਸੰਤਾਲੀ ਜ਼ਿਲ੍ਹਾ ਮਿੰਟਗੁਮਰੀ ’ਚ ਚਲੇ ਗਏ ਸਨ।
ਮੈਂ ਉਨ੍ਹਾਂ ਨੂੰ ਮਿਲਣ ਗਿਆ। ਉਹ ਬੜੇ ਤਪਾਕ ਨਾਲ ਮਿਲੇ। ਜਦੋਂ ਮੈਂ ਸੰਤਾਲੀ ਬਾਰੇ ਗੱਲਬਾਤ ਕਰਨੀ ਚਾਹੀ ਤਾਂ ਉਹ ਬੋਲੇ- ਮੈਂ ਓਸ ਦੌਰ ਨੂੰ ਯਾਦ ਨਹੀਂ ਕਰਨਾ ਚਾਹੁੰਦਾ। ਓਸ ਸਮੇਂ ਬਾਰੇ ਮੈਂ ਕੋਈ ਗੱਲ ਨਹੀਂ ਕਰਨੀ।
ਚਾਹ ਦੀਆਂ ਚੁਸਕੀਆਂ ਭਰਦਿਆਂ ਉਹ ਸਿਆਸਤ ਅਤੇ ਫ਼ਸਲਾਂ ਦੀਆਂ ਗੱਲਾਂ ਕਰਦਾ ਰਿਹਾ। ਮੈਂ ਉਸਨੂੰ ਸਹਿਜਤਾ ਨਾਲ ਬਾਰ ਦੇ ਇਲਾਕੇ ਵੱਲ ਨੂੰ ਤੋਰ ਲਿਆ। ਉਹ ਹੌਲੀ-ਹੌਲੀ ਆਪਣੇ ਉਸ ਪਿੰਡ ਵੱਲ ਤੁਰੀ ਗਿਆ।
ਮੈਂ ਚੱਕ ਦਾ ਨੰਬਰ ਪੁੱਛਿਆ। ਅਠੱਤਰ ਵਰ੍ਹਿਆਂ ਦੀ ਉਮਰ ਦਾ ਉਹ ਜੱਬੇਦਾਰ ਬੰਦਾ ਬੱਚਿਆਂ ਵਾਂਗ ਹਟਕੋਰੇ ਭਰਨ ਲੱਗਾ। ਇਕ ਪਲ ਲਈ ਮੈਂ ਸੋਚਿਆ ਕਿ ਉਨ੍ਹਾਂ ਕੋਲੋਂ ਅਗਾਂਹ ਕੁਝ ਨਾ ਪੁੱਛਾਂ। ਫਿਰ ਖ਼ਿਆਲ ਆਇਆ ਕਿ ਜਸ਼ਨ ਮਨਾਉਣ ਵਾਲੀ ਨਵੀਂ ਨਸਲ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਇਹ ‘ਆਜ਼ਾਦੀ’ ਕਿਸ ਭਾਅ ਪਈ ਏ।
ਮੈਂ ਉਸਦੇ ਸੰਭਲਣ ਦੀ ਚੁੱਪ-ਚਾਪ ਉਡੀਕ ਕਰਨ ਲੱਗਾ। ਬੜੀ ਲੰਮੀ ਚੁੱਪ ਤੋਂ ਬਾਅਦ ਉਨ੍ਹਾਂ ਨੇ ਰੁਕ-ਰੁਕ ਕੇ ਆਪਣੀ ਕਹਾਣੀ ਆਪੇ ਛੋਹ ਲਈ।
“ਪਿੰਡ ਬਾਰੇ ਏਨਾ ਕੁ ਪਤਾ ਕਿ ਸਾਡਾ ਸਾਰਾ ਪਿੰਡ ਕੰਬੋਜ ਬਰਾਦਰੀ ਦਾ ਸੀ। ਮਿੰਟਗੁਮਰੀ ਜ਼ਿਲ੍ਹਾ ਸੀ ਸਾਡਾ। ਓਸ ਚੱਕ ਦੇ ਸਾਰੇ ਵਾਸੀ ਇੱਧਰੋਂ ਗਏ ਸੀ। ਸੰਤਾਲੀ ’ਚ ਜੋ ਸਾਡੇ ਪਿੰਡ ਜਾਂ ਮੇਰੇ ਟੱਬਰ ਨਾਲ ਹੋਇਆ, ਉਹ ਭਲਾ ਮੈਂ ਕਿਸ ਤਰ੍ਹਾਂ ਭੁੱਲ ਸਕਦਾਂ!” ਉਹ ਹਟਕੋਰੇ ਭਰਨ ਲੱਗਾ।
“ਸੰਤਾਲੀ ’ਚ ਕੁਝ ਹੋਰ ਪਿੰਡਾਂ ’ਤੇ ਵੀ ਹਮਲਾ ਹੋਇਆ ਹੋਣਾ?” ਮੈਂ ਉਸਦੇ ਦੁੱਖ ਨੂੰ ਹੋਰ ਲੋਕਾਂ ਨਾਲ ਜੋੜ ਕੇ ਹਲਕਾ ਕਰਨ ਦੇ ਭਾਵ ਨਾਲ ਪੁੱਛਿਆ।
“ਦੋ ਪਿੰਡ ਤਾਂ ਲਗਪਗ ਖ਼ਤਮ ਹੀ ਹੋ ਗਏ ਸਨ। ਸੰਤਾਲੀ ਅਤੇ ਚੁਤਾਲੀ। ਇਹ ਦੋਵੇਂ ਪਿੰਡ ਜਲੰਧਰ ਜ਼ਿਲ੍ਹੇ ਤੋਂ ਗਏ ਕੰਬੋਆਂ ਦੇ ਸਨ। ਉਹੀ ਬਚਿਆ ਜਿਹੜਾ ਅੱਠ-ਦਸ ਦਿਨ ਪਹਿਲਾਂ ਨਿਕਲ ਆਇਆ ਸੀ। ਜਿਹੜਾਂ ਘੇਰੇ ’ਚ ਆ ਗਿਆ, ਉਹ ਸ਼ਾਇਦ ਹੀ ਕੋਈ ਬਚਿਆ ਹੋਵੇ!” ਉਸਦਾ ਗੱਚ ਭਰ ਆਇਆ।
“ਤੁਹਾਡੇ ਨੇੜੇ-ਤੇੜੇ ਮੁਸਲਮਾਨਾਂ ਦੇ ਕਿਹੜੇ ਪਿੰਡ ਸਨ?” ਮੈਂ ਗੱਲ ਹੋਧਰੇ ਪਾਉਣ ਲਈ ਪੁੱਛਿਆ।
“ਪਿੰਡ ਤਾਂ ਬਹੁਤ ਸਨ, ਪਰ ਮੈਨੂੰ ਨਾਲ ਲੱਗਦੇ ਇਕ ਪਿੰਡ ਮਲਗੱਦੇ ਦਾ ਨਾਂ ਯਾਦ ਏ। ਚੱਕ ਦੇ ਲਹਿੰਦੇ ਪਾਸੇ ਅਖ਼ੀਰਲਾ ਮੁਰੱਬਾ ਸੀ ਸਾਡਾ। ਸਾਡੇ ਖੂਹ ਦੇ ਨਾਲ ਓਸ ਪਿੰਡ ਦੇ ਮੁਰੱਬੇ ਲੱਗਦੇ ਸਨ। ਬੜੀ ਸਾਂਝ ਸੀ ਸਾਡੀ।” ਉਹ ਸਹਿਜ-ਭਾਅ ਬੋਲਿਆ।
“ਸੰਤਾਲੀ ’ਚ ਕੀ ਹੋਇਆ?” ਮੈਂ ਡਰਦੇ ਦਿਲ ਨਾਲ ਸਵਾਲ ਕੀਤਾ।
“ਜਦੋਂ ਸੰਤਾਲੀ ਦੇ ਰੌਲੇ ਸ਼ੁਰੂ ਹੋਏ ਤਾਂ ਬਦਮਾਸ਼ ਬੰਦੇ ਸਾਡੇ ਪਿੰਡਾਂ ਨੂੰ ਪੈਣ ਲੱਗ ਪਏ ਸਨ। ਕਦੇ ਟੱਕ ’ਚੋਂ ਪੱਠੇ ਵੱਢ ਲਏ। ਕਦੇ ਡੰਗਰ ਡੱਕ ਕੇ ਲੈ ਗਏ। ਕਦੇ ਕਿਸੇ ਨੂੰ ਘੇਰ ਕੇ ਜ਼ਖ਼ਮੀ ਕਰ ਦਿੱਤਾ। ਆਖ਼ਰ ਸਾਡੇ ਬਜ਼ੁਰਗਾਂ ਨੇ ਪਿੰਡ ਛੱਡਣ ਦਾ ਫ਼ੈਸਲਾ ਕਰ ਲਿਆ। ਉਹ ਗੱਡੇ ਜੋੜ ਕੇ ਤੁਰ ਪਏ। ਜਦੋਂ ਪਿੰਡੋਂ ਬਾਹਰ ਨਿਕਲੇ ਤਾਂ ਚੁਤਾਲੀ ਵਾਲਾ ਜ਼ੈਲਦਾਰ ਤੇ ਦੋ-ਚਾਰ ਸੂਬੇਦਾਰ ਆ ਗਏ। ਕਹਿਣ ਲੱਗੇ- ਅਸੀਂ ਆਪਣੇ ਦੋਵਾਂ ਚੱਕਾਂ ’ਚੋਂ ਕੋਈ ਗੱਡਾ ਨਹੀਂ ਨਿਕਲਣ ਦੇਣਾ। ਆਰਾਮ ਨਾਲ ਘਰਾਂ ’ਚ ਬੈਠੋ। ਸਾਡੇ ਕੋਲ ਰਫ਼ਲਾਂ ਨੇ। ਅਸੀਂ ਕਿਸੇ ਨੂੰ ਖੰਘਣ ਨਹੀਂ ਦੇਣਾ।
ਉਹ ਇਲਾਕੇ ਦੇ ਮੋਹਤਬਰ ਬੰਦੇ ਸਨ। ਸਾਡੇ ਬਜ਼ੁਰਗ ਉਨ੍ਹਾਂ ਦਾ ਆਖਾ ਕਿੰਜ ਮੋੜਦੇ। ਉਨ੍ਹਾਂ ਗੱਡੇ ਪਿੰਡ ਵੱਲ ਮੋੜ ਲਏ ਤੇ ਫਿਰ ਤੋਂ ਹਵੇਲੀਆਂ ’ਚ ਲਿਆ ਖੜ੍ਹੇ ਕੀਤੇ। ਦਸ-ਪੰਦਰਾਂ ਦਿਨ ਅਸੀਂ ਪਿੰਡ ਰਹੇ। ਨੇੜੇ-ਤੇੜੇ ਦੇ ਚੱਕਾਂ ’ਚ ਕਤਲੋ ਗਾਰਤ ਦੀਆਂ ਘਟਨਾਵਾਂ ਵੱਧਦੀਆਂ ਗਈਆਂ। ਇਕ ਸਵੇਰ ਸਾਡਾ ਚੱਕ ਉੱਠ ਕੇ ਜ਼ੈਲਦਾਰ ਦੇ ਚੱਕ ਚੁਤਾਲੀ ’ਚ ਚਲਾ ਗਿਆ। ਅਗਲੇ ਦਿਨ ਸਾਨੂੰ ਕੱਢਣ ਲਈ ਮਰਹੱਟਾ ਮਿਲਟਰੀ ਦੀਆਂ ਗੱਡੀਆਂ ਆਉਣੀਆਂ ਸਨ। ਇਸ ਗੱਲ ਦਾ ਧਾੜਵੀਆਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ।
ਉਸ ਦੁਪਹਿਰ ਉਨ੍ਹਾਂ ਨੇ ਚੁਤਾਲੀ ਚੱਕ ਨੂੰ ਘੇਰਾ ਪਾ ਲਿਆ।
ਸਾਡੇ ਬੰਦਿਆਂ ਵੀ ਤਿਆਰੀ ਤਾਂ ਕੀਤੀ ਹੋਏ ਸੀ। ਉਨ੍ਹਾਂ ਕੋਲ ਵੀ ਹਥਿਆਰ ਸਨ। ਉਨ੍ਹਾਂ ਨੇ ਚੁਤਾਲੀ ਚੱਕ ਦੀ ਚੁਫ਼ੇਰਿਓਂ ਕਿਲ੍ਹਾਬੰਦੀ ਕੀਤੀ ਹੋਈ ਸੀ,ਪਰ ਓਥੇ ਬਲੋਚ ਮਿਲਟਰੀ ਆ ਗਈ। ਉਨ੍ਹਾਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਕ ਅਹਾਤੇ ’ਚ ਕੁਝ ਬੀਬੀਆਂ ਤੇ ਉਹ ਬਜ਼ੁਰਗ ਬੈਠੇ ਸਨ ਜੋ ਤੁਰ ਨਹੀਂ ਸਨ ਸਕਦੇ। ਉਨ੍ਹਾਂ ਨੇ ਕੋਠੇ ’ਤੇ ਚੜ੍ਹ ਕੇ ਗੋਲੀ ਚਲਾਈ ਤੇ ਉਹ ਸਾਰੇ ਮਾਰ ਦਿੱਤੇ।
ਜਦੋਂ ਤਰਕਾਲਾਂ ਪਈਆਂ ਤਾਂ ਲੁੱਟ-ਖੋਹ ਸ਼ੁਰੂ ਹੋ ਗਈ।
“ਜਦੋਂ ਗੋਲੀ ਚੱਲ ਰਹੀ ਸੀ, ਤੁਸੀਂ ਉਦੋਂ ਕਿੱਥੇ ਲੁਕੇ ਸੀ?” ਮੈਂ ਸਵਾਲ ਕੀਤਾ।
“ਮੈਂ ਕਿਸੇ ਦੇ ਘਰ ਆਪਣੀ ਮਾਂ ਨਾਲ ਮੰਜੇ ’ਤੇ ਲੰਮਾ ਪਿਆ ਸੀ।” ਇਹ ਕਹਿੰਦਿਆਂ ਉਸਦਾ ਗੱਚ ਭਰ ਆਇਆ।
“ਕੀ ਨਾਂ ਸੀ ਤੁਹਾਡੀ ਮਾਂ ਦਾ?” ਮੈਂ ਪੁੱਛਿਆ।
“ਭੋਲੀ।” ਇਹ ਨਾਂ ਉਸਨੇ ਮਸਾਂ ਉਚਾਰਿਆ।
“ਉਦੋਂ ਤੁਹਾਡੇ ਪਿਤਾ ਜੀ ਕਿੱਥੇ ਸਨ?” ਮੈਂ ਅਗਾਂਹ ਪੁੱਛਿਆ।
“ਉਹ ਪਿੰਡ ਦੀ ਜੂਹ ’ਤੇ ਲੜ ਰਹੇ ਸਨ, ਪਰ ਮਿਲਟਰੀ ਮੂਹਰੇ ਕੀ ਜ਼ੋਰ। ਲਗਪਗ ਸਾਰੇ ਬੰਦੇ ਗੋਲੀਆਂ ਨਾਲ ਖ਼ਤਮ ਹੋ ਗਏ। ਫਿਰ ਧਾੜਵੀ ਪਿੰਡ ’ਚ ਵੜ ਗਏ। ਜਿਹੜੇ ਬਜ਼ੁਰਗ ਜਾਂ ਔਰਤਾਂ ਘਰਾਂ ’ਚ ਲੁਕੇ ਹੋਏ ਸਨ, ਉਨ੍ਹਾਂ ਉਹ ਵੀ ਵੱਢ ਦਿੱਤੇ। ਉਹ ਬੜੀ ਦੇਰ ਲੁੱਟ-ਖੋਹ ਕਰਦੇ ਰਹੇ।” ਨਿਰਾਸ਼ਾ ’ਚ ਸਿਰ ਮਾਰਦਿਆਂ ਉਹ ਚੁੱਪ ਹੋ ਗਿਆ।
“ਓਸ ਵੇਲੇ ਦਾ ਤੁਹਾਨੂੰ ਕਿੰਨਾਂ ਕੁ ਯਾਦ ਏ?” ਮੈਂ ਸਵਾਲ ਕੀਤਾ।
“ਮੈਂ ਆਪਣੀ ਮਾਂ ਨਾਲ ਮੰਜੇ ’ਤੇ ਪਿਆ ਸਾਂ। ਨਾਲ ਵੱਡਾ ਭਰਾ ਸੀ। ਉਹ ਆਏ…ਗੋਲੀਆਂ ਮਾਰੀਆਂ…ਮਾਂ ਅਤੇ ਭਰਾ ਦੇ ਗੋਲੀਆਂ ਲੱਗ ਗਈਆਂ, ਪਰ ਮੈਂ ਬਚ ਗਿਆ। ਮੈਂ ਫਿਰ ਉਵੇਂ ਲੰਮਾ ਪਿਆ ਰਿਹਾ। ਆਹ ਮੇਰੀ ਗਿੱਚੀ ’ਚ ਓਥੇ ਹੀ ਸੱਟ ਲੱਗੀ ਸੀ।”
ਉਹ ਮੈਨੂੰ ਆਪਣੀ ਸੱਟ ਵਿਖਾਉਣ ਲੱਗਾ।
“ਉਨ੍ਹਾਂ ਨੇ ਲਾਠੀਆਂ ਮਾਰੀਆਂ। ਮੈਂ ਏਨਾ ਸਹਿਮ ਗਿਆ ਸਾਂ ਕਿ ਮੈਂ ਚੂੰਅ ਤਕ ਨਾ ਕੀਤੀ। ਸੱਜੇ-ਖੱਬੇ ਪਏ ਭਰਾ ਤੇ ਮਾਂ ਮਰੇ ਪਏ ਸਨ।” ਉਹ ਲੰਮਾ ਹਉਕਾ ਭਰਦਿਆਂ ਬੋਲਿਆ।
“ਫਿਰ ਕੀ ਹੋਇਆ?” ਮੈਂ ਪੁੱਛਿਆ।
“ਸ਼ਾਮ ਨੂੰ ਇਕ ਮੁਸਲਮਾਨ ਆਇਆ। ਮੈਂ ਲਾਸ਼ਾਂ ਵਿਚਾਲੇ ਬੈਠਾ ਰੋਈ ਜਾ ਰਿਹਾ ਸਾਂ। ਉਹ ਮੈਨੂੰ ਕਹਿੰਦਾ- ਤੂੰ ਮੇਰੇ ਨਾਲ ਜਾਣਾ? ਮੈਂ ਹਾਂ ’ਚ ਸਿਰ ਮਾਰਿਆ। ਉਹ ਮੈਨੂੰ ਚੁੱਕ ਕੇ ਤੁਰ ਪਿਆ। ਉਹ ਮੈਨੂੰ ਆਪਣੇ ਪਿੰਡ ਲੈ ਗਿਆ। ਉਸ ਪਿੰਡ ਦਾ ਨਾਂ ਨਹੀਂ ਪਤਾ ਮੈਨੂੰ। ਮੈਂ ਓਸ ਘਰ ਤਿੰਨ-ਚਾਰ ਦਿਨ ਰਿਹਾ।” ਉਹ ਚੁੱਪ ਹੋ ਗਿਆ।
“ਫਿਰ ਓਥੋਂ ਨਿਕਲ ਕੇ ਕਿਵੇਂ ਆਏ?” ਮੈਂ ਸਵਾਲ ਕੀਤਾ।
“ਮਲਸੀਆਂ ਦੇ ਇਕ ਬੜੇ ਮਹਾਨ ਬੰਦੇ ਹੋਏ ਨੇ ਸਰਦਾਰ ਸੋਹਣ ਸਿੰਘ। ਉਹ ਓਧਰ ਮਿਲਟਰੀ ਦੇ ਟਰੱਕ ਲੈ ਕੇ ਗਏ ਸਨ। ਉਨ੍ਹਾਂ ਨੇ ਸਾਡੇ ਦੋਵਾਂ ਚੱਕਾਂ ਦੇ ਬਚੇ-ਖੁਚੇ ਕੰਬੋਆਂ ਨੂੰ ਲੱਭ ਕੇ ਇੱਧਰ ਲਿਆਂਦਾ। ਉਹ ਓਸ ਪਿੰਡ ਵੀ ਗਏ ਜਿੱਥੇ ਮੈਂ ਰਹਿ ਰਿਹਾ ਸਾਂ। ਓਸ ਮੁਸਲਮਾਨ ਨੇ ਮੈਨੂੰ ਉਂਗਲ ਫੜ ਕੇ ਨਾਲ ਤੋਰ ਲਿਆ ਤੇ ਫ਼ੌਜੀਆਂ ਦੇ ਟਰੱਕ ਕੋਲ ਲੈ ਗਿਆ। ਉਨ੍ਹਾਂ ਨੇ ਮੈਨੂੰ ਗੱਡੀ ’ਚ ਬਿਠਾਇਆ ਤੇ ਓਕਾੜੇ ਕੈਂਪ ’ਚ ਲੈ ਆਏ। ਓਥੇ ਸਾਨੂੰ ਸਾਡੀ ਚਾਚੀ ਮਿਲ ਗਈ। ਸਾਡੇ ਟੱਬਰ ’ਚੋਂ ਅਸੀਂ ਪੰਜ ਜਣੇ ਹੀ ਬਚੇ ਸਾਂ। ਚਾਰ ਬੱਚੇ ਤੇ ਇਕ ਚਾਚੀ। ਸਾਡੇ ਚਾਚੇ ਤਾਏ ਛੇ ਭਰਾ ਸੀ। ਬੜਾ ਵੱਡਾ ਟੱਬਰ ਸੀ ਸਾਡਾ। ਡੇਢ ਖੇਤ ਦਾ ਅਹਾਤਾ ਹੁੰਦਾ ਸੀ। ਸਾਰੇ ਭਰਾ ਇਕੱਠੇ ਰਹਿੰਦੇ ਸਨ। ਚਾਰ ਵਿਆਹੇ ਹੋਏ ਸਨ। ਦੋ ਚਾਚੇ ਹਾਲੇ ਵਿਆਹੁਣ ਵਾਲੇ ਸਨ। ਉਨ੍ਹਾਂ ਦੋਵਾਂ ਦਾ ਅੱਸੂ ਦਾ ਵਿਆਹ ਰੱਖਿਆ ਹੋਇਆ ਸੀ।” ਇਹ ਕਹਿੰਦਿਆਂ ਉਨ੍ਹਾਂ ਦੀ ਭੁੱਬ ਨਿਕਲ ਗਈ।
“ਗੁਆਚੇ ਰਿਸ਼ਤਿਆਂ ਦੇ ਨੈਣ-ਨਕਸ਼ ਯਾਦ ਨੇ?” ਮੈਂ ਪੁੱਛਿਆ।
“ਮਾਂ-ਪਿਉ ਦੇ ਮਾੜੇ-ਮੋਟੇ ਨੈਣ-ਨਕਸ਼ ਯਾਦ ਨੇ।” ਇਹ ਆਖ ਉਹ ਚੁੱਪ ਹੋ ਗਏ।
“ਇੱਧਰ ਆ ਕੇ ਕੀ ਕੀਤਾ?” ਮੈਂ ਅਗਾਂਹ ਪੁੱਛਿਆ।
“ਅੱਠ ਸਾਲ ਇੱਥੇ ਆ ਕੇ ਪੜਿ੍ਹਆ। ਫਿਰ ਖੇਤੀ ਵੱਲ ਹੋ ਗਿਆ। ਉਹ ਸਭ ਕੁਝ ਭੁੱਲ ਭੁਲਾ ਗਿਆ। ਮੈਂ ਹੁਣ ਯਾਦ ਵੀ ਨਹੀਂ ਕਰਨਾ ਚਾਹੁੰਦਾ।” ਉਸਦੇ ਦੇ ਬੋਲਾਂ ’ਚ ਚਾਣਚੱਕ ਕੁੜੱਤਣ ਆਣ ਰਲੀ।
“ਮੇਰਾ ਤਾਂ ਲਹਿੰਦੇ ਵੱਲ ਵੇਖਣ ਨੂੰ ਵੀ ਦਿਲ ਨਹੀਂ ਕਰਦਾ।” ਸੰਘਣੇ ਭਰਵੱਟਿਆਂ ’ਚ ਲੁਕੀਆਂ ਅੱਖਾਂ ਨੂੰ ਪੂੰਝਦਿਆਂ ਉਨ੍ਹਾਂ ਨੇ ਨਹੋਰੇ ਨਾਲ ਆਖਿਆ।
ਬੇਸ਼ੱਕ ਲੋਕਾਂ ਲਈ ਤਾਂ ਲਹਿੰਦੀ ਦਿਸ਼ਾ ’ਚ ਸੂਰਜ ਡੁੱਬਦਾ ਏ, ਪਰ ਫੁੰਮਣ ਸਿੰਘ ਹੋਰਾਂ ਦੇ ਪਤਾ ਨਹੀਂ ਕਿੰਨੇ ਰਿਸ਼ਤੇ ਓਸ ਦਿਸ਼ਾ ’ਚ ਡੁੱਬ ਗਏ ਸਨ।
ਮੈਨੂੰ ਵਿਦਾ ਕਰਦਿਆਂ ਉਹ ਬੋਲੇ-ਇਕ ਗੱਲ ਹੋਰ। ਇਸ ਪਿੰਡ ਦੀ ਮਸੀਤ ਸਾਨੂੰ ਮਿਲੀ ਸੀ। ਅਸੀਂ ਉਸਦੀ ਬਹੱਤਰ ਵਰ੍ਹੇ ਸੰਭਾਲ ਕੀਤੀ। ਪਿਛਲੇ ਸਾਲ ਉਹ ਆਪਣੇ ਆਪ ਡਿੱਗ ਗਈ। ਲੋਕਾਂ ਮੈਨੂੰ ਬਥੇਰਾ ਕਹਿਣਾ ਕਿ ਇਸਨੂੰ ਢਾਹ ਕੇ ਇੱਟਾਂ ਕਿਤੇ ਹੋਰ ਵਰਤ ਲੈ। ਮੈਂ ਨਾਂਹ ਕਰ ਦੇਣੀ। ਕਈਆਂ ਆਖਣਾ-ਮੁਸਲਮਾਨਾਂ ਤੁਹਾਡਾ ਸਾਰਾ ਟੱਬਰ ਕਤਲ ਕਰ ਦਿੱਤਾ ਤੇ ਤੁਸੀਂ ਉਨ੍ਹਾਂ ਦੀ ਮਸੀਤ ਸੰਭਾਲ ਰਹੇ ਹੋ।
ਮੈਂ ਆਖਣਾ-ਅੱਲ੍ਹਾ ਦਾ ਘਰ ਸੰਭਾਲ ਕੇ ਮੈਂ ਉਸ ਮੁਸਲਮਾਨ ਦਾ ਕਰਜ਼ ਉਤਾਰ ਰਿਹਾਂ ਜਿਹੜਾਂ ਮੈਨੂੰ ਲਾਸ਼ਾਂ ਵਿਚਾਲਿਓਂ ਚੁੱਕ ਕੇ ਆਪਣੇ ਘਰ ਲੈ ਗਿਆ ਸੀ ਤੇ ਫਿਰ ਮੇਰੀ ਬਾਂਹ ਸਰਦਾਰ ਸੋਹਣ ਸਿੰਘ ਹੋਰਾਂ ਨੂੰ ਫੜਾ ਦਿੱਤੀ ਸੀ।
ਸੰਪਰਕ: 97818-43444