ਮੁੰਬਈ: ਛੇਤੀ ਹੀ ਪਿਤਾ ਬਣਨ ਜਾ ਰਿਹਾ ਅਦਾਕਾਰ ਰਣਬੀਰ ਕਪੂਰ ਇਸ ਵੇਲੇ ਕਈ ਤਰ੍ਹਾਂ ਦੇ ਭਾਵੁਕ ਉਤਾਰ-ਚੜ੍ਹਾਅ ’ਚੋਂ ਲੰਘ ਰਿਹਾ ਹੈ। ਇੱਕ ਪਲ ਲਈ ਉਹ ਬਹੁਤ ਉਤਸ਼ਾਹਿਤ ਹੋ ਜਾਂਦਾ ਹੈ ਤੇ ਦੂਜੇ ਹੀ ਪਲ ਪਿਤਾ ਬਣਨ ਦੀ ਜ਼ਿੰਮੇਵਾਰੀ ਉਸ ਨੂੰ ਥੋੜ੍ਹਾ ਡਰਾ ਦਿੰਦੀ ਹੈ। ਰਣਬੀਰ ਕਪੂਰ ਦਾ ਕਹਿਣਾ ਹੈ ਕਿ ਉਹ ਆਪਣੇ ਪਹਿਲੇ ਬੱਚੇ ਦੀ ਖ਼ਬਰ ਮਿਲਣ ਮਗਰੋਂ ਬਹੁਤ ਹੀ ਖੁਸ਼ ਅਤੇ ਉਤਸ਼ਾਹਿਤ ਹੈ। ਜ਼ਿਕਰਯੋਗ ਹੈ ਕਿ ਰਣਬੀਰ ਕਪੂਰ ਤੇ ਆਲੀਆ ਭੱਟ ਅਪਰੈਲ ਮਹੀਨੇ ਵਿੱਚ ਵਿਆਹ ਬੰਧਨ ’ਚ ਬੱਝੇ ਸਨ ਅਤੇ ਪਿਛਲੇ ਮਹੀਨੇ ਆਲੀਆ ਵੱਲੋਂ ਆਪਣੇ ਗਰਭਵਤੀ ਹੋਣ ਦੀ ਖੁਸ਼ੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਗਈ ਸੀ। ਰਣਬੀਰ ਦਾ ਕਹਿਣਾ ਹੈ ਕਿ ਬੇਸ਼ੱਕ ਉਸ ਲਈ ਇਸ ਅਹਿਸਾਸ ਨੂੰ ਬਿਆਨ ਕਰ ਸਕਣਾ ਬਹੁਤ ਔਖਾ ਕੰਮ ਹੈ, ਪਰ ਫਿਰ ਵੀ ਉਹ ਆਪਣੇ ਜੀਵਨ ਦੇ ਇਸ ਨਵੇਂ ਪੜਾਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਅਦਾਕਾਰ ਦਾ ਕਹਿਣਾ ਹੈ, ‘ਮੈਂ ਖ਼ੁਦ ਨੂੰ ਖੁਸ਼ਕਿਸਮਤ ਮਹਿਸੂਸ ਕਰ ਰਿਹਾ ਹਾਂ, ਉਤਸ਼ਾਹਿਤ ਹਾਂ, ਘਬਰਾਇਆ ਹੋਇਆ ਹਾਂ ਤੇ ਇਸ ਦੇ ਨਾਲ ਹੀ ਡਰਿਆ ਹੋਇਆ ਵੀ ਹਾਂ ਕਿਉਂਕਿ ਇਸ ਮੌਕੇ ਮੈਨੂੰ ਖ਼ੁਦ ਕੋਲੋਂ ਤੇ ਇਸ ਰਿਸ਼ਤੇ ਕੋਲੋਂ ਬਹੁਤ ਸਾਰੀਆਂ ਉਮੀਦਾਂ ਹਨ ਅਤੇ ਮੈਂ ਇਸ ਕੋਲੋਂ ਕੀ ਚਾਹੁੰਦਾ ਹਾਂ ਤੇ ਮੈਂ ਕੀ ਦੇਣਾ ਚਾਹੁੰਦਾ ਹਾਂ।’ -ਪੀਟੀਆਈ