ਨਵੀਂ ਦਿੱਲੀ: ਪ੍ਰਸਿੱਧ ਅਰਥ ਸ਼ਾਸਤਰੀ ਬਬਿੇਕ ਦੇਬਰੋਏ, ਮਸ਼ਹੂਰ ਫਿਲਮ ਨਿਰਮਾਤਾ ਰਾਹੁਲ ਰਵੇਲ, ਕਵੀ-ਲੇਖਕ ਜੈਰੀ ਪਿੰਟੋ ਅਤੇ ਗਾਇਕ ਰੈਮੋ ਫਰਨਾਂਡੇਜ਼ 14 ਮਈ ਤੋਂ ਸ਼ੁਰੂ ਹੋ ਰਹੇ ਕੁਮਾਓਂ ਲਿਟਰੇਰੀ ਫੈਸਟੀਵਲ (ਕੇਐੱਲਐੱਫ) ਦੇ ਛੇਵੇਂ ਐਡੀਸ਼ਨ ਵਿੱਚ ਹਿੱਸਾ ਲੈਣਗੇ। ਗੋਆ ਵਿੱਚ ਪਹਿਲੀ ਵਾਰ ਹੋਣ ਵਾਲੇ ਇਸ ਦੋ ਰੋਜ਼ਾ ਫੈਸਟੀਵਲ ਵਿੱਚ ਕਲਾ, ਸਿਨੇਮਾ ਅਤੇ ਸਾਹਿਤ ਬਾਰੇ ਵੱਖ-ਵੱਖ ਸੈਸ਼ਨ ਹੋਣਗੇ। ਫੈਸਟੀਵਲ ਦਾ ਉਦਘਾਟਨ ਗੋਆ ਦੇ ਗਵਰਨਰ ਪੀਐੱਸ ਸ੍ਰੀਧਰਨ ਪਿੱਲੈ ਕਰਨਗੇ। ਰਵਾਇਤੀ ਤੌਰ ’ਤੇ ਨੈਨੀਤਾਲ ਵਿੱਚ ਹੋਣ ਵਾਲਾ ਫੈਸਟੀਵਲ 2014 ਵਿੱਚ ਸ਼ੁਰੂ ਹੋਇਆ ਸੀ ਅਤੇ ਪਿਛਲੇ ਸਾਲ ਕਰੋਨਾ ਮਹਾਮਾਰੀ ਕਾਰਨ ਇਹ ਡਿਜੀਟਲ ਢੰਗ ਨਾਲ ਕਰਵਾਇਆ ਗਿਆ ਸੀ। ਕੇਐੱਲਐੱਫ ਦੀ ਸੰਸਥਾਪਕ ਸੁਮੰਤ ਬੱਤਰਾ ਨੇ ਕਿਹਾ, ‘‘ਅਸੀਂ ਇਸ ਸਾਲ ਕੁਮਾਓਂ ਲਿਟਰੇਰੀ ਫੈਸਟੀਵਲ ਦੀ ਮੇਜ਼ਬਾਨੀ ਲਈ ਬਹੁਤ ਉਤਸ਼ਾਹਿਤ ਹਾਂ। ਸਾਡੇ ਕੋਲ ਇਸ ਸਾਲ ਕੁਝ ਦਿਲਚਸਪ ਕਿਤਾਬਾਂ ਅਤੇ ਪ੍ਰਭਾਵਸ਼ਾਲੀ ਬੁਲਾਰਿਆਂ ਦੀ ਇੱਕ ਲੰਬੀ ਕਤਾਰ ਹੈ।’’ ਇਸ ਸਾਲ ਫੈਸਟੀਵਲ ਵਿੱਚ ਫਿਲਮ ਇਤਿਹਾਸਕਾਰ ਅਤੇ ਲੇਖਕ ਅੰਮ੍ਰਿਤ ਗੰਗਾਰ, ਇਸਕੋਨ (ਬੰਗਲੌਰ) ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਚੰਚਲਾਪਤੀ ਦਾਸ, ਲੇਖਕ ਗੌਤਮ ਚਿੰਤਾਮਣੀ, ਵਨੀਤਾ ਕੋਲਹੋ ਅਤੇ ਕਿਰਨ ਮਨਰਲ ਵਰਗੇ ਬੁਲਾਰੇ ਵੀ ਸ਼ਾਮਲ ਹਨ। ਮੁੱਖ ਭਾਸ਼ਨ ਦੇਬਰੋਏ ਵੱਲੋਂ ਦਿੱਤਾ ਜਾਵੇਗਾ, ਜੋ ਇਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਚੇਅਰਮੈਨ ਵਜੋਂ ਸੇਵਾ ਨਿਭਾਅ ਰਹੇ ਹਨ। ਇਹ ਫੈਸਟੀਵਲ 15 ਮਈ ਨੂੰ ਸਮਾਪਤ ਹੋਵੇਗਾ। -ਪੀਟੀਆਈ