ਮੁੰਬਈ: ਬੌਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਫ਼ਿਲਮ ‘ਬਧਾਈ ਦੋ’ ਤੋਂ ਮਗਰੋਂ ਇੱਕ ਵਾਰ ਫਿਰ ਅਦਾਕਾਰ ਰਾਜਕੁਮਾਰ ਰਾਓ ਨਾਲ ਫ਼ਿਲਮ ‘ਭੀੜ’ ਵਿੱਚ ਨਜ਼ਰ ਆਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਅਨੁਭਵ ਸਿਨਹਾ ਕਰੇਗਾ। ਭੂਮੀ ਨੇ ਕਿਹਾ, ‘ਅਨੁਭਵ ਸਿਨਹਾ ਦੀ ਫ਼ਿਲਮ ਦਾ ਹਿੱਸਾ ਹੋਣਾ ਬਹੁਤ ਮਾਣ ਵਾਲੀ ਅਤੇ ਅਹਿਮ ਗੱਲ ਹੈ। ਉਸ ਨੂੰ ਵੀ ਮੇਰੇ ਵਾਂਗ ਲੱਗਦਾ ਹੈ ਕਿ ਫ਼ਿਲਮਾਂ ਵਿੱਚ ਵਿਚਾਰ ਬਦਲਣ ਦੀ ਸਮਰੱਥਾ ਹੈ। ਇੱਕ ਕਲਾਕਾਰ ਹੋਣ ਦੇ ਨਾਤੇ ਆਪਣੇ ਨਾਲ ਜੁੜੀਆਂ ਕਹਾਣੀਆਂ ਦੱਸਣਾ ਸਾਡੀ ਜ਼ਿੰਮੇਵਾਰੀ ਹੈ। ਇਹ ਇੱਕ ਵਧੀਆ ਵਿਸ਼ਾ ਹੈ ਅਤੇ ਮੈਂ ਇਸ ਫ਼ਿਲਮ ਦੇ ਸਫਰ ’ਚ ਸ਼ਾਮਲ ਹੋਣ ਲਈ ਹੋਰ ਉਡੀਕ ਨਹੀਂ ਕਰ ਸਕਦੀ।’ ਫ਼ਿਲਮ ਦੀ ਸ਼ੂਟਿੰਗ ਲਖਨਊ ’ਚ ਨਵੰਬਰ ਮਹੀਨੇ ਸ਼ੁਰੂ ਹੋਣ ਦੀ ਉਮੀਦ ਹੈ। ਸਿਨਹਾ ਨੇ ਕਿਹਾ, ‘ਅਜਿਹੀ ਫ਼ਿਲਮ ਲਈ ਭੂਮੀ ਢੁਕਵੀਂ ਪਸੰਦ ਸੀ। ਉਹ ਇੱਕ ਭਰੋੋਸੇਯੋਗ ਅਦਾਕਾਰਾ ਹੈ ਅਤੇ ਉਸ ਦੀ ਆਪਣੀ ਵਿਚਾਰਧਾਰਾ ਹੈ। ਇਸ ਕਿਰਦਾਰ ਲਈ ਅਜਿਹੀਆਂ ਹੀ ਖੂਬੀਆਂ ਦੀ ਲੋੜ ਹੈ। ਮੈਂ ਇਸ ਤੋਂ ਬਿਹਤਰ ਕਾਸਟ (ਕਲਾਕਾਰਾਂ) ਦੀ ਮੰਗ ਨਹੀਂ ਕਰ ਸਕਦਾ ਸੀ। ਇਹ ਉਹ ਅਦਾਕਾਰ ਹਨ, ਜੋ ਪਰਦੇ ’ਤੇ ਜਾਦੂ ਦਿਖਾਉਣ ਲਈ ਲਿਖੇ ਹੋਏ ਸ਼ਬਦਾਂ ਨੂੰ ਉਭਾਰਦੇ ਹਨ।’ ਉਸ ਨੇ ਕਿਹਾ ਕਿ ਉਹ ਇਸ ਟੀਮ ਨਾਲ ਕੰਮ ਕਰਨ ਲਈ ਰੱਬ ਦਾ ਸ਼ੁਕਰਗੁਜ਼ਾਰ ਹੈ। ਇਹ ਫ਼ਿਲਮ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਅਤੇ ਅਨੁਭਵ ਸਿਨਹਾ ਦੀ ਬਨਾਰਸ ਮੀਡੀਆਵਰਕਸ ਵੱਲੋਂ ਸਾਂਝੇ ਤੌਰ ’ਤੇ ਪੇਸ਼ ਕੀਤੀ ਜਾ ਰਹੀ ਹੈ। ਭੂਸ਼ਣ ਕੁਮਾਰ ਨੇ ਕਿਹਾ, ‘ਭੂਮੀ ਇੱਕ ਬਹੁਤ ਵਧੀਆ ਅਦਾਕਾਰਾ ਹੈ ਅਤੇ ਇਸ ਭੂਮਿਕਾ ਲਈ ਉਸ ਤੋਂ ਵਧੀਆ ਕੋਈ ਹੋਰ ਪਸੰਦ ਨਹੀਂ ਹੋ ਸਕਦੀ ਸੀ।’ -ਆਈਏਐੱਨਐੱਸ