ਹੈਦਰਾਬਾਦ: ਅਦਾਕਾਰਾ ਅਨੁਸ਼ਕਾ ਸ਼ੈੱਟੀ ਨੇ ਅੱਜ ਆਪਣੇ ਜਨਮਦਿਨ ਮੌਕੇ ਨਵੀਂ ਫਿਲਮ ਸ਼ੁਰੂ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਸ ਨੇ ਇਸ ਫਿਲਮ ਨੂੰ ‘ਨਵੀਂ ਪੀੜ੍ਹੀ ਦਾ ਮਨੋਰੰਜਨ’ ਦੱਸਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਮਹੇਸ਼ ਬਾਬੂ ਵੱਲੋਂ ਕੀਤਾ ਜਾਵੇਗਾ। ਫਿਲਮ ਦਾ ਨਾਮ ਹਾਲੇ ਤੈਅ ਨਹੀਂ ਕੀਤਾ ਗਿਆ ਹੈ। ਇਹ ਫਿਲਮ ‘ਯੂਵੀ ਕ੍ਰਿਏਸ਼ਨਜ਼’ ਵੱਲੋਂ ਬਣਾਈ ਜਾ ਰਹੀ ਹੈ ਜਿਨ੍ਹਾਂ ਵੱਲੋਂ ਪਹਿਲਾਂ ਵੀ ‘ਭਾਗਮਤੀ’ ਅਤੇ ‘ਮਿਰਚੀ’ ਵਰਗੀਆਂ ਫਿਲਮਾਂ ਸ਼ੈੱਟੀ ਨਾਲ ਬਣਾਈਆਂ ਗਈਆਂ ਹਨ। ਅਦਾਕਾਰਾ ਨੇ ਇਹ ਜਾਣਕਾਰੀ ਆਪਣੇ 40ਵੇਂ ਜਨਮਦਿਨ ਮੌਕੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਸਾਂਝੀ ਕੀਤੀ। ਅਨੁਸ਼ਕਾ ਨੇ ਲਿਖਿਆ, ‘ਮੇਰੇ ਜਨਮਦਿਨ ’ਤੇ ਮਿਲਣ ਵਾਲੇ ਪਿਆਰ ਅਤੇ ਸ਼ੁਭਕਾਮਨਾਵਾਂ ਦਰਮਿਆਨ ਮੈਂ ਬਹੁਤ ਖੁਸ਼ੀ ਨਾਲ ਆਪਣੀ ਨਵੀਂ ਫਿਲਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਮੇਰੀ ਨਵੀਂ ਫਿਲਮ #ਮਹੇਸ਼ਬਾਬੂ ਤੇ #ਯੂਵੀਕ੍ਰਿਏਸ਼ਨਜ਼ਆਫੀਸ਼ੀਅਲ ਨਾਲ ਹੋਵੇਗੀ।’ ਅਨੁਸ਼ਕਾ ਸ਼ੈੱਟੀ ਹਾਲਾਂਕਿ 2005 ਤੋਂ ਹੀ ਤੇਲਗੂ ਅਤੇ ਤਾਮਿਲ ਫਿਲਮਾਂ ਵਿੱਚ ਸਰਗਰਮ ਹੈ, ਪਰ ਐੱਸਐੱਸ ਰਾਜਾਮੌਲੀ ਦੀ ‘ਬਾਹੂਬਲੀ’ ਨਾਲ ਅਦਾਕਾਰਾ ਨੂੰ ਵੱਡੇ ਪੱਧਰ ’ਤੇ ਪਛਾਣ ਮਿਲੀ। ਅਨੁਸ਼ਕਾ ਨੂੰ ਇਸ ਤੋਂ ਪਹਿਲਾਂ ਤਾਮਿਲ ਫਿਲਮ ‘ਨਿਸ਼ਬਦਮ’ ਵਿੱਚ ਦੇਖਿਆ ਗਿਆ ਸੀ, ਜੋ 2020 ’ਚ ਐਮਾਜ਼ੋਨ ’ਤੇ ਰਿਲੀਜ਼ ਕੀਤੀ ਗਈ ਸੀ। -ਪੀਟੀਆਈ