ਮੁੰਬਈ, 16 ਜੁਲਾਈ
ਅਦਾਕਾਰਾ ਸੁਰੇਖਾ ਸੀਕਰੀ (75) ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਸੁਰੇਖਾ ਨੂੰ ਫ਼ਿਲਮ ‘ਮੰਮੋ’, ‘ਬਧਾਈ ਹੋ’ ਅਤੇ ਟੀਵੀ ਸ਼ੋਅ ‘ਬਾਲਿਕਾ ਵਧੂ’ ਵਿੱਚ ਉਨ੍ਹਾਂ ਦੇ ਕੰਮ ਲਈ ਲਈ ਜਾਣਿਆ ਜਾਂਦਾ ਸੀ। ਸੁਰੇਖਾ ਸੀਕਰੀ ਨੂੰ ਦੂਜੀ ਵਾਰ ਬ੍ਰੇਨ ਹੈਮਰੇਜ ਹੋਣ ਮਗਰੋਂ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਸੀ। ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸੁਰੇਖਾ ਨੂੰ ਪਹਿਲੀ ਵਾਰ ਬ੍ਰੇਨ ਸਟਰੋਕ ਪਿਛਲੇ ਵਰ੍ਹੇ ਸਤੰਬਰ ਮਹੀਨੇ ਹੋਇਆ ਸੀ। ਉਨ੍ਹਾਂ ਉੱਤਰ ਪ੍ਰਦੇਸ਼ ਦੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਫਿਰ 1968 ਵਿਚ ਨੈਸ਼ਨਲ ਸਕੂਲ ਆਫ਼ ਡਰਾਮਾ (ਐੱਨਐੱਸਡੀ) ਵਿੱਚ ਦਾਖਲਾ ਲਿਆ। 1971 ਵਿੱਚ ਐੱਨਐੱਸਡੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਮਗਰੋਂ ਸੀਕਰੀ ‘ਐੱਨਐੱਸਡੀ ਰੈਪਰੇਟਰੀ ਕੰਪਨੀ’ ਨਾਲ ਜੁੜੀ ਰਹੀ। ਉਨ੍ਹਾਂ ਨੇ ‘ਸੰਧਿਆ ਛਾਇਆ’, ‘ਤੁਗਲਕ’ ਅਤੇ ‘ਆਧੇ ਅਧੂਰੇ’ ਵਰਗੇ ਕਈ ਮਸ਼ਹੂਰ ਨਾਟਕ ਕੀਤੇ। ਇਸ ਮਗਰੋਂ ਸੀਕਰੀ ਮੁੰਬਈ ਚਲੀ ਗਈ ਅਤੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1978 ਵਿੱਚ ‘ਕਿੱਸਾ ਕੁਰਸੀ ਕਾ’ ਨਾਲ ਕੀਤੀ। 1986 ਵਿਚ ਆਈ ਫਿਲਮ ‘ਤਮਸ’ ਵਿਚ ਅਦਾਕਾਰੀ ਲਈ ਉਨ੍ਹਾਂ ਨੂੰ ਕਰੀਅਰ ਦਾ ਪਹਿਲਾ ਕੌਮੀ ਫ਼ਿਲਮ ਪੁਰਸਕਾਰ ਮਿਲਿਆ ਸੀ। 1989 ਵਿੱਚ ਉਨ੍ਹਾਂ ਨੂੰ ‘ਸੰਗੀਤ ਨਾਟਕ ਅਕਾਦਮੀ ਐਵਾਰਡ’ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਮਗਰੋਂ ਉਨ੍ਹਾਂ ਨੂੰ 1994 ਵਿੱਚ ਫਿਲਮ ‘ਮੰਮੋ’ ਲਈ ਵੀ ਕੌਮੀ ਫ਼ਿਲਮ ਪੁਰਸਕਾਰ ਮਿਲਿਆ। ਉਨ੍ਹਾਂ ਨੇ ‘ਸਰਦਾਰੀ ਬੇਗ਼ਮ’ ਅਤੇ ‘ਜ਼ੁਬੈਦਾ’ ਵਿੱਚ ਵੀ ਕੰਮ ਕੀਤਾ। ਸੁਰੇਖਾ ਨੇ ਟੀਵੀ ’ਤੇ ‘ਸਾਂਝਾ ਚੁੱਲ੍ਹਾ’, ‘ਕਭੀ ਕਭੀ’, ‘ਜਸਟ ਮੁਹੱਬਤ’, ‘ਸੀਆਈਡੀ’, ‘ਬਨੇਗੀ ਅਪਨੀ ਬਾਤ’ ਵਰਗੇ ਕਈ ਸੀਰੀਅਲ ਕੀਤੇ ਤੇ ‘ਬਾਲਿਕਾ ਵਧੂ’ ਵਿੱਚ ਦਾਦੀ ਦੀ ਭੂਮਿਕਾ ਨਿਭਾਈ। ਉਹ ਆਖਰੀ ਵਾਰ ਨੈੱਟਫਲਿਕਸ ਉੱਤੇ ‘ਘੋਸਟ ਸਟੋਰੀਜ਼’ ਵਿੱਚ ਨਜ਼ਰ ਆਈ ਸੀ। -ਪੀਟੀਆਈ