ਗੁਰਮੀਤ ਸਿੰਘ*
ਰਲ ਚੁੰਝੇ ਢੀਂਗ ਨੂੰ ਅੰਗਰੇਜ਼ੀ ਵਿੱਚ ‘ਏਸ਼ੀਅਨ ਓਪਨ ਬਿੱਲ ਸਟੌਰਕ’(Asian Open bill Stork) ਅਤੇ ਹਿੰਦੀ ਵਿੱਚ ਘੋਗਿਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਲੰਬੀ ਅਤੇ ਆਕਰਸ਼ਕ ਚੁੰਝ ਵਾਲਾ ਇਹ ਪੰਛੀ ਮੀਂਹ ਸ਼ੁਰੂ ਹੋਣ ਤੋਂ ਬਾਅਦ ਦਿਖਾਈ ਦਿੰਦਾ ਹੈ। ਇਹ ਢੀਂਗ ਪਰਿਵਾਰ (ਸਟੌਰਕ ਪਰਿਵਾਰ) ਦਾ ਲੰਮੀਆਂ ਲੱਤਾਂ ਵਾਲਾ ਜਲ ਪੰਛੀ ਹੈ। ਇਹ ਮੁੱਖ ਤੌਰ ’ਤੇ ਭਾਰਤੀ ਉਪ ਮਹਾਂਦੀਪ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਪਾਇਆ ਜਾਂਦਾ ਹੈ। ਇਸ ਦੀ ਚੁੰਝ ਦੋਹਾਂ ਸਿਰਿਆਂ ਤੋਂ ਜੁੜੀ ਹੋਈ ਹੁੰਦੀ ਹੈ ਅਤੇ ਵਿਚਕਾਰ ਵਿੱਥ ਹੋਣ ਕਰਕੇ ਇਸ ਨੂੰ ਵਿਰਲ ਚੁੰਝਾ ਢੀਂਗ ਕਿਹਾ ਜਾਂਦਾ ਹੈ। ਇਨ੍ਹਾਂ ਦੇ ਬੱਚਿਆਂ ਦੀਆਂ ਚੁੰਝਾਂ ਵਿੱਚ ਅਜਿਹੀ ਵਿੱਥ ਨਹੀਂ ਹੁੰਦੀ। ਕਈ ਬਾਰ ਇਸ ਦਾ ਭੁਲੇਖਾ ਲਕਲਕ ਢੀਂਗ (White Stork) ਨਾਲ ਪੈ ਜਾਂਦਾ ਹੈ, ਪਰ ਵਿਰਲ ਚੁੰਝੇ ਢੀਂਗ ਦੀ ਚੁੰਝ ਸਭ ਕੁਝ ਸਪੱਸ਼ਟ ਕਰ ਦਿੰਦੀ ਹੈ।
ਇਹ ਦਰਮਿਆਨੇ ਆਕਾਰ ਦੇ ਪੰਛੀ ਹਨ ਅਤੇ ਔਸਤਨ, 81 ਸੈਂਟੀਮੀਟਰ ਲੰਬੇ ਹੁੰਦੇ ਹਨ। ਇਨ੍ਹਾਂ ਦਾ ਇੱਕ ਖੰਭ 147 ਤੋਂ 149 ਸੈਂਟੀਮੀਟਰ ਤੱਕ ਲੰਬਾ ਹੁੰਦਾ ਹੈ। ਇਸ ਦੀ ਚੁੰਝ ਘਸਮੈਲੀ ਜਾਂ ਮਿੱਟੀ ਰੰਗੀ ਹੁੰਦੀ ਹੈ। ਇਹ ਹਲਕੇ ਹਰੇ ਅਤੇ ਕਾਲੇ ਰੰਗ ਦੀ ਭਾਹ ਮਾਰਦੀ ਹੈ। ਇਸ ਦਾ ਬਾਕੀ ਦਾ ਸਰੀਰ ਦੁੱਧ ਚਿੱਟਾ ਹੁੰਦਾ ਹੈ। ਇਨ੍ਹਾਂ ਦੀਆਂ ਕਾਨੇ ਵਰਗੀਆਂ ਪਤਲੀਆਂ ਲੱਤਾਂ ਹਲਕੇ ਲਾਲ ਰੰਗ ਦੀਆਂ ਹੁੰਦੀਆਂ ਹਨ।
ਝੀਲਾਂ, ਤਲਾਬ, ਡੈਮ, ਝੋਨੇ ਦੇ ਖੇਤ, ਪੇਤਲੇ ਪਾਣੀ ਵਾਲੀਆਂ ਦਲਦਲਾਂ, ਜਿਨ੍ਹਾਂ ਵਿੱਚ ਡੱਡੂ, ਮੱਛੀਆਂ, ਕੇਕੜੇ, ਲੰਮੇ ਕੀੜੇ ਅਤੇ ਹੋਰ ਨਿੱਕੇ ਮੋਟੇ ਜੀਵ- ਜੰਤੂਆਂ ਦੀ ਭਰਮਾਰ ਹੋਵੇ, ਇਨ੍ਹਾਂ ਦੇ ਮਨਭਾਉਂਦੇ ਟਿਕਾਣੇ ਹਨ। ਇਹ ਆਪਣੀ ਚੁੰਝ ਵਿਚਲੀ ਵਿਰਲ ਨੂੰ ਸ਼ਿਕਾਰ ਦੇ ਮੂੰਹ ਜਾਂ ਖੋਪੜੀ ਦੀ ਝਿੱਲੀ ਤੋੜਨ ਲਈ ਵਰਤਦਾ ਹੈ। ਇਸ ਤਰ੍ਹਾਂ ਇਹ ਸ਼ਿਕਾਰ ਦੇ ਨਰਮ ਭਾਗ ਨੂੰ ਨਿਗਲ ਜਾਂਦਾ ਹੈ।
ਇਨ੍ਹਾਂ ਦਾ ਪ੍ਰਜਣਨ ਦਾ ਸਮਾਂ ਜੁਲਾਈ ਤੋਂ ਸਤੰਬਰ ਤੱਕ ਹੁੰਦਾ ਹੈ। ਇਨ੍ਹਾਂ ਦਿਨਾਂ ਵਿੱਚ ਨਰ ਤੇ ਮਾਦਾ ਇੱਕ ਦੂਜੇ ਨਾਲ ਚੁੰਝਾਂ ਭਿੜਾਕੇ ਜ਼ੋਰ- ਜ਼ੋਰ ਨਾਲ ਕੜਕ-ਕੜਕ ਦੀਆਂ ਆਵਾਜ਼ਾਂ ਕੱਢਦੇ ਹਨ। ਨਰ, ਮਾਦਾ ਜਲਕਾਵਾਂ, ਬਗਲਿਆਂ, ਸਾਰਸ ਲਮਢੀਂਗਾਂ ਅਤੇ ਹੋਰ ਜਲਚਰੀ ਪੰਛੀਆਂ ਨਾਲ ਤੀਲੀਆਂ ਅਤੇ ਜਲਬੂਟਿਆਂ ਤੋਂ ਬਣੇ ਗੋਲ, ਖੁਰਦਰੇ ਗੁਬੰਦ ਆਲ੍ਹਣਿਆਂ ਵਿੱਚ ਰਹਿੰਦੇ ਹਨ। ਇਹ ਪਾਣੀ ਵਿੱਚ ਜਾਂ ਕੰਢੇ ’ਤੇ ਖੜ੍ਹੇ ਰੁੱਖਾਂ ’ਤੇ ਬਣਾਏ ਜਾਂਦੇ ਹਨ। ਮਾਦਾ ਘਸਮੈਲੇ ਜਿਹੇ ਰੰਗ ਦੇ ਤਿੰਨ ਜਾਂ ਚਾਰ ਆਂਡੇ ਦਿੰਦੀ ਹੈ। ਦੋਵੇਂ ਨਰ-ਮਾਦਾ ਚੂਚਿਆਂ ਨੂੰ ਸ਼ਿਕਾਰੀਆਂ ਅਤੇ ਕਠੋਰ ਮੌਸਮ ਦੀਆਂ ਸਥਿਤੀਆਂ ਤੋਂ ਬਚਾਉਣ ਲਈ ਆਲ੍ਹਣੇ ਵਿੱਚ ਲਗਾਤਾਰ ਮੌਜੂਦ ਰਹਿੰਦੇ ਹਨ। ਇਨ੍ਹਾਂ ਦੇ ਆਲ੍ਹਣਿਆਂ ਵਿੱਚ ਪਲ ਰਹੇ ਬੱਚਿਆਂ ’ਤੇ ਕਈ ਬਾਰ ਇੱਲ੍ਹਾਂ ਵੱਲੋਂ ਚੂਚਿਆਂ ’ਤੇ ਹਮਲਾ ਕਰਕੇ ਸ਼ਿਕਾਰ ਕੀਤਾ ਜਾਂਦਾ ਹੈ। ਇੱਕ ਵਿਗਿਆਨਕ ਖੋਜ ਅਨੁਸਾਰ ਵਿਰਲ ਚੁੰਝੇ ਢੀਂਗ ਦੀ ਉਮਰ 18 ਸਾਲ ਤੱਕ ਦੱਸੀ ਗਈ ਹੈ।
ਵਿਰਲ ਚੁੰਝੇ ਢੀਂਗ ਗਿੱਲੀ ਜ਼ਮੀਨ ਦੀ ਵਾਤਾਵਰਣਕ ਸਿਹਤ ਦੇ ਪ੍ਰਭਾਵਸ਼ਾਲੀ ਸੰਚਾਲਕ ਵਜੋਂ ਕੰਮ ਕਰਦੇ ਹਨ। ਇਨ੍ਹਾਂ ਦਾ ਮਲ-ਮੂਤਰ ਨਾਈਟ੍ਰੋਜਨ ਅਤੇ ਫਾਸਫੋਰਸ ਨਾਲ ਭਰਪੂਰ ਹੁੰਦਾ ਹੈ ਜੋ ਗਿੱਲੀ ਜ਼ਮੀਨ ਦੇ ਪੌਦਿਆਂ ਲਈ ਖਾਦ ਦੇ ਇੱਕ ਪ੍ਰਭਾਵਸ਼ਾਲੀ ਰੂਪ ਵਜੋਂ ਕੰਮ ਕਰਦਾ ਹੈ। ਇਹ ਬਦਲੇ ਵਿੱਚ ਮੱਛੀਆਂ ਅਤੇ ਕੇਕੜਿਆਂ ਦੀ ਆਬਾਦੀ ਵਿੱਚ ਮਹੱਤਵਪੂਰਨ ਵਾਧੇ ਦਾ ਕਾਰਨ ਬਣਦਾ ਹੈ, ਜੋ ਉਨ੍ਹਾਂ ਨੂੰ ਭੋਜਨ ਦਿੰਦੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਰਲ ਚੁੰਝੇ ਢੀਂਗ ਵਰਗੇ ਪੰਛੀ ਬਹੁਤ ਸਾਰੇ ਜਲ ਜੀਵਾਂ ਨੂੰ ਖੁਰਾਕ ਵਜੋਂ ਖਾ ਕੇ ਸਾਡੇ ਪਾਣੀ ਦੇ ਸਰੋਤਾਂ ਨੂੰ ਸਾਫ਼ – ਸੁਥਰਾ ਰੱਖਣ ਵਿੱਚ ਸਾਡੀ ਸਹਾਇਤਾ ਕਰਦੇ ਹਨ, ਪਰ ਮਨੁੱਖ ਵੱਲੋਂ ਇਸ ਕੰਮ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਮਨੁੱਖ ਵੱਲੋਂ ਵੱਖ-ਵੱਖ ਪਾਣੀ ਦੇ ਸਰੋਤਾਂ ਨੂੰ ਗੰਧਲਾ ਕੀਤਾ ਜਾਂਦਾ ਹੈ। ਕੀੜੇ ਮਾਰਨ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਸਾਨੂੰ ਕੁਦਰਤ ਦੇ ਅਨਮੋਲ ਸਰਮਾਏ ਨੂੰ ਸਮਝਣ ਤੇ ਸੁਰੱਖਿਅਤ ਰੱਖਣ ਦੀ ਲੋੜ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910