ਨਵੀਂ ਦਿੱਲੀ: ਭਾਰਤੀ ਮੂਲ ਦੇ ਅਮਰੀਕੀ ਅਦਾਕਾਰ ਰਵੀ ਪਟੇਲ ਦਾ ਕਹਿਣਾ ਹੈ ਕਿ ਹੌਲੀਵੁੱਡ ਵਿੱਚ ਭਾਰਤੀ ਹੁਨਰ ਲਈ ਬਹੁਤ ਕੁਝ ਬਦਲ ਰਿਹਾ ਹੈ। ਉਸ ਨੇ ਕਿਹਾ ਕਿ ਪੱਛਮ ਵਿੱਚ ਭਾਰਤੀ ਅਦਾਕਾਰਾਂ ਨੂੰ ਪਹਿਲਾਂ ਨਾਲੋਂ ਵਧੇਰੇ ਦੇਖਿਆ ਜਾਣ ਲੱਗਿਆ ਹੈ। ਅਮਰੀਕੀ ਅਦਾਕਾਰ ਦਸਤਾਵੇਜ਼ੀ ‘ਮੀਟ ਦਿ ਪਟੇਲਜ਼’ ਲਈ ਮਸ਼ਹੂਰ ਹੈ ਅਤੇ ਜਲਦੀ ਹੀ ‘ਵੰਡਰ ਵਿਮੈਨ 1984’ ਵਿੱਚ ਨਜ਼ਰ ਆਵੇਗਾ। ਇਸ ਤੋਂ ਇਲਾਵਾ ਉਹ ਕਈ ਲੜੀਵਾਰਾਂ ਵਿੱਚ ਅਦਾਕਾਰੀ ਕਰ ਚੁੱਕਿਆ ਹੈ। ਉਸ ਨੇ ਦੱਸਿਆ ਕਿ ਉਹ ਸਿਰਫ ਉਹੀ ਭੂਮਿਕਾਵਾਂ ਨਿਭਾਉਂਦਾ ਹੈ, ਜਿਸ ਨੂੰ ਉਹ ਪਸੰਦ ਕਰਦਾ ਹੈ। ਜੇ ਉਸ ਨੂੰ ਕਿਸੇ ਕਿਰਦਾਰ ਵਿੱਚ ਕੁਝ ਗ਼ਲਤ ਲੱਗਦਾ ਹੈ ਤਾਂ ਉਹ ਉਸ ਬਾਰੇ ਬੋਲਣਾ ਸਹੀ ਸਮਝਦਾ ਹੈ। ਪੱਛਮ ਵਿੱਚ ਏਸ਼ਿਆਈ ਲੋਕਾਂ ਦੀ ਨੁਮਾਇੰਦਗੀ ਬਾਰੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਅਮਰੀਕਾ ਦੀਆਂ ਜ਼ਿਆਦਾਤਰ ਕੰਪਨੀਆਂ ਵਿੱਚ ਏਸ਼ਿਆਈ ਲੋਕ ਅਹਿਮ ਭੂਮਿਕਾ ਨਿਭਾਅ ਰਹੇ ਹਨ ਅਤੇ ਦਿਨੋਂ-ਦਿਨ ਹਰ ਵਰਗ ਵਿੱਚ ਇਨ੍ਹਾਂ ਦੀ ਚੜ੍ਹਤ ਵਧ ਰਹੀ ਹੈ। -ਆਈਏਐੱਨਐੱਸ