ਸ਼ਮਸ਼ੇਰ ਸਿੰਘ ਸੋਹੀ
ਪੰਜਾਬੀ ਗਾਇਕੀ ਦੇ ਲੰਘੇ ਸਮੇਂ ਦੇ ਮਸ਼ਹੂਰ ਗਾਇਕ ਕੁਲਦੀਪ ਪਾਰਸ ਨੇ ਕਈ ਮਸ਼ਹੂਰ ਗੀਤ ਪੰਜਾਬੀ ਸਰੋਤਿਆਂ ਦੀ ਝੋਲੀ ਪਾਏ। ਉਸ ਦਾ ਜਨਮ ਜ਼ਿਲ੍ਹਾ ਰੋਪੜ ਦੇ ਪਿੰਡ ਹੁਸੈਨਪੁਰ ਵਿਖੇ 6 ਜਨਵਰੀ, 1962 ਨੂੰ ਪਿਤਾ ਬਲਵੀਰ ਸਿੰਘ ਤੇ ਮਾਤਾ ਲੱਛਮੀ ਦੇਵੀ ਦੇ ਘਰ ਹੋਇਆ। ਬਚਪਨ ਵਿਚ ਪਾਰਸ ਨੂੰ ਸੰਗੀਤ ਦਾ ਏਨਾ ਸ਼ੌਕ ਸੀ ਕਿ ਉਸ ਦੀ ਤਾਏ ਦੀ ਲੜਕੀ ਦੀ ਸੱਸ ਜਿਸ ਨੂੰ ਉਹ ਮਾਸੀ ਕਹਿੰਦਾ ਸੀ, ਨੇ ਉਸ ਨੂੰ ਇਕ ਵਾਜਾ ਖ਼ਰੀਦ ਕੇ ਦਿੱਤਾ ਸੀ ਜਿਸ ’ਤੇ ਉਹ ਘੰਟਿਆਂ ਬੱਧੀ ਗੀਤ ਗਾਉਂਦਾ ਰਹਿੰਦਾ ਸੀ। ਪੰਜਾਬ ਦੇ ਕਲਾਕਾਰਾਂ ਨੂੰ ਸੁਣਨਾ ਤੇ ਆਪਣੀ ਆਵਾਜ਼ ’ਚ ਉਹ ਗੀਤ ਪ੍ਰੋਗਰਾਮਾਂ ’ਤੇ ਗਾਉਣ ਨਾਲ ਉਸ ਦਾ ਗਾਇਕੀ ’ਚ ਉਤਸ਼ਾਹ ਹੋਰ ਵਧਦਾ ਗਿਆ। ਗਾਇਕੀ ਦਾ ਸ਼ੌਕ ਹੀ ਉਸ ਨੂੰ 1979 ਵਿਚ ਲੁਧਿਆਣਾ ਲੈ ਆਇਆ ਜਿੱਥੇ ਉਸ ਨੇ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦਾ ਨੂੰ ਆਪਣਾ ਉਸਤਾਦ ਧਾਰ ਲਿਆ। ਇਸ ਸਮੇਂ ਪੰਜਾਬ ਦਾ ਸਭ ਤੋਂ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਸੁਰਿੰਦਰ ਛਿੰਦਾ ਕੋਲੋਂ ਗਾਇਕੀ ਦੀ ਤਾਲੀਮ ਹਾਸਲ ਕਰਕੇ ਸਟੇਜਾਂ ’ਤੇ ਪ੍ਰੋਗਰਾਮ ਕਰ ਰਿਹਾ ਸੀ।
ਸ਼ੁਰੂਆਤੀ ਦਿਨਾਂ ਵਿਚ 1982 ਵਿਚ ਰਿਦਮ ਕੰਪਨੀ ਵਿਚ ਪਾਰਸ ਦੀ ਆਵਾਜ਼ ਵਿਚ ਰਿਕਾਰਡ ਚਾਰ ਕਲੀਆਂ ‘ਕੁੜੀਆਂ ਖੇਡਣ ਆਈਆਂ’ (ਦਹੂਦ), ‘ਤੀਰ ਦਾ ਨਿਸ਼ਾਨਾ’ (ਸਰਵਣ), ‘ਆਰੇ ਨਾਲ ਚੀਰਦੇ’ (ਰਾਜਾ ਮੋਰਧਵਜ), ‘ਬਹਿ ਗਿਆ ਨੀਂਵੀ ਪਾ ਕੇ’ (ਮਿਰਜ਼ਾ) ਰਿਦਮ ਕੰਪਨੀ ਵਿਚ ਰਿਕਾਰਡ ਹੋਈਆਂ। ਉਸ ਤੋਂ ਬਾਅਦ 1984 ਵਿਚ ਐੱਚ.ਐੱਮ.ਵੀ. ਕੰਪਨੀ ਵਿਚ ‘ਜੇਠ ਮੇਰਾ ਕੰਮ ਨਾ ਕਰੇ’ ਈ.ਪੀ ਰਿਕਾਰਡ ਸੁਖਵੰਤ ਕੌਰ ਨਾਲ ਆਇਆ। ਜਦੋਂ 1985 ਵਿਚ ਪਾਰਸ ਦਾ ਪਹਿਲਾ ਐੱਲ.ਪੀ. ਰਿਕਾਰਡ ‘ਮੇਰਾ ਯਾਰ ਸ਼ਰਾਬੀ’ ਆਇਆ ਤਾਂ ਇਸ ਵਿਚਲਾ ਹਾਕਮ ਬਖਤੜੀਵਾਲੇ ਦਾ ਲਿਖਿਆ ਗੀਤ ‘ਸਾਧ ਦਾ ਨਾ ਟੈਮ ਲੰਘੇ ਭੰਗ ਤੋਂ ਬਿਨਾਂ’ ਏਨਾ ਹਿੱਟ ਹੋਇਆ ਕਿ ਪਾਰਸ ਦੀ ਸਮਕਾਲੀ ਕਲਾਕਾਰਾਂ ਵਿਚ ਚੰਗੀ ਪਹਿਚਾਣ ਬਣ ਗਈ।
ਸੰਗੀਤ ਸਮਰਾਟ ਚਰਨਜੀਤ ਆਹੂੁਜਾ ਦੇ ਸੰਗੀਤ ਹੇਠ ਕੁਲਦੀਪ ਪਾਰਸ ਦੀ ਆਵਾਜ਼ ਵਿਚ ਰਿਕਾਰਡ ਕੈਸੇਟ ‘ਗੱਲ ਮੁੱਕਦੀ ਆ ਕੇ ਦਾਰੂ ’ਤੇ’ ਨੇ ਉਸ ਦੀ ਗਾਇਕੀ ਨੂੰ ਸਿਖਰ ’ਤੇ ਪਹੁੰਚਾ ਦਿੱਤਾ। ‘ਪਤਲੀਏ ਨਾਰੇ ਪਿਆਰ ਕਰ ਲੈ’, ‘ਦਿਲ ਹੋਇਆ ਬੇਈਮਾਨ’, ‘ਹੁਸਨਾਂ ਦੀ ਚੋਰ ਕੁੜੀ’, ‘ਇਕ ਕੁੜੀ ਮਜਾਜ਼ਣ’, ‘ਜੀ ਕਰਦਾ ਚੁੱਕ ਲੈ ਜਾਵਾਂ’, ‘ਸੋਨੇ ਦਾ ਕੋਕਾ’, ‘ਤੂੰ ਕੁੜੀ ਅਮੀਰਾਂ ਦੀ’, ‘ਹੱਸਦੀ ਦੇ ਦੰਦ ਗਿਣਦਾ’, ‘ਨੱਚ ਓਏ ਪਟੋਲਿਆ’, ‘ਮੁੰਡੇ-ਕੁੜੀਆਂ ਜ਼ਿੰਦਾਬਾਦ’, ‘ਜਵਾਨੀ ਦੇ ਅਸੂਲ’, ‘ਟੋਟਾ ਚੰਨ ਦਾ’, ‘ਮੈਂ ਦੱਸਦੀ ਕੁੜੀਆਂ ਨੂੰ’, ‘ਦੁਨੀਆਂ ਚਾਲਬਾਜ਼ ਹੈ’, ‘ਮੁੰਡਾ ਹੋ ਗਿਆ ਸ਼ੁਦਾਈ’, ‘ਪਾਲੋ ਫਸਟ ਗਿੱਧੇ ਵਿਚ ਆਈ’ ਆਦਿ ਕੈਸੇਟਾਂ ਪਾਰਸ ਦੀਆਂ ਮਸ਼ਹੂਰ ਕੈਸੇਟਾਂ ਹਨ। ਪਾਰਸ ਦੀ ਆਵਾਜ਼ ਵਿਚ ਰਿਕਾਰਡ ਧਾਰਮਿਕ ਟੇਪਾਂ ‘ਖੂਨ ਸ਼ਹੀਦਾਂ ਦਾ’, ‘ਜੰਗਨਾਮਾ ਅੰਮ੍ਰਿਤਸਰ’, ‘ਸਿੱਖੀ ਦੀ ਸ਼ਾਨ ਨਿਆਰੀ’ ਵੀ ਬਹੁਤ ਹਿੱਟ ਹੋਈਆਂ। ਕੁਲਦੀਪ ਪਾਰਸ ਨੇ ਸੁਖਵੰਤ ਕੌਰ, ਗੁਲਸ਼ਨ ਕੋਮਲ, ਊਸ਼ਾ ਕਿਰਨ, ਰੁਪਿੰਦਰ ਰੂਪੀ, ਬਲਜਿੰਦਰ ਰਿੰਪੀ ਨਾਲ ਸਟੇਜ ’ਤੇ ਪ੍ਰੋਗਰਾਮ ਕੀਤੇ ਤੇੇ ਗੀਤ ਵੀ ਰਿਕਾਰਡ ਕਰਵਾਏ। ਉਸ ਨੇ ਪੰਜਾਬੀ ਫ਼ਿਲਮਾਂ ਵਿਚ ਵੀ ਕਈ ਹਿੱਟ ਗੀਤ ਗਾਏ। ਪੰਜਾਬੀ ਫ਼ਿਲਮ ‘ਪੁੱਤ ਜੱਟਾਂ ਦੇ’ ਵਿਚ ਪਾਰਸ ਨੇ ਅਮਰ ਸਿੰਘ ਚਮਕੀਲੇ ਨਾਲ ਕੋਰਸ ਵਿਚ ਗਾਇਆ। ਉਸ ਨੇ ‘ਜੱਟ ਦਾ ਗੰਡਾਸਾ’, ‘ਟਾਕਰੇ ਜੱਟਾਂ ਦੇ’ ਤੇ ‘ਦਲੇਰ ਜੱਟ’ ਫ਼ਿਲਮਾਂ ਵਿਚ ਵੀ ਆਪਣੀ ਗਾਇਕੀ ਦਾ ਜਾਦੂ ਬਿਖੇਰਿਆ। ਉਸ ਨੇ ਮਿਰਜ਼ਾ ਸੰਗੋਵਾਲੀਆ, ਛਿੰਦਾ ਬਸਰਾਵਾਂਵਾਲਾ, ਦੇਵ ਥਰੀਕਿਆਂ ਵਾਲਾ, ਪਾਲੀ ਦੇਤਵਾਲੀਆ, ਬਲਬੀਰ ਸਿੰਘ ਗਰੇਵਾਲ, ਬੰਤ ਰਾਮਪੁਰੇ ਵਾਲਾ, ਭੁਪਿੰਦਰ ਖੁਰਮੀ, ਜੱਗਾ ਗਿੱਲ ਨੱਥੋਹੇੜੀ ਵਾਲਾ, ਹਾਕਮ ਬਖਤੜੀਵਾਲਾ, ਤੇਜਾ ਭੁੱਟੇ ਵਾਲਾ, ਗੋਗੀ ਮਾਨਾਂ ਵਾਲਾ, ਮਾਨ ਜੰਡ ਵਾਲਾ, ਰਣਧੀਰ ਸਿੰਘ ਧੀਰਾ ਤੇ ਕਈ ਹੋਰ ਗੀਤਕਾਰਾਂ ਦੇ ਲਿਖੇ ਗੀਤ ਗਾਏ।
ਕੁਲਦੀਪ ਪਾਰਸ ਦੇ ਗਾਏ ਕੁਝ ਮਸ਼ਹੂਰ ਸੋਲੋ ਤੇ ਦੋਗਾਣਿਆਂ ਦੇ ਮੁੱਖੜੇ ਇਸ ਪ੍ਰਕਾਰ ਹਨ : ‘ਕਿਹੜੇ ਦੇਸ਼ ਤੁਰ ਵੇਂ ਗਿਓਂ’, ‘ਮਾਂ ਪੁੱਤ ਦੇ ਨਾਤੇ ਨੂੰ ਤੋੜ ਕੇ’, ‘ਸਾਧ ਦਾ ਨਾ ਟੈਮ ਲੰਘੇ ਭੰਗ ਤੋਂ ਬਿਨਾਂ’, ‘ਰਹਿ ਗਈ ਚੁੱਪ ਕਰਕੇ’, ‘ਜੇ ਮੈਂ ਹੁੰਦੀ ਢੋਲਣਾ ਵੇ ਢੋਲਣਾ ਸੋਨੇ ਦੀ ਤਵੀਤੜੀ’, ‘ਤੂੰ ਪਟਾ ਚਾੜ੍ਹ ਕੇ ਰੱਖ’, ‘ਪਾਣੀ ਤਾਂ ਮੋਟਰ ਚੱਕੂਗੀ’, ‘ਇਕ ਗੱਡੀ ਨਾਲ ਸਟਿੱਪਣੀ ਜ਼ਰੂਰ ਚਾਹੀਦੀ’, ‘ਦੁੱਧ ਵਰਗੀ ਸਾਂ ਚਿੱਟੀ’ ਅਤੇ ‘ਕਾਂ ਕਾਲੇ ਲੜ ਲਾਈ’ ਆਦਿ ਹਨ।
ਕੁਲਦੀਪ ਪਾਰਸ ਦੀ ਆਵਾਜ਼ ਏਨੀ ਬੁਲੰਦ ਸੀ ਕਿ ਇਕ ਵਾਰ ਪ੍ਰ੍ਰੋ. ਮੋਹਨ ਸਿੰਘ ਮੇਲੇ ’ਤੇ ਬੱਤੀ ਬੰਦ ਹੋ ਜਾਣ ’ਤੇ ਉਸ ਨੇ ਬਿਨਾਂ ਮਾਈਕ ਤੋਂ ਗੀਤ ਗਾ ਕੇ ਉੱਥੇ ਮੌਜੂਦ ਸਾਰੇ ਕਲਾਕਾਰਾਂ ਤੇ ਸਰੋਤਿਆਂ ਨੂੰ ਹੈਰਾਨ ਕਰ ਦਿੱਤਾ। ਅਮਰ ਸਿੰਘ ਚਮਕੀਲੇ ਵਾਂਗ ਕੁਲਦੀਪ ਪਾਰਸ ਨੇ ਵੀ ਕਈ ਗ਼ਰੀਬ ਲੋਕਾਂ ਦੇ ਘਰ ਮੁਫ਼ਤ ਅਖਾੜੇ ਲਾਏ ਤੇ ਕਈ ਵਾਰ ਸਮੇਂ ਤੋਂ ਵੱਧ 6 ਘੰਟੇ ਤਕ ਅਖਾੜਾ ਵੀ ਲਾਇਆ। ਗੁਰਭਾਈ ਹੋਣ ਕਰਕੇ ਪਾਰਸ ਦੀ ਚਮਕੀਲੇ ਨਾਲ ਕਾਫ਼ੀ ਨੇੜਤਾ ਸੀ। ਜਦੋਂ ਚਮਕੀਲੇ ਦੀ ਮੌਤ ਹੋਈ ਉਸ ਸਮੇਂ ਉਹ ਪਾਰਸ ਨਾਲ ਇਕ ਐੱਲ.ਪੀ. ਰਿਕਾਰਡ ਕਰਨ ਦੀ ਤਿਆਰੀ ਵਿਚ ਸੀ। ਚਮਕੀਲਾ ਤੇ ਅਮਰਜੋਤ ਦੇ ਤੁਰ ਜਾਣ ਨਾਲ ਪਾਰਸ ਨੂੰ ਡੂੰਘਾ ਸਦਮਾ ਲੱਗਾ। ਉਸ ਤੋਂ ਬਾਅਦ ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗਾ ਤੇ ਚਮਕੀਲੇ ਦੀ ਦੁਗਰੀ ਵਿਖੇ ਬਣੀ ਸਮਾਧ ’ਤੇ ਜਾ ਕੇ ਰੋਂਦਾ ਵੀ ਰਿਹਾ।
ਆਪਣੀ ਜ਼ਿੰਦਗੀ ਦੇ ਅਖੀਰਲੇ ਸਮੇਂ ਕੁਲਦੀਪ ਪਾਰਸ ਕੈਂਸਰ ਤੋਂ ਪੀੜਤ ਹੋ ਗਿਆ। ਅਖੀਰ ਕੁਲਦੀਪ ਪਾਰਸ 17 ਦਸੰਬਰ, 2009 ਨੂੰ ਲੰਬਾ ਸਮਾਂ ਕੈਂਸਰ ਦੀ ਬਿਮਾਰੀ ਨਾਲ ਲੜਨ ਮਗਰੋਂ ਰੁਖ਼ਸਤ ਹੋ ਗਿਆ। ਉਸ ਦੇ ਪਰਿਵਾਰ ਵਿਚ ਉਸ ਦੀ ਪਤਨੀ ਪਰਮਜੀਤ ਕੌਰ, ਬੇਟਾ ਸੁਖਦੀਪ ਪਾਰਸ, ਬੇਟੀ ਗੁਰਪ੍ਰੀਤ ਕੌਰ ਹੈ। ਪਾਰਸ ਆਪਣੀ ਆਵਾਜ਼ ਨਾਲ ਅੱਜ ਵੀ ਸਾਡੇ ਵਿਚਕਾਰ ਹੈ ਤੇ ਜਦੋਂ ਵੀ ਕਦੇ ਲੋਕ ਉਸ ਦੇ ਗੁਰਭਾਈ ਅਮਰ ਸਿੰਘ ਚਮਕੀਲਾ ਨੂੰ ਯਾਦ ਕਰਨਗੇ ਤਾਂ ਉਹ ਕੁਲਦੀਪ ਪਾਰਸ ਨੂੰ ਵੀ ਯਾਦ ਕਰਨਾ ਕਦੇ ਨਹੀਂ ਭੁੱਲਣਗੇ।