ਮੈਲਬਰਨ: ਅਦਾਕਾਰਾ ਵਿੱਦਿਆ ਬਾਲਨ ਦੀ ਫਿਲਮ ‘ਸ਼ੇਰਨੀ’, ਅਨੁਰਾਗ ਬਾਸੂ ਦੇ ਨਿਰਦੇਸ਼ਨ ਵਾਲੀ ਫਿਲਮ ‘ਲੂਡੋ’ ਤੇ ਅਦਾਕਾਰ ਸੂਰਿਆ ਦੀ ਫਿਲਮ ‘ਸੋਰਾਰਾਈ ਪੋਟਰੂ’ ਨੂੰ ਇੰਡੀਅਨ ਫਿਲਮ ਫੈਸਟੀਵਲ ਆਫ਼ ਮੈਲਬਰਨ (ਆਈਐੱਫਐੱਫਐੱਮ) ਐਵਾਰਡਜ਼ 2021 ਵਿੱਚ ਸਿਖਰਲੇ ਫਿਲਮ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ ਹੈ। ਪਿਛਲੇ ਸਾਲ ਦੇ ਡਿਜੀਟਲ ਪ੍ਰਸਾਰਣ ਦੀ ਸਫ਼ਲਤਾ ਮਗਰੋਂ ਆਈਐੱਫਐੱਫਐੱਮ ਦਾ 12ਵਾਂ ਭਾਗ ਕਰੋਨਾਵਾਇਰਸ ਮਹਾਮਾਰੀ ਕਾਰਨ ਲੋਕਾਂ ਦੀ ਮੌਜੂਦਗੀ ਵਿੱਚ ਅਤੇ ਵਰਚੁਅਲ ਦੋਵਾਂ ਤਰੀਕਿਆਂ ਨਾਲ ਹੋਵੇਗਾ। ਪੁਰਸਕਾਰ ਸਮਾਰੋਹ ਲਈ ਸਰਵੋਤਮ ਫਿਲਮ ਦੀ ਸ਼੍ਰੇਣੀ ਵਿੱਚ ਮਲਿਆਲਮ ਫਿਲਮ ‘ਕਾਟਿਅਮ’, ‘ਲੂਟਕੇਸ’ ਤੇ ਬੰਗਾਲੀ ਫਿਲਮ ‘ਤਾਸ਼ੇਰ ਘਾਵਰ’ ਨੂੰ ਨਾਮਜ਼ਦ ਕੀਤਾ ਗਿਆ ਹੈ। ਹੋਰਨਾਂ ਨਾਮਜ਼ਦ ਫਿਲਮਾਂ ਵਿੱਚ ‘ਗੌਡ ਆਨ ਦਿ ਬਾਲਕੌਨੀ’, ‘ਲੈਲਾ ਔਰ ਸਾਤ ਗੀਤ’, ‘ਨਾਸਿਰ’, ‘ਪਿੰਕੀ ਏਲੀ’, ‘ਸੇਠਥੁਮਾਨ’ ‘ਸਥਲਪੂਰਨ’ ਤੇ ‘ਦਿ ਗ੍ਰੇਟ ਇੰਡੀਅਨ ਕਿਚਨ’ ਸ਼ਾਮਲ ਹਨ। ‘ਲੂਡੋ’ ਦੇ ਅਦਾਕਾਰ ਰਾਜਕੁਮਾਰ ਰਾਓ ਤੇ ਪੰਕਜ ਤ੍ਰਿਪਾਠੀ, ਸੂਰਿਆ, ਬੈਂਜਾਮਿਨ ਦਾਇਮਰੀ, ਹਰੀਸ਼ ਖੰਨਾ, ਜਿਤਿਨ ਪੁਥਾਨਚੇਰੀ, ਕੁਮਾਰਨੇ ਵਲਾਵਨੇ ਤੇ ਨੀਲ ਦੇਸ਼ਮੁਖ ਨਾਲ ਸਰਵੋਤਮ ਅਦਾਕਾਰ ਦੇ ਪੁਰਸਕਾਰ ਦੀ ਦੌੜ ’ਚ ਸ਼ਾਮਲ ਹਨ। ਵਿੱਦਿਆ ਬਾਲਨ ਦਾ ਸਰਵੋਤਮ ਅਦਾਕਾਰਾ ਦੀ ਸ਼੍ਰੇਣੀ ਵਿੱਚ ਨਿਮਿਸ਼ਾ ਸਜਾਯਨ, ਰਸਿਕਾ ਦੁੱਗਲ, ਰੀਮਾ ਕਲਿੰਗਲ, ਸਵਾਸਤਿਕਾ ਮੁਖਰਜੀ ਤੇ ਵਿਨਮਰਤਾ ਰਾਏ ਨਾਲ ਮੁਕਾਬਲਾ ਹੋਵੇਗਾ। ਇਸੇ ਤਰ੍ਹਾਂ ਅਨੁਰਾਗ ਬਾਸੂ, ਅਜੀਤਪਾਲ ਸਿੰਘ, ਸੁਧਾ ਕੋਂਗਾਰਾ, ਅਕਸ਼ੈ ਇੰਦੀਕਰ, ਅਮਿਤ ਮਸੂਰਕਰ, ਅਰੁਣ ਕਾਰਥਿਕ, ਬਿਸਵਜੀਤ ਬੋਰੀ, ਜਿਓ ਬੇਬੀ, ਪਿਥਵੀ ਕੋਨਾਨੁਰ ਤੇ ਸਨਲ ਕੁਮਾਰ ਸਰਵੋਤਮ ਨਿਰਦੇਸ਼ਕ ਦੀ ਦੌੜ ’ਚ ਸ਼ਾਮਲ ਹਨ। ਵੈੱਬ ਸੀਰੀਜ਼ ਦੇ ਵਧ ਰਹੇ ਰੁਝਾਨ ਦੇ ਮੱਦੇਨਜ਼ਰ ਇਸ ਸਾਲ ਇਸ ਫਿਲਮ ਮੇੇਲੇ ਵਿੱਚ ਤਿੰਨ ਵਾਧੂ ਸ਼੍ਰੇਣੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤਹਿਤ ਸਰਵੋਤਮ ਸੀਰੀਜ਼ ਤੇ ਸੀਰੀਜ਼ ਵਿੱਚ ਅਦਾਕਾਰ ਤੇ ਅਦਾਕਾਰਾ ਨੂੰ ਸਰਵੋਤਮ ਪੇਸ਼ਕਾਰੀ ਲਈ ਪੁਰਸਕਾਰ ਦਿੱਤਾ ਜਾਵੇਗਾ। ਇਸੇ ਤਹਿਤ ਸਰਵੋਤਮ ਵੈੱਬ ਸੀਰੀਜ਼ ਦੀ ਸ਼੍ਰੇਣੀ ਵਿੱਚ ਐਮਾਜ਼ੋਨ ਪ੍ਰਾਈਮ ਵੀਡੀਓਜ਼ ਦੇ ਤਿੰਨ ਪ੍ਰਸਿੱਧ ਪ੍ਰੋਗਰਾਮਾਂ ‘ਦਿ ਫੈਮਿਲੀ ਮੈਨ’ ਭਾਗ ਦੂਜਾ, ‘ਮਿਰਜ਼ਾਪੁਰ’ ਭਾਗ ਦੂਜਾ ਤੇ ‘ਬੰਦਿਸ਼ ਬੈਂਡਿਟਸ’ ਦਾ ਮੁਕਾਬਲਾ ਨੈੱਟਫਲਿਕਸ ਦੀ ਵੈੱਬ ਸੀਰੀਜ਼ ‘ਮਿਸਮੈਚਡ’ ਤੇ ਜ਼ੀ5 ਦੀ ‘ਚੁੜੈਲਜ਼’ ਨਾਲ ਹੋਵੇਗਾ। -ਪੀਟੀਆਈ