ਪਾਲ ਸਿੰਘ ਨੌਲੀ
ਜਲੰਧਰ, 23 ਮਈ
ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਇਕੱਠੇ ਹੋਏ ਮਜ਼ਦੂਰਾਂ ਨੇ ਮਹਿਤਪੁਰ ਮਾਰਗ ’ਤੇ ਆਉਂਦੇ ਟੌਲ ਪਲਾਜ਼ਾ ਸੰਗੋਵਾਲ ’ਤੇ ਮੋਦੀ ਦੀ 24 ਮਈ ਦੀ ਜਲੰਧਰ ਫੇਰੀ ਦਾ ਤਿੱਖਾ ਵਿਰੋਧ ਕਰਦਿਆਂ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ। ਇਸ ਦੌਰਾਨ ਕੁਝ ਸਮੇਂ ਲਈ ਮਹਿਤਪੁਰ ਜਗਰਾਵਾਂ ਰੋਡ ’ਤੇ ਸਮੁੱਚੀ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ। ਕਿਸਾਨਾਂ ਤੇ ਮਜ਼ਦੂਰਾਂ ਨੇ ਕਿਹਾ ਕਿ ਉਹ ਮੋਦੀ ਨੂੰ ਜਲੰਧਰ ਫੇਰੀ ਬਾਰੇ ਪੁੱਛਣਾ ਚਾਹੁੰਦੇ ਹਨ ਕਿ ਪਿਛਲੇ ਦਸਾਂ ਸਾਲਾਂ ਵਿੱਚ ਭਾਜਪਾ ਸਰਕਾਰ ਨੇ ਮਜ਼ਦੂਰਾਂ ਦੀ ਜ਼ਿੰਦਗੀ ਵਿੱਚ ਕਿ ਸਿਫਤੀ ਤਬਦੀਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਗਾਰੰਟੀਆਂ ਗਰੀਬਾਂ ਨੂੰ ਨਾ ਰੁਜ਼ਗਾਰ, ਨਾ ਵਿੱਦਿਆ, ਨਾ ਇਲਾਜ ਤੇ ਨਾ ਬੁਢਾਪੇ ਦੀ ਸੁਰੱਖਿਆ ਦੇ ਸਕੀਆਂ ਹਨ। ਕੇਂਦਰ ਤੇ ਪੰਜਾਬ ਦੇ ਹਾਕਮਾਂ ਦੇ ਏਜੰਡੇ ਵਿੱਚੋਂ ਰੋਟੀ ਨਾਲ ਜੁੜੇ ਮਸਲੇ ਗਾਇਬ ਹਨ। ਜੇ ਵੋਟਰ ਸਵਾਲ ਕਰਦੇ ਹਨ ਤਾਂ ਮਜ਼ਦੂਰਾਂ ਨੂੰ ਜੇਲ੍ਹੀਂ ਡੱਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਮਜ਼ਦੂਰਾਂ ਦੇ ਸਵਾਲ ਦੇ ਜਵਾਬ ਦੇਣ ਤੋਂ ਭੱਜ ਰਹੇ ਹਨ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿੱਚ ਯੂਨੀਅਨ ਆਗੂ ਵਿਜੇ ਬਾਠ, ਕਸ਼ਮੀਰ ਮੰਡਿਆਲਾ, ਸੋਮਾ ਰਾਣੀ, ਹਰਵਿੰਦਰ ਕੌਰ ਤੇ ਮੇਜਰ ਸਿੰਘ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਲ ਸਨ।
ਜਲੰਧਰ ਰੈਲੀ ਮੌਕੇ ਕਿਸਾਨ ਦਿਖਾਉਣਗੇ ਕਾਲੀਆਂ ਝੰਡੀਆਂ
ਫਗਵਾੜਾ (ਪੱਤਰ ਪ੍ਰੇਰਕ): ਲੋਕ ਸਭਾ ਚੋਣਾਂ ਲਈ ਭਾਜਪਾ ਉਮੀਦਵਾਰਾਂ ਲਈ ਪ੍ਰਚਾਰ ਕਰਨ ਵਾਸਤੇ ਜਲੰਧਰ ਪੁੱਜ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨੀ ਨਾਲ ਸੁਆਲ-ਜੁਆਬ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਦੋਆਬਾ ਦਾ ਜਥਾ 24 ਮਾਰਚ ਨੂੰ ਦੁਪਹਿਰ 3 ਵਜੇ ਰਵਾਨਾ ਹੋਵੇਗਾ ਤੇ ਕਾਲੀਆਂ ਝੰਡਾ ਦਿਖਾ ਕੇ ਪ੍ਰਦਰਸ਼ਨ ਕਰੇਗਾ। ਇੱਥੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਲਈ ਐਮ.ਐਸ.ਪੀ. ਲਈ ਗਾਰੰਟੀ ਕਾਨੂੰਨ ਕਿਉਂ ਨਹੀਂ ਬਣਾਇਆ, ਡਾਕਟਰ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਕੇ ਕਿਸਾਨਾਂ ਦੀ ਆਮਦਨ ਦੁੱਗਣੀ ਕਿਉਂ ਨਹੀਂ ਕੀਤੀ ਗਈ, ਸਰਕਾਰ ਵਲੋਂ ਕਿਸਾਨਾਂ, ਮਜ਼ਦੂਰਾਂ ਦਾ ਕਰਜ਼ਾ ਕਿਉਂ ਨਹੀਂ ਮੁਆਫ਼ ਕੀਤਾ ਗਿਆ, ਕਿਸਾਨ ਅੰਦੋਲਨ ਦੌਰਾਨ ਕੀਤੇ ਵਾਅਦੇ ਲਾਗੂ ਕਿਉਂ ਨਹੀਂ ਕੀਤੇ ਗਏ, ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਕਾਤਲਾ ਨੂੰ ਕੈਬਨਿਟ ’ਚ ਮੰਤਰੀ ਕਿਉਂ ਬਣਾਇਆ ਗਿਆ, ਦਿੱਲੀ ਜਾ ਰਹੇ ਕਿਸਾਨਾਂ ਦੇ ਰਸਤੇ ਬੰਦ ਕੇ ਕਿਸਾਨਾਂ ’ਤੇ ਅੱਥਰੂ ਗੈਸ, ਡਰੋਨਾਂ ਰਾਹੀਂ ਹਮਲੇ ਤੇ ਸਿੱਧੀਆਂ ਗੋਲੀਆਂ ਮਾਰ ਕੇ 400 ਕਿਸਾਨਾਂ ਨੂੰ ਜ਼ਖਮੀ ਕਿਉਂ ਕੀਤਾ ਗਿਆ, ਸ਼ੁਭਕਰਨ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਿਉਂ ਕੀਤਾ ਗਿਆ, ਕਿਸਾਨਾਂ ਦੇ ਟਰੈਕਟਰਾਂ ਤੇ ਗੱਡੀਆਂ ਦੀ ਭੰਨ-ਤੋੜ ਕਰਨ ਵਾਲੀ ਹਰਿਆਣਾ ਪੁਲੀਸ ’ਤੇ ਕੀ ਕਾਰਵਾਈ ਕੀਤੀ ਗਈ, ਦੇਸ਼ ਦੇ ਕਿਸਾਨਾਂ ਨੂੰ ਅੱਤਵਾਦੀ, ਸ਼ਰਾਰਤੀ ਕਹਿ ਕੇ ਕਿਉਂ ਬਦਨਾਮ ਕੀਤਾ ਗਿਆ? ਉਨ੍ਹਾਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਤੇ ਭਾਜਪਾ ਦੀ ਲੀਡਰਸ਼ਿਪ ਕਿਸਾਨਾਂ ਦੇ ਸੁਆਲਾਂ ਦਾ ਤਸੱਲੀਬਖਸ਼ ਜੁਆਬ ਨਹੀਂ ਦਿੰਦੀ ਤਾਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦਾ ਡਟ ਕੇ ਵਿਰੋਧ ਕਰਨਗੀਆਂ।