ਮਨਜਿੰਦਰ ਸਿੰਘ ਸਰੌਦ
ਪੰਜਾਬੀ ਗਾਇਕੀ ਦੇ ਵਿਹੜੇ ਅੰਦਰ ਸਮੇਂ-ਸਮੇਂ ’ਤੇ ਹਰ ਤਰ੍ਹਾਂ ਦੇ ਰੰਗ ਤੇ ਵੰਨਗੀਆਂ ਆਪੋ ਆਪਣੀ ਕਲਾ ਦਾ ਜੌਹਰ ਜ਼ਰੂਰ ਵਿਖਾਉਂਦੀਆਂ ਰਹਿੰਦੀਆਂ ਹਨ। ਜਿਵੇਂ ਅੱਜਕੱਲ੍ਹ ਸਿੰਗਲ ਟਰੈਕ ਰਾਹੀਂ ਧੂਹ ਘੜੀਸ ਤੇ ਚੱਕਲੋ ਧਰਲੋ ਵਾਲੇ ਗੀਤਾਂ ਨੇ ਹਨੇਰੀ ਲਿਆਂਦੀ ਹੋਈ ਹੈ। ਕਦੇ ਉਸੇ ਤਰ੍ਹਾਂ 1990ਵਿਆਂ ਦੇ ਦਹਾਕੇ ਦੇ ਆਲੇ ਦੁਆਲੇ ਪੰਜਾਬੀ ਗਾਇਕੀ ਦੇ ਵਿਹੜੇ ਅੰਦਰ ਉਦਾਸ ਗੀਤਾਂ ਦੀਆਂ ਕਲੀਆਂ ਦੇ ਫੁੱਲ ਵੀ ਖਿੜਦੇ ਸਨ। ਇਹ ਵੱਖਰਾ ਵਿਸ਼ਾ ਹੈ ਕਿ ਅੱਜਕੱਲ੍ਹ ਦੀ ਗਾਇਕੀ ਨੇ ਪੰਜਾਬ ਦੀ ਨੌਜਵਾਨੀ ਨੂੰ ਕੁਰਾਹੇ ਪਾਉਣ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਉਦਾਸ ਗੀਤਾਂ ਜ਼ਰੀਏ ਉਸ ਸਮੇਂ ਦੀ ਨੌਜਵਾਨੀ ਆਪਣੇ ਪ੍ਰਤੀਬਿੰਬ ਨੂੰ ਕਿਸੇ ਹੋਰ ਢੰਗ ਨਾਲ ਵੇਖਦੀ ਸੀ। ਅੱਜ ਦੀ ਕੱਚ-ਘਰੜ ਗਾਇਕੀ ਤੇ ਉਸ ਸਮੇਂ ਦੀ ਉਦਾਸ ਸੁਰ ਵਾਲੀ ਗਾਇਕੀ ਵਿੱਚ ਵੱਡਾ ਅੰਤਰ ਸਾਫ਼ ਵਿਖਾਈ ਦਿੰਦਾ ਹੈ। ਇਹ ਠੀਕ ਹੈ ਕਿ ਸਮੇਂ ਦੀ ਮਾਰੀ ਪਲਟੀ ਤੇ ਗਲੈਮਰ ਦੀ ਚਕਾਚੌਂਧ ਨੇ ਵੀਡੀਓ’ਜ਼ ਦੇ ਖੇਤਰ ਰਾਹੀਂ ਇੱਕ ਵੱਡਾ ਪਲੈਟਫਾਰਮ ਕਲਾਕਾਰਾਂ ਨੂੰ ਦਿੱਤਾ ਹੈ, ਪਰ ਉਸ ਸਮੇਂ ਜੋ ਸੁਹਜ ਤੇ ਸਵਾਦ ਉਦਾਸ ਗੀਤਾਂ ਨੂੰ ਸੁਣਨ ਵਿੱਚ ਆਉਂਦਾ ਸੀ, ਉਹ ਕਿਧਰੇ ਵੀ ਵਿਖਾਈ ਨਹੀਂ ਦਿੰਦਾ। ਇੱਕ ਸਮਾਂ ਉਹ ਵੀ ਸੀ ਜਦੋਂ ਕਾਲਜੀਏਟ ਮੁੰਡੇ ਕੁੜੀਆਂ ਉਸ ਸਮੇਂ ਦੇ ਉਦਾਸ ਗੀਤਾਂ ਦੇ ਇਸ ਕਦਰ ਦੀਵਾਨੇ ਸਨ ਕਿ ਉਹ ਉਦਾਸ ਗੀਤ ਗਾਉਣ ਵਾਲੇ ਕਲਾਕਾਰਾਂ ਦੀਆਂ ਤਸਵੀਰਾਂ ਤੱਕ ਨੂੰ ਪਿਆਰ ਕਰਦੇ ਸਨ। ਉਸ ਸਮੇਂ ਦੇ ਦੀਵਾਨਿਆਂ ਕੋਲ ਅੱਜ ਵੀ ਇਹ ਗੀਤ ਕਿਸੇ ‘ਸੱਜਣ ਦੇ ਗਹਿਣੇ’ ਵਾਂਗ ਸਾਂਭੇ ਪਏ ਹਨ।
ਪੰਜਾਬੀ ਗਾਇਕੀ ਤੇ ਗੀਤਕਾਰੀ ਦੇ ਇਤਿਹਾਸ ਅੰਦਰ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਆਪਣੇ ਸਮੇਂ ਦੇ ਬਾਬਾ ਬੋਹੜ ਜਰਨੈਲ ਸਿੰਘ ਘੁਮਾਣ ਦੀ ਕਲਮ ਵਿੱਚੋਂ ਨਿਕਲੇ ਗੀਤਾਂ ਨੂੰ ਦਰਜਨਾਂ ਕਲਾਕਾਰ ਗਾ ਕੇ ਗਾਇਕੀ ਦੇ ਸ਼ਾਹ ਅਸਵਾਰ ਬਣੇ। ਉਦਾਸ ਗੀਤਾਂ ਰਾਹੀਂ ਪੰਜਾਬ ਦੀ ਨੌਜਵਾਨੀ ਦਾ ਵੱਡਾ ਹਿੱਸਾ ਜਰਨੈਲ ਸਿੰਘ ਘੁਮਾਣ ਤੇ ਭਿੰਦਰ ਡੱਬਵਾਲੀ ਨੂੰ ਆਪਣੇ ਗੀਤਾਂ ਦਾ ਹੀਰੋ ਤੇ ਆਦਰਸ਼ ਮੰਨਣ ਤੋਂ ਇਨਕਾਰੀ ਨਹੀਂ ਸੀ। ਜੇ ਵੇਖੀਏ ਭਾਵੇਂ ਅੱਗੇ-ਪਿੱਛੇ ਉਦਾਸ ਸੁਰ ਵਾਲੇ ਬਹੁਤ ਸਾਰੇ ਗੀਤ ਮਾਰਕੀਟ ਵਿੱਚ ਆਏ, ਪਰ ਪੰਜਾਬੀ ਗਾਇਕ ਰਣਜੀਤ ਮਣੀ, ਧਰਮਪ੍ਰੀਤ, ਮਨਜੀਤ ਰੂਪੋਵਾਲੀਆ, ਹਰਦੇਵ ਮਾਹੀਨੰਗਲ, ਦਵਿੰਦਰ ਕੋਹੇਨੂਰ, ਕਰਮਜੀਤ ਰੰਧਾਵਾ ਸਮੇਤ ਕਈ ਚੋਟੀ ਦੇ ਕਲਾਕਾਰ ਨੇ ਲੰਬਾ ਸਮਾਂ ਉਦਾਸ ਗੀਤਾਂ ਰਾਹੀਂ ਮਾਰਕੀਟ ਅੰਦਰ ਆਪਣਾ ਜਲਵਾ ਬਿਖੇਰਿਆ। ਜ਼ਿਆਦਾਤਰ ਉਦਾਸ ਗੀਤ ਉਸ ਸਮੇਂ ਦੇ ਗੀਤਕਾਰ ਬਚਨ ਬੇਦਿਲ, ਭਿੰਦਰ ਡੱਬਵਾਲੀ, ਕੋਮਲ ਸੁਨਾਮੀ ਦੀਆਂ ਕਲਮਾਂ ਦਾ ਸ਼ਿੰਗਾਰ ਬਣੇ। ਗੀਤਕਾਰ ਜਸਬੀਰ ਗੁਣਾਚੌਰੀਆ ਤੇ ਗੁਰਚਰਨ ਵਿਰਕ ਦੀ ਗਿਣਤੀ ਵੀ ਪਾਏਦਾਰ ਗੀਤਕਾਰਾਂ ਵਿੱਚ ਹੁੰਦੀ ਸੀ। ਹਰਜਿੰਦਰ ਬੱਲ ਦੇ ਲਿਖੇ ਗੀਤ ਵੀ ਨੌਜਵਾਨਾਂ ਦੇ ਮੂੰਹਾਂ ’ਤੇ ਆਪ ਮੁਹਾਰੇ ਆ ਜਾਂਦੇ ਸਨ। ਲੰਘੇ ਸਮੇਂ ਇਨ੍ਹਾਂ ਵਿੱਚੋਂ ਕਈ ਗੀਤਾਂ ’ਤੇ ਆਸ਼ਕੀ ਨੂੰ ਪ੍ਰੋਤਸਾਹਨ ਦੇਣ ਦੇ ਦੋਸ਼ ਵੀ ਲੱਗੇ।
ਗਾਇਕ ਰਣਜੀਤ ਮਣੀ ਨੂੰ ਉਸ ਸਮੇਂ ‘ਮੇਰੇ ਸੋਹਣੇ ਦਾ ਪ੍ਰਿੰਸੀਪਲ ਜੀ ਹਾੜ੍ਹਾ ਕੱਟਿਓ ਨਾ ਕਾਲਜ ’ਚੋਂ ਨਾਂ’ ਤੇ ‘ਤੇਰੇ ਵਿਆਹ ਦੇ ਕਾਰਡ’ ਵਾਲੀ ਕੈਸੇਟ ਨੇ ਹੱਥੋਂ-ਹੱਥੀਂ ਸਟਾਰਾਂ ਦੀ ਗਿਣਤੀ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ। ਇੱਕ ਤਰ੍ਹਾਂ ਨਾਲ ਇਨ੍ਹਾਂ ਗੀਤਾਂ ਨੇ ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਧੂਮ ਮਚਾ ਦਿੱਤੀ ਸੀ। ਧਰਮਪ੍ਰੀਤ ਦੇ ‘ਟੁੱਟੇ ਦਿਲ ਨਈ ਜੁੜਦੇ ਅੜੀਏ ਤੋੜੀ ਨਾ’ ਗੀਤ ਵਾਲੀ ਕੈਸੇਟ ਬੱਸਾਂ ਤੋਂ ਲੈ ਕੇ ਟਰੈਕਟਰਾਂ ਤੱਕ ਰੂਹ ਨਾਲ ਸੁਣੀ ਗਈ। ਸੋਹਣੇ ਸੁਨੱਖੇ ਨੌਜਵਾਨ ਮਨਜੀਤ ਰੂਪੋਵਾਲੀਆ ਦਾ ਆਪਣਾ ਇੱਕ ਵੱਖਰਾ ਸਥਾਨ ਸੀ। ਉਸ ਨੇ ਗੀਤ ਭਾਵੇਂ ਘੱਟ ਗਾਏ, ਪਰ ‘ਜੇ ਕਹਿਤਾ ਜੀਅ ਨ੍ਹੀਂ ਲੱਗਣਾ ਫੇਰ ਕਿਹੜਾ ਵਾਪਸ ਆਜੇਂਗੀ’ ਅਤੇ ‘ਇਹ ਕੁੜੀ ਓਹੀ ਹੋਣੀ ਐ’ ਸਦਾ ਲਈ ਨੌਜਵਾਨ ਸਰੋਤਿਆਂ ਦੇ ਮੂੰਹ ਚੜ੍ਹ ਗਏ। ਹਰਦੇਵ ਮਾਹੀਨੰਗਲ ਨੇ ‘ਰਾਤੀਂ ਘੋਲ ਕੇ ਸ਼ਰਾਬ ਵਿੱਚ ਪੀ ਗਿਆ’ ਤੇ ‘ਮਾਹੀ ਚਾਹੁੰਦਾ ਕਿਸੇ ਹੋਰ ਨੂੰ’ ਵਰਗੇ ਗੀਤਾਂ ਨੂੰ ਜਦੋਂ ਆਪਣੀ ਆਵਾਜ਼ ਰਾਹੀਂ ਕਾਇਨਾਤ ਦੀ ਸੰਦਲੀ ਫ਼ਿਜ਼ਾ ਵਿੱਚ ਬਿਖੇਰਿਆ ਤਾਂ ਉਸ ਨੂੰ ਵੱਡੇ ਮਾਣ ਸਨਮਾਨ ਮਿਲੇ। ਉਸ ਸਮੇਂ ਕਈ ਪੰਜਾਬੀ ਗਾਇਕੀ ਦੇ ਪੰਡਤਾਂ ਵੱਲੋਂ ਉਸ ਗਾਇਕੀ ਨੂੰ ਹਟਕੋਰਿਆਂ ਤੇ ਹਉਕਿਆਂ ਦੀ ਗਾਇਕੀ ਕਹੇ ਜਾਣ ਦੇ ਨਾਲ-ਨਾਲ ਬਹੁਤੇ ਲੋਕ ਟੁੱਟੇ ਦਿਲਾਂ ਤੇ ਵਿਛੋੜੇ ਦੀ ਵੇਦਨਾ ਦਾ ਸ਼ਿਕਾਰ ਨੌਜਵਾਨਾਂ ਲਈ ਇਸ ਗਾਇਕੀ ਨੂੰ ਵੱਡਾ ਢਾਰਸ ਵੀ ਮੰਨਦੇ ਸਨ।
ਦਵਿੰਦਰ ਕੋਹੇਨੂਰ ਤੇ ਕਰਮਜੀਤ ਰੰਧਾਵਾ ਨੇ ਜ਼ਿਆਦਾਤਰ ਬਚਨ ਬੇਦਿਲ ਦੀ ਕਲਮ ਵਿੱਚੋਂ ਨਿਕਲੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਬੇਸ਼ੱਕ ਇਹ ਲੰਮਾ ਸਮਾਂ ਪੰਜਾਬੀ ਗਾਇਕੀ ਅੰਦਰ ਟਿਕ ਨਾ ਸਕੇ, ਪਰ ਇੱਕ ਸਥਾਨ ਜ਼ਰੂਰ ਬਣਾ ਗਏ। ਦਵਿੰਦਰ ਨੇ ‘ਤੈਨੂੰ ਦਿਲ ਦੇ ਖ਼ੂਨ ਦੀ ਮਹਿੰਦੀ ਦਿੰਦੇ ਤਲੀਆਂ ਉੱਤੇ ਲਾਉਣ ਲਈ’ ਵਰਗੇ ਗੀਤ ਗਾਏ ਤਾਂ ਨੌਜਵਾਨੀ ਨੇ ਇਕਦਮ ਉਸ ਨੂੰ ਅੱਖਾਂ ਦੀਆਂ ਪਲਕਾਂ ’ਤੇ ਚੁੱਕ ਲਿਆ। ਰੰਧਾਵਾ ਨੇ ਜ਼ਿਆਦਾਤਰ ਕਿਸਾਨੀ ਨਾਲ ਸਬੰਧਿਤ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਪੰਜਾਬੀ ਗਾਇਕੀ ਦੇ ਇਤਿਹਾਸ ਅੰਦਰ ਕਈ ਦਹਾਕੇ ਇਨ੍ਹਾਂ ਕਲਾਕਾਰਾਂ ਨੇ ਆਪਣੇ ਸਰੋਤਿਆਂ ਦੇ ਮਨਾਂ ’ਤੇ ਰੱਜ ਕੇ ਰਾਜ ਕੀਤਾ ਤੇ ਚੋਖਾ ਨਾਵਾਂ ਵੀ ਕਮਾਇਆ, ਪਰ ਇਨ੍ਹਾਂ ਵਿੱਚੋਂ ਬਹੁਤੇ ‘ਗਲੈਮਰ ਦੀਆਂ ਫੇਟਾਂ’ ਨੂੰ ਝੱਲ ਨਾ ਸਕੇ ਤੇ ਛੇਤੀ ਹੀ ਪਰਦੇ ਤੋਂ ਅਲੋਪ ਹੋ ਗਏ। ਕਈਆਂ ਨੇ ਸਮੇਂ ਦੇ ਨਾਲ ਬਦਲਣ ਦੀ ਬਹੁਤ ਕੋਸ਼ਿਸ਼ ਵੀ ਕੀਤੀ ਤੇ ਥੋੜ੍ਹਾ ਬਹੁਤਾ ਸਫਲ ਵੀ ਹੋਏ, ਪਰ ਜ਼ਿਆਦਾਤਰ ਨੂੰ ਅਸਫਲਤਾ ਦਾ ਮੂੰਹ ਹੀ ਵੇਖਣਾ ਪਿਆ। ਪੰਜਾਬੀ ਗਾਇਕੀ ਦੇ ਇੱਕ ਖੇਤਰ ਦੇ ਇਨ੍ਹਾਂ ਫ਼ਨਕਾਰਾਂ ਵਿੱਚੋਂ ਕੁਝ ਇੱਕ ਇਸ ਸੰਸਾਰ ਤੋਂ ਕੂਚ ਵੀ ਕਰ ਚੁੱਕੇ ਹਨ ਤੇ ਕਈਆਂ ਨੇ ਆਪਣਾ ਰੈਣ ਬਸੇਰਾ ਵਿਦੇਸ਼ੀ ਧਰਤੀ ’ਤੇ ਬਣਾ ਲਿਆ ਹੈ।
ਇਨ੍ਹਾਂ ਉਦਾਸ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੇ ਕਲਾਕਾਰਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਭਾਵੇਂ ਟੁੱਟਵੇਂ-ਟੁੱਟਵੇਂ ਗੀਤ ਮਾਰਕੀਟ ਵਿੱਚ ਆਉਂਦੇ ਰਹੇ, ਪਰ ਇਹ ਉਹ ਸਮਾਂ ਸੀ ਜਦੋਂ ਮਾਰਕੀਟ ਅੰਦਰ ਜ਼ਿਆਦਾਤਰ ਤੂਤੀ ਇਨ੍ਹਾਂ ਕਲਾਕਾਰਾਂ ਦੇ ਉਦਾਸ ਗੀਤਾਂ ਦੀ ਹੀ ਬੋਲਦੀ ਸੀ। ਉਦਾਸ ਗੀਤ ਭਾਵੇਂ ਰਾਜ ਬਰਾੜ, ਕਰਮਜੀਤ ਅਨਮੋਲ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਫਕੀਰ ਚੰਦ ਪਤੰਗਾ ਸਮੇਤ ਹੋਰਨਾਂ ਕਈ ਕਲਾਕਾਰਾਂ ਨੇ ਵੀ ਗਾਏ, ਪਰ ਉੱਪਰਲੇ ਕਲਾਕਾਰਾਂ ਵੱਲੋਂ ਕੇਵਲ ਤੇ ਕੇਵਲ ਲੰਮਾ ਸਮਾਂ ਉਦਾਸ ਗੀਤਾਂ ਜ਼ਰੀਏ ਮਾਰਕੀਟ ਅੰਦਰ ਆਪਣੇ ਨਾਮ ਦਾ ਡੰਕਾ ਵਜਵਾਇਆ ਗਿਆ। ਇੱਕ ਸਮਾਂ ਸੀ ਜਦੋਂ ਨੌਜਵਾਨੀ ਇਨ੍ਹਾਂ ਕਲਾਕਾਰਾਂ ਨੂੰ ਉਦਾਸ ਗੀਤਾਂ ਵਾਲੇ ਕਲਾਕਾਰਾਂ ਦੇ ਨਾਮ ਨਾਲ ਬੁਲਾਉਣ ਲੱਗੀ ਸੀ। ਖ਼ੈਰ! ਕੁਝ ਵੀ ਸੀ, ਪਰ ਉਸ ਸਮੇਂ ਉਦਾਸ ਗੀਤਾਂ ਜ਼ਰੀਏ ਇਨ੍ਹਾਂ ਕਲਾਕਾਰਾਂ ਵੱਲੋਂ ਗੱਡੀ ਗਈ ਝੰਡੀ ਪੰਜਾਬੀ ਗਾਇਕੀ ਦੇ ਇਤਿਹਾਸ ਦਾ ਹਿੱਸਾ ਜ਼ਰੂਰ ਬਣ ਗਈ। ਕਿਤੇ ਨਾ ਕਿਤੇ ਸੱਥਾਂ ਵਿੱਚ ਬੈਠੇ ਲੋਕ ਅੱਜ ਵੀ ਕਹਿ ਦਿੰਦੇ ਨੇ ਕਿ ਅੱਜ ਦੇ ‘ਫੁਕਰਾਪੰਥੀ ਕਲਾਕਾਰਾਂ’ ਨਾਲੋਂ ਉਨ੍ਹਾਂ ਕਲਾਕਾਰਾਂ ਦੀ ਗਾਇਕੀ ਕਈ ਦਰਜੇ ਜ਼ਿਆਦਾ ਚੰਗੀ ਸੀ। ਇਹ ਗੱਲ ਠੀਕ ਹੈ ਕਿ ਉਸ ਸਮੇਂ ਵੀ ਕਈ ਕਲਾਕਾਰਾਂ ’ਤੇ ਆਪਣੇ ਗੀਤਾਂ ਜ਼ਰੀਏ ਨੌਜਵਾਨੀ ਨੂੰ ਵਿਗਾੜਨ ਦੇ ਦੋਸ਼ ਲੱਗੇ, ਪਰ ਅੱਜ ਦੇ ਮੁਕਾਬਲੇ ਉਸ ਨੂੰ ‘ਤੁੱਛ’ ਗਿਣਿਆ ਜਾਵੇਗਾ। ਬਿਨਾਂ ਸ਼ੱਕ ਉਦਾਸ ਗੀਤਾਂ ਨੇ ਲੰਬਾ ਸਮਾਂ ਪੰਜਾਬੀ ਗਾਇਕੀ ਦੀ ‘ਸੰਦਲੀ ਫ਼ਿਜ਼ਾ’ ਅੰਦਰ ਆਪਣੀ ‘ਕਲਾ ਦਾ ਜਲਵਾ’ ਬਿਖੇਰਿਆ। ਜਿਸ ਨੂੰ ਅੱਜ ਕਈ ਦਹਾਕੇ ਬੀਤਣ ਦੇ ਬਾਅਦ ਵੀ ਉਸ ਸਮੇਂ ਦੇ ਲੋਕ ਸ਼ਿੱਦਤ ਨਾਲ ਯਾਦ ਕਰਦੇ ਹਨ।
ਸੰਪਰਕ: 94634-63136