ਮੁੰਬਈ, 18 ਮਾਰਚ
ਕਲਰਜ਼ ਟੀਵੀ ’ਤੇ 15 ਮਾਰਚ ਤੋਂ ਨਵਾਂ ਲੜੀਵਾਰ ‘ਉਡਾਰੀਆਂ’ ਸ਼ੁਰੂ ਹੋਇਆ ਹੈ, ਜਿਸ ਵਿੱਚ ਪੰਜਾਬ ਵਿੱਚ ਪ੍ਰਚੱਲਿਤ ਕੈਨੇਡਾ ਜਾਣ ਦੇ ਰੁਝਾਨ ਨੂੰ ਦਿਖਾਇਆ ਗਿਆ ਹੈ। ਇਸ ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਨੇੜੇ ਕੀਤੀ ਗਈ ਹੈ। ਸੀਰੀਅਲ ਦੀ ਆਗਾਮੀ ਸ਼ੂਟਿੰਗ ਕੈਨੇਡਾ ਵਿੱਚ ਹੋਣ ਬਾਰੇ ਅਦਾਕਾਰਾ ਪ੍ਰਿਅੰਕਾ ਚਾਹਰ, ਜੋ ਕਿ ਸੀਰੀਅਲ ਵਿੱਚ ਤੇਜੋ ਦਾ ਕਿਰਦਾਰ ਨਿਭਾ ਰਹੀ ਹੈ, ਨੇ ਦੱਸਿਆ ਕਿ ਇਸ ਦੀਆਂ ਕੁਝ ਸ਼ਰਤਾਂ ਹਨ। ਪ੍ਰਿਅੰਕਾ ਨੇ ਕਿਹਾ, ‘ਸੀਰੀਅਲ ਦੀ ਸ਼ੂਟਿੰਗ ਕੈਨੇਡਾ ਵਿੱਚ ਤਾਂ ਹੀ ਹੋਵੇਗੀ, ਜੇ ਸ਼ੋਅ ਨੂੰ ਵਧੀਆ ਟੀਆਰਪੀ ਮਿਲੇਗੀ।’ ਸ਼ੋਅ ਦੀ ਕਹਾਣੀ ਬਾਰੇ ਉਸ ਨੇ ਦੱਸਿਆ, ‘ਇਹ ਦੋ ਭੈਣਾਂ ਤੇਜੋ ਤੇ ਜੈਸਮੀਨ (ਈਸ਼ਾ ਮਾਲਵੀਆ) ਤੇ ਉਨ੍ਹਾਂ ਦੇ ਸੁਪਨਿਆਂ ਦੀ ਕਹਾਣੀ ਹੈ। ਤੇਜੋ ਪੰਜਾਬ ਨੂੰ ਪਿਆਰ ਕਰਦੀ ਹੈ ਤੇ ਹਮੇਸ਼ਾ ਉੱਥੇ ਹੀ ਰਹਿਣਾ ਚਾਹੁੰਦੀ ਹੈ, ਜਦਕਿ ਜੈਸਮੀਨ ਕੈਨੇਡਾ ਜਾ ਕੇ ਰਹਿਣਾ ਚਾਹੁੰਦੀ ਹੈ। ਦੂਜੇ ਪਾਸੇ ਫ਼ਤਹਿ (ਅੰਕਿਤ ਗੁਪਤਾ) ਜੈਸਮੀਨ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ।’ ਉਸ ਦੇ ਕੈਨੇਡਾ ਜਾਣ ਬਾਰੇ ਪੁੱਛਣ ’ਤੇ ਉਸ ਨੇ ਕਿਹਾ ਕਿ ਤੇਜੋ ਦਾ ਕੈਨੇਡਾ ਜਾਣ ਦਾ ਕੋਈ ਇਰਾਦਾ ਨਹੀਂ ਪਰ ਜੇ ਉਸ ਦਾ ਪਰਿਵਾਰ ਚਾਹੇਗਾ ਤਾਂ ਉਹ ਜਾਵੇਗੀ। ਉਸ ਨੇ ਕਿਹਾ ਕਿ ਉਹ ਅਸਲ ਜ਼ਿੰਦਗੀ ਵਿੱਚ ਵੀ ਆਪਣੇ ਕਿਰਦਾਰ ਤੇਜੋ ਵਰਗੀ ਹੀ ਹੈ, ਜੋ ਆਪਣੇ ਪਰਿਵਾਰ ਨੂੰ ਤਰਜੀਹ ਦਿੰਦੀ ਹੈ। ਦੱਸਣਯੋਗ ਹੈ ਕਿ ਇਸ ਸੀਰੀਅਲ ਦੇ ਨਿਰਮਾਤਾ ਮਸ਼ਹੂਰ ਟੈਲੀਵਿਜਨ ਜੋੜੀ ਰਵੀ ਦੂਬੇ ਤੇ ਸਰਗੁਣ ਮਹਿਤਾ ਹਨ। -ਆਈਏਐੱਨਐੱਸ