ਮੁੰਬਈ: ਅਦਾਕਾਰਾ ਭੂਮੀ ਪੇਡਨੇਕਰ ਨੇ ਫਿਲਮ ‘ਬਧਾਈ ਦੋ’ ਵਿੱਚ ਕੰਮ ਕਰਨ ਦਾ ਫ਼ੈਸਲਾ ਲੈਣ ਦਾ ਕਾਰਨ ਸਾਂਝਾ ਕਰਦਿਆਂ ਕਿਹਾ ਕਿ ਉਸ ਨੂੰ ਇਸ ਫਿਲਮ ਰਾਹੀਂ ਇੱਕ ਅਜਿਹਾ ਸੰਵੇਦਨਸ਼ੀਲ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ, ਜਿਸ ਰਾਹੀਂ ਉਹ ਅੱਖਾਂ ਖੋਲ੍ਹਣ ਵਾਲੇ ਵਿਸ਼ੇ ਨੂੰ ਸਾਹਮਣੇ ਲਿਆ ਸਕਦੀ ਹੈ। ਭੂਮੀ ਨੇ ਕਿਹਾ, ‘ਮੈਂ ਬਹੁਤ ਖੁਸ਼ ਹਾਂ ਕਿ ਅੱਜ-ਕੱਲ੍ਹ ਫਿਲਮਸਾਜ਼ ਸੰਵੇਦਨਸ਼ੀਲ ਅਤੇ ਪਰੰਪਰਾਵਾਂ ਨੂੰ ਤੋੜਨ ਵਾਲੇ ਵਿਸ਼ਿਆਂ ’ਤੇ ਫਿਲਮਾਂ ਬਣਾ ਰਹੇ ਹਨ। ਮੈਨੂੰ ਲੱਗਦਾ ਹੈ ਕਿ ਮੈਂ ਇੱਕ ਅਜਿਹੇ ਵੱਖਰੀ ਕਿਸਮ ਦੇ ਪ੍ਰਾਜੈਕਟ ’ਚ ਕੰਮ ਕਰਕੇ ਅਜਿਹੇ ਵਿਸ਼ਿਆਂ ਨੂੰ ਸੁਰਜੀਤ ਕਰ ਸਕਦੀ ਹਾਂ।’
ਅਦਾਕਾਰਾ ਨੇ ਕਿਹਾ, ‘ਮੈਂ ਸਦਾ ਹੀ ਆਪਣੀ ਸਮਰੱਥਾ ਨੂੰ ਹੋਰ ਵਧਾਉਣ ਦਾ ਯਤਨ ਕਰਦੀ ਹਾਂ। ‘ਬਧਾਈ ਦੋ’ ਇੱਕ ਅਜਿਹਾ ਵਿਸ਼ਾ ਹੈ, ਜੋ ਸੰਵੇਦਨਸ਼ੀਲ ਵੀ ਹੈ ਤੇ ਇਹ ਫਿਲਮ ਇੱਕ ਅਜਿਹੇ ਵਿਸ਼ੇ ਬਾਰੇ ਆਵਾਜ਼ ਚੁੱਕਦੀ ਹੈ ਜੋ ਭਾਰਤ ਦੇ ਲੋਕਾਂ ਦੀਆਂ ਅੱਖਾਂ ਖੋਲ੍ਹੇਗੀ। ਉਸ ਨੇ ਕਿਹਾ, ‘ਅੱਜ ਦੇ ਸਮੇਂ ਅਦਾਕਾਰ ਹੋਣਾ ਬਹੁਤ ਹੀ ਉਤਸ਼ਾਹਿਤ ਕਰਨ ਵਾਲੀ ਗੱਲ ਹੈ ਕਿਉਂਕਿ ਸਮਾਜ ਵਿੱਚ ਤਬਦੀਲੀ ਲਿਆਉਣ ਦੇ ਚਾਹਵਾਨ ਵੱਡੇ ਫਿਲਮ ਨਿਰਮਾਤਾ ਅਜਿਹੇ ਵਿਸ਼ਿਆਂ ਨਾਲ ਸਬੰਧਤ ਵੱਡੇ ਪ੍ਰਾਜੈਕਟ ਲਿਆ ਰਹੇ ਹਨ।’ ਭੂਮੀ ਨੇ ਕਿਹਾ ਕਿ ਇੱਕ ਇਨਸਾਨ ਹੋਣ ਨਾਤੇ ਉਹ ਅਜਿਹੇ ਵਿਸ਼ਿਆਂ ਪ੍ਰਤੀ ਝੁਕਾਅ ਰੱਖਦੀ ਹੈ। -ਆਈਏਐੱਨਐੱਸ