ਮੁੰਬਈ: ਟੈਲੀਵਿਜ਼ਨ ਤੇ ਫ਼ਿਲਮਾਂ ਦੇ ਉੱਘੇ ਅਦਾਕਾਰ ਸਿਧਾਰਥ ਸ਼ੁਕਲਾ ਦਾ ਅੱਜ ਦੇਹਾਂਤ ਹੋ ਗਿਆ। ਉਹ ਮਹਿਜ਼ 40 ਵਰ੍ਹਿਆਂ ਦੇ ਸਨ। ਉਨ੍ਹਾਂ ਲੰਬੇ ਚੱਲੇ ਟੀਵੀ ਸ਼ੋਅ ‘ਬਾਲਿਕਾ ਵਧੂ’ ਤੋਂ ਪ੍ਰਸਿੱਧੀ ਹਾਸਲ ਕੀਤੀ ਸੀ। ਮਗਰੋਂ ਉਨ੍ਹਾਂ ‘ਬਿੱਗ ਬੌਸ 13’ ਦਾ ਖਿਤਾਬ ਆਪਣੇ ਨਾਂ ਕੀਤਾ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੁਕਲਾ ਨੂੰ ਅੱਜ ਸਵੇਰੇ ਜੁਹੂ ਵਿਚਲੇ ਕੂਪਰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ। ਕੂਪਰ ਹਸਪਤਾਲ ਦੇ ਡੀਨ ਡਾਕਟਰ ਸ਼ੈਲੇਸ ਮੋਹਿਤੇ ਨੇ ਦੱਸਿਆ ਕਿ ਸ਼ੁਕਲਾ ਨੂੰ ਮ੍ਰਿਤਕ ਹਾਲਤ ਵਿੱਚ ਹੀ ਹਸਪਤਾਲ ਲਿਆਂਦਾ ਗਿਆ ਸੀ, ਮੌਤ ਦਾ ਕਾਰਨ ਪੋਸਟ ਮਾਰਟਮ ਰਿਪੋਰਟ ਮਗਰੋਂ ਪਤਾ ਲੱਗੇਗਾ। ਡਾ. ਜਿਤੇਨ ਭਾਵਸਰ ਨੇ ਦੱਸਿਆ ਕਿ ਉਹ ਪੁਲੀਸ ਪੰਚਨਾਮੇ ਦੀ ਉਡੀਕ ਕਰ ਰਹੇ ਹਨ, ਇਸ ਮਗਰੋਂ ਪੋਸਟਮਾਰਟਮ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ੁਕਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਮਗਰੋਂ ਉਨ੍ਹਾਂ ਟੈਲੀਵਿਜ਼ਨ ਸ਼ੋਅ ‘ਬਾਬੁਲ ਕਾ ਆਂਗਨ ਛੂਟੇ ਨਾ’ ਵਿੱਚ ਮੁੱਖ ਕਿਰਦਾਰ ਨਿਭਾਇਆ। ਇਸ ਤੋਂ ਬਾਅਦ ਉਹ ‘ਜਾਨੇ ਪਹਿਚਾਨੇ ਸੇ….ਯੇਹ ਅਜਨਬੀ’ ਤੇ ‘ਲਵੂ ਯੂ ਜ਼ਿੰਦਗੀ’ ਵਿੱਚ ਕੰਮ ਕੀਤਾ ਪਰ ਪ੍ਰਸਿੱਧੀ ਉਨ੍ਹਾਂ ਨੂੰ ‘ਬਾਲਿਕਾ ਵਧੂ’ ਤੋਂ ਮਿਲੀ। ਇਸ ਤੋਂ ਇਲਾਵਾ ਉਨ੍ਹਾਂ ਕਈ ਰਿਐਲਿਟੀ ਸ਼ੋਅਜ਼ ਵਿੱਚ ਵੀ ਕੰਮ ਕੀਤਾ। ਇਸ ਦੌਰਾਨ ਅਦਾਕਾਰ ਸਲਮਾਨ ਖ਼ਾਨ, ਅਕਸ਼ੈ ਕੁਮਾਰ, ਅਜੈ ਦੇਵਗਨ ਅਤੇ ਮਾਧੁਰੀ ਦੀਕਸ਼ਿਤ ਨੇਨੇ ਸਮੇਤ ਹੋਰਨਾਂ ਫ਼ਿਲਮ ਜਗਤ ਦੀਆਂ ਸ਼ਖ਼ਸੀਅਤਾਂ ਨੇ ਸਿਧਾਰਥ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਇਆ। ਸਲਮਾਨ ਖਾਨ ਨੇ ਟਵੀਟ ਕਰਦਿਆਂ ਲਿਖਿਆ,‘ਸਿਧਾਰਥ ਛੇਤੀ ਚਲਾ ਗਿਆ, ਤੁਸੀਂ ਯਾਦ ਆਓਗੇੇ।’ ਵਰੁਣ ਧਵਨ ਨੇ ਇੰਸਟਾਗ੍ਰਾਮ ’ਤੇ ਉਸ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਭਾਵੁਕ ਨੋਟ ਲਿਖਿਆ। ਧਵਨ ਨੇ ਲਿਖਿਆ,‘ਤੁਹਾਡੇ ਦਿਆਲੂ ਸੁਭਾਅ ਤੇ ਸੋਹਣੀ ਸ਼ਖ਼ਸੀਅਤ ਨੇ ਕਈਆਂ ਦੇ ਦਿਲ ਜਿੱਤੇ ਹਨ। ਮੈਂ ਪਰਿਵਾਰ ਤੇ ਉਸ ਦੇ ਚਾਹੁਣ ਵਾਲਿਆਂ ਨਾਲ ਦੁੱਖ ਜ਼ਾਹਰ ਕਰਦਾ ਹਾਂ।’ ਮਾਧੁਰੀ ਦੀਕਸ਼ਿਤ ਨੇ ਟਵਿੱਟਰ ’ਤੇ ਲਿਖਿਆ,‘ਇਹ ਬੇਹੱਦ ਹੈਰਾਨੀ ਵਾਲੀ ਖ਼ਬਰ ਹੈ ਤੇ ਇਸ ’ਤੇ ਵਿਸ਼ਵਾਸ ਨਹੀਂ ਹੋ ਰਿਹਾ ਹੈ। ਤੁਹਾਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ।’ ਅਜੈ ਦੇਵਗਨ, ਫਰਾਹ ਖ਼ਾਨ, ਹਿਮਾਂਸ਼ੀ ਖੁਰਾਣਾ ਤੇ ਰਾਜਕੁਮਾਰ ਰਾਓ ਨੇ ਵੀ ਸ਼ੁਕਲਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ। -ਪੀਟੀਆਈ