ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 12 ਅਗਸਤ
ਵਿਸ਼ਵ ਕੈਂਸਰ ਕੇਅਰ ਸੈਂਟਰ ਵੱਲੋਂ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੂੰ ਅੰਗਹੀਣਾਂ ਅਤੇ ਹੋਰ ਜ਼ਰੂਰਤਮੰਦਾਂ ਦੇ ਲਈ 11 ਵੀਲ੍ਹ ਚੇਅਰਾਂ ਦਿੱਤੀਆਂ ਗਈਆਂ। ਇਸ ਮੌਕੇ ਵਰਲਡ ਕੈਂਸਰ ਕੇਅਰ ਦੇ ਨੁਮਾਇੰਦੇ ਡਾ. ਧਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਵੱਲੋਂ ਜਿਥੇ ਕਈ ਸਾਲਾਂ ਤੋਂ ਕੈਂਸਰ ਦੇ ਚੈੱਕ ਅੱਪ ਕੈਂਪ ਲਗਾ ਕੇ ਲੋਕਾਂ ਦਾ ਫ਼ਰੀ ਕੈਂਸਰ ਚੈੱਕ ਕੀਤਾ ਜਾ ਰਿਹਾ, ਉੱਥੇ ਹੀ ਇਸ ਸੰਸਥਾ ਦੇ ਅੰਬੈਸਡਰ ਡਾ. ਕੁਲਵੰਤ ਸਿੰਘ ਧਾਲੀਵਾਲ ਵੱਲੋਂ ਪੰਜਾਬ ’ਚ ਵੀਲ੍ਹ ਚੇਅਰ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸੰਸਥਾ ਵੱਲੋਂ ਮੂੰਹ, ਗਲੇ, ਚਮੜੀ, ਬਲੱਡ ਕੈਂਸਰ, ਔਰਤਾਂ ਦੀ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਟੈਸਟਾਂ ਤੋਂ ਇਲਾਵਾ ਮਰਦਾਂ ਦੇ ਗਦੂਦਾਂ ਦੇ ਕੈਂਸਰ ਦੇ ਟੈਸਟ ਬਿਲਕੁਲ ਮੁਫ਼ਤ ਕਰਵਾਏ ਜਾਂਦੇ ਹਨ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਡਿਪਟੀ ਕਮਿਸ਼ਨਰ ਅ੍ਰਮਿੰਤ ਕੌਰ ਗਿੱਲ ਨੇ ਵਰਲਡ ਕੈਂਸਰ ਕੇਅਰ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਲੋਕਾਂ ਦੇ ਸਹਿਯੋਗ ਲਈ ਅੱਗੇ ਆ ਕੇ ਲੋੜਵੰਦਾਂ ਬਿਮਾਰ ਬੇਸਹਾਰਾ ਲੋਕਾਂ ਦੀ ਸਹਾਇਤਾ ਲਈ ਕਾਰਜਸ਼ੀਲ ਰਹਿਣਾ ਚਾਹੀਦਾ ਹੈ।