ਰਮੇਸ਼ ਭਾਰਦਵਾਜ
ਲਹਿਰਾਗਾਗਾ, 2 ਅਕਤੂਬਰ
ਨੇੜਲੇ ਪਿੰਡ ਛਾਜਲੀ ਵਿੱਚ ਗ੍ਰਾਮ ਸਭਾ ਇਜਲਾਸ ’ਚ ਪੰਚਾਇਤ ਤੋਂ ਇਲਾਵਾ ਪੰਚਾਇਤ ਸਕੱਤਰ ਨੇ ਵੀ ਸ਼ਮੂਲੀਅਤ ਕੀਤੀ ਅਤੇ ਗ੍ਰਾਮ ਸਭਾ ਇਜਲਾਸ ਦੌਰਾਨ ਪੰਜਾਬ ਸਰਕਾਰ ਨੇ ਮਜ਼ਦੂਰਾਂ ਲਈ 5-5 ਮਰਲੇ ਦੇ ਪਲਾਟ ਦੇਣ ਸਬੰਧੀ ਹਦਾਇਤਾਂ ਦਿੱਤੀਆਂ ਸਨ। ਇਸ ਕਰਕੇ ਪਲਾਟਾਂ ਦੇ ਫਾਰਮ ਭਰਨ ਲਈ ਲੋਕ ਪਹੁੰਚੇ ਪਰ ਜਦੋਂ ਪੰਚਾਇਤ ਸਕੱਤਰ ਨੇ ਲੋੜਵੰਦਾਂ ਨੂੰ ਪਲਾਟ ਦੇਣ ਬਾਰੇ ਪੰਜਾਬ ਸਰਕਾਰ ਦੀਆਂ ਸ਼ਰਤਾਂ ਪੜ੍ਹ ਕੇ ਸੁਣਾਈਆਂ ਤਾਂ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ।
ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਲੋਕਾਂ ਨੂੰ ਲਾਮਬੰਦ ਕਰਕੇ ਸਰਕਾਰੀ ਅਧਿਕਾਰੀਆਂ ਦਾ ਘਿਰਾਓ ਕਰ ਕੇ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਸ਼ਰਤਾਂ ਦਾ ਵਿਰੋਧ ਕਰਦੇ ਹਨ। ਉਨ੍ਹਾਂ ਨੇ ਇਜਲਾਸ ਨੂੰ ਇੱਕ ਡੰਮੀ ਇਜਲਾਸ ਦੱਸਿਆ ਹੈ ਜਿਸ ਵਿੱਚ ਮਹਿਜ਼ ਖਾਨਾਪੂਰਤੀ ਹੀ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜੋ ਸ਼ਰਤਾਂ ਲਾਗੂ ਕੀਤੀਆਂ ਹਨ ਉਨ੍ਹਾਂ ਨੂੰ ਤੁਰੰਤ ਹਟਾ ਕੇ ਹਰ ਪਰਿਵਾਰ ਨੂੰ ਪਲਾਟ ਅਲਾਟ ਕੀਤੇ ਜਾਣ ਅਤੇ ਗ੍ਰਾਮ ਸਭਾ ਇਜਲਾਸ ਦੌਰਾਨ ਪੰਚਾਇਤਾਂ ਵੱਲੋਂ ਮਜ਼ਦੂਰ ਮਸਲਿਆਂ ਨੂੰ ਲੈ ਕੇ ਮਤੇ ਪਾਸ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨ੍ਹਾਂ ਮੰਗਾਂ ਨੂੰ ਮੰਨਿਆ ਨਹੀਂ ਜਾਵੇਗਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਗੋਰਾ ਸਿੰਘ ਛਾਜਲੀ, ਗੁਰਜੰਟ ਸਿੰਘ, ਨਾਥ ਸਿੰਘ, ਗੁਰਦਿਆਲ ਸਿੰਘ ਫੌਜੀ, ਤਾਰਾ ਸਿੰਘ ਗੀਤਕਾਰ, ਭੋਲਾ ਸਿੰਘ ਗੀਤਕਾਰ, ਮੀਤ ਮਨੀ ਛਾਜਲੀ, ਮਾਇਆ ਦੇਵੀ, ਰਾਣੀ ਕੌਰ, ਮਿੰਦਰ ਸਿੰਘ ਛਾਜਲੀ ਹਾਜ਼ਰ ਸਨ।
ਮਾਮਲੇ ਦੇ ਹੱਲ ਲਈ ਕਮੇਟੀ ਦਾ ਗਠਨ
ਬੀਡੀਪੀਓ ਸੁਨਾਮ ਨੇ ਦੱਸਿਆ ਕਿ ਸਰਕਾਰ ਦੀ ਹਦਾਇਤ ’ਤੇ ਲੋੜਵੰਦਾਂ ਦੇ 5-5 ਮਰਲੇ ਦੇ ਪਲਾਟ ਦੇਣੇ ਸਨ ਜਿਸ ਲਈ ਅੱਜ ਇਜਲਾਸ ਸੱਦਿਆ ਗਿਆ ਸੀ। ਇਤਰਾਜ਼ ਖੜ੍ਹੇ ਹੋਣ ਕਰਕੇ ਇੱਕ ਕਮੇਟੀ ਗਠਿਤ ਕਰ ਦਿੱਤੀ ਗਈ ਹੈ ਜਿਹੜੀ ਲੋੜਵੰਦਾਂ ਦੀ ਪਛਾਣ ਕਰਕੇ ਲੋਕਾਂ ਨੂੰ ਰਾਹਤ ਦੇਵੇਗੀ। ਇਸ ਭਰੋਸੇ ਮਗਰੋਂ ਘਿਰਾਓ ਖਤਮ ਕਰ ਦਿੱਤਾ ਗਿਆ।