ਨਿਜੀ ਪੱਤਰ ਪ੍ਰੇਰਕ
ਸੰਗਰੂਰ, 31 ਅਗਸਤ
ਹਰਿਆਣਾ ਦੇ ਕਰਨਾਲ ਵਿੱਚ ਕਿਸਾਨਾਂ ਉਪਰ ਹੋਏ ਅੰਨ੍ਹੇਵਾਹ ਪੁਲੀਸ ਲਾਠੀਚਾਰਜ ਦੌਰਾਨ ਸ਼ਹੀਦ ਹੋਏ ਕਿਸਾਨ ਨੂੰ ਅੱਜ ਖੇੜੀ ਵਿਖੇ ਰਿਲਾਇੰਸ ਪੰਪ ’ਤੇ ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਪੱਕੇ ਰੋਸ ਧਰਨੇ ਦੌਰਾਨ ਦੋ ਮਿੰਟ ਦਾ ਮੋਨ ਧਾਰਨ ਕਰਕੇ ਸੈਂਕੜੇ ਕਿਸਾਨ ਬੀਬੀਆਂ ਤੇ ਕਿਸਾਨਾਂ ਵਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਕਿਸਾਨ ਸੁਸ਼ੀਲ ਕਾਜਲ ਨੂੰ ਕਿਸਾਨ ਅੰਦੋਲਨ ਦਾ ਸ਼ਹੀਦ ਕਰਾਰ ਦਿੰਦਿਆਂ ਦਾਅਵਾ ਕੀਤਾ ਗਿਆ ਕਿ ਕਿਸਾਨ ਸੁਸ਼ੀਲ ਕਾਜਲ ਦਾ ਡੁੱਲ੍ਹਿਆ ਖੂਨ ਅਜਾਈਂ ਨਹੀਂ ਜਾਵੇਗਾ।
ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਖੇੜੀ ਰਿਲਾਇੰਸ ਪੰਪ ਨੇੜੇ ਪੱਕਾ ਰੋਸ ਧਰਨਾ ਚੱਲ ਰਿਹਾ ਹੈ। ਅੱਜ ਵੱਡੀ ਗਿਣਤੀ ’ਚ ਕਿਸਾਨ ਬੀਬੀਆਂ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਪੁੱਜੀਆਂ ਹੋਈਆਂ ਸਨ। ਰੋਸ ਧਰਨੇ ਦੌਰਾਨ ਖੇਤੀ ਕਾਨੂੰਨਾਂ ਖ਼ਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਉਪਰ ਕੀਤੇ ਜਾ ਰਹੇ ਤਸ਼ੱਦਦ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਅਤੇ ਹਰਿਆਣਾ ਸਰਕਾਰ ਸਾਜ਼ਿਸ ਤਹਿਤ ਕਿਸਾਨਾਂ ਉਪਰ ਜੁਲਮ ਢਾਹ ਰਹੀ ਹੈ ਅਤੇ ਖੇਤੀ ਕਾਨੂੰਨਾਂ ਖ਼ਿਲਾਫ਼ ਲੋਕ ਲਹਿਰ ਬਣ ਰਹੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਬਰ ਜ਼ੁਲਮ ਅਤੇ ਪੁਲੀਸ ਕੇਸਾਂ ਨਾਲ ਕਿਸਾਨਾਂ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ ਸਗੋਂ ਕਿਸਾਨਾਂ ਦੇ ਹੌਂਸਲੇ ਹੋਰ ਬੁਲੰਦ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਸੈਂਕੜੇ ਕਿਸਾਨ ਬੀਬੀਆਂ ਅਤੇ ਕਿਸਾਨਾਂ ਵਲੋਂ ਕਰਨਾਲ ਲਾਠੀਚਾਰਜ ਦੌਰਾਨ ਸ਼ਹੀਦ ਹੋਏ ਕਿਸਾਨ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕਿਸਾਨ ਆਗੂ ਗੋਬਿੰਦਰ ਸਿੰਘ ਮੰਗਵਾਲ, ਸਰੂਪ ਚੰਦ ਕਿਲਾਭਰੀਆਂ ਅਤੇ ਗੁਰਦੀਪ ਸਿੰਘ ਕੰਮੋਮਾਜਰਾ ਆਦਿ ਨੇ ਸੰਬੋਧਨ ਕੀਤਾ। ਉਧਰ ਸਥਾਨਕ ਰੇਲਵੇ ਸਟੇਸ਼ਨ ਨੇੜੇ ਪੱਕੇ ਰੋਸ ਧਰਨੇ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਰੰਜਣ ਸਿੰਘ ਦੋਹਲਾ, ਨਿਰਮਲ ਸਿੰਘ ਬਟੜਿਆਣਾ, ਗੁਰਬਖਸ਼ ਸਿੰਘ, ਰੋਹੀ ਸਿੰਘ ਮੰਗਵਾਲ, ਰਘਵੀਰ ਸਿੰਘ ਛਾਜਲੀ, ਇੰਦਰਪਾਲ ਸਿੰਘ ਪੁੰਨਾਂਵਾਲ, ਮਹਿੰਦਰ ਸਿੰਘ, ਪ੍ਰੀਤਮ ਸਿੰਘ ਕਾਂਝਲਾ, ਮਹਿੰਦਰ ਸਿੰਘ ਭੱਠਲ, ਰਾਮ ਸਿੰਘ ਸੋਹੀਆਂ, ਪ੍ਰੀਤਮ ਸਿੰਘ ਬਡਰੁੱਖਾਂ, ਜੋਗਿੰਦਰ ਸਿੰਘ ਸਰਾਓ ਆਦਿ ਨੇ ਸੰਬੋਧਨ ਕੀਤਾ।