ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 15 ਦਸੰਬਰ
ਕਰੀਬ ਪੰਜ ਦਿਨ ਪਹਿਲਾਂ ਲਹਿਰਾਗਾਗਾ ਵਿੱਚ ਨੌਜਵਾਨ ਦੇ ਤੇਜ਼ਧਾਰ ਹਥਿਆਰਾਂ ਨਾਲ ਹੋਏ ਕਤਲ ਦੇ ਮਾਮਲੇ ਦਾ ਪੁਲੀਸ ਨੇ ਪਰਦਾਫਾਸ਼ ਕੀਤਾ ਹੈ। ਪਤੀ ਦੇ ਅਗਵਾ ਹੋਣ ਤੇ ਕਤਲ ਕਰਨ ਦੇ ਦੋਸ਼ ਲਗਾ ਕੇ ਪੰਜ ਜਣਿਆਂ ਖ਼ਿਲਾਫ਼ ਝੂਠਾ ਕੇਸ ਦਰਜ ਕਰਾਉਣ ਵਾਲੀ ਪਤਨੀ ਦੀ ਸਾਜਿਸ਼ ਬੇਨਕਾਬ ਹੋ ਗਈ ਹੈ ਜਿਸ ਨੇ ਪ੍ਰੇਮੀ ਨਾਲ ਮਿਲ ਕੇ ਹੀ ਆਪਣੇ ਪ੍ਰੇਮ ਸਬੰਧਾਂ ’ਚ ਰੋੜਾ ਸਮਝ ਕੇ ਪਤੀ ਦਾ ਕਤਲ ਕਰਵਾਇਆ ਸੀ। ਪੁਲੀਸ ਨੇ ਕਤਲ ਦੇ ਦੋਸ਼ ਹੇਠ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇੱਥੇ ਪੁਲੀਸ ਲਾਈਨ ’ਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਐਸ.ਪੀ. ਡੀ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਬੀਤੀ 10 ਦਸੰਬਰ ਨੂੰ ਅਮਨਦੀਪ ਸਿੰਘ ਉਰਫ ਹੈਪੀ ਪੁੱਤਰ ਈਸਰ ਸਿੰਘ ਵਾਸੀ ਗੋਬਿੰਦਪੁਰਾ ਪਾਪੜਾ ਹਾਲ ਕਿਰਾਏਦਾਰ ਵਾਰਡ ਨੰਬਰ 13 ਲਹਿਰਾ ਦਾ ਕਤਲ ਹੋ ਗਿਆ ਸੀ। ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਦੇ ਬਿਆਨਾਂ ’ਤੇ ਥਾਣਾ ਲਹਿਰਾ ਵਿੱਚ ਮਲਕੀਤ ਸਿੰਘ, ਜਸਵੀਰ ਸਿੰਘ, ਸਤਪਾਲ ਸਿੰਘ ਉਰਫ ਸੱਤੀ ਵਾਸੀਆਨ ਬੱਲਰਾ, ਬਲਜਿੰਦਰ ਸਿੰਘ ਉਰਫ ਜੱਗੀ ਵਾਸੀ ਹਮੀਰਗੜ੍ਹ ਅਤੇ ਕੁਲਵੀਰ ਕੌਰ ਵਾਸੀ ਲਾਲਿਆਂਵਾਲੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਪੁਲੀਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮ੍ਰਿਤਕ ਅਮਨਦੀਪ ਸਿੰਘ ਦੀ ਪਤਨੀ ਰਮਨਦੀਪ ਕੌਰ ਦੇ ਉਸ ਦੇ ਪਤੀ ਦੀ ਮਾਸੀ ਦੇ ਲੜਕੇ ਰਮਨਦੀਪ ਸਿੰਘ ਉਰਫ ਰਾਜੂ ਵਾਸੀ ਭੂਟਾਲ ਕਲਾਂ ਨਾਲ ਨਾਜਾਇਜ਼ ਸਬੰਧ ਸਨ। ਮ੍ਰਿਤਕ ਦੀ ਪਤਨੀ ਅਤੇ ਮਾਸੀ ਦਾ ਲੜਕਾ ਰਮਨਦੀਪ ਸਿੰਘ ਰਾਜੂ, ਅਮਨਦੀਪ ਸਿੰਘ ਨੂੰ ਆਪਣੇ ਪ੍ਰੇਮ ਸਬੰਧਾਂ ਵਿਚ ਰੋੜਾ ਸਮਝਦੇ ਸਨ। ਇਨ੍ਹਾਂ ਦੋਵਾਂ ਨੇ ਸਾਜਿਸ਼ ਤਹਿਤ ਬੀਤੀ 10 ਦਸੰਬਰ ਨੂੰ ਰਾਤ ਕਰੀਬ ਸਾਢੇ ਅੱਠ ਵਜੇ ਰਮਨਦੀਪ ਸਿੰਘ ਬਹਾਨੇ ਨਾਲ ਅਮਨਦੀਪ ਸਿੰਘ ਉਰਫ਼ ਹੈਪੀ ਨੂੰ ਸਕੂਟਰ ’ਤੇ ਬਿਠਾ ਕੇ ਸ਼ਿਵਾ ਕਲੋਨੀ ਵਿੱਚ ਲੈ ਗਿਆ ਜਿਥੇ ਤੇਜਧਾਰ ਕੁਹਾੜੀ ਨਾਲ ਉਸਦਾ ਕਤਲ ਕਰ ਦਿੱਤਾ ਅਤੇ ਰਮਨਦੀਪ ਕੌਰ ਵੱਲੋਂ ਇਸ ਕਤਲ ਦਾ ਇਲਜ਼ਾਮ ਮਲਕੀਤ ਸਿੰਘ ਅਤੇ ਹੋਰਨਾਂ ਤੇ ਲਗਾ ਕੇ ਮਾਮਲਾ ਦਰਜ ਕਰਵਾ ਦਿੱਤਾ ਸੀ। ਪੁਲੀਸ ਨੇ ਜਾਂਚ ਮਗਰੋਂ ਮ੍ਰਿਤਕ ਦੀ ਪਤਨੀ ਤੇ ਰਮਨਦੀਪ ਸਿੰਘ ਉਰਫ਼ ਰਾਜੂ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕਰਾਉਣ ਹੇਠ ਜੁਰਮ 182, 193, 197 ਆਈਪੀਸੀ ਦਾ ਵਾਧਾ ਕੀਤਾ ਗਿਆ ਹੈ।