ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਅਪਰੈਲ
ਇੱਥੇ ਉਭਾਵਾਲ ਰੋਡ ’ਤੇ ਰੇਲਵੇ ਫਾਟਕ ਨੇੜੇ ਖੁੱਲ੍ਹੇ ਗੁਦਾਮ ਵਿੱਚ ਕਣਕ ਦਾ ਭੰਡਾਰ ਲਗਾਉਣ ਦਾ ਮਾਮਲਾ ਕਰੀਬ ਛੇ ਦਿਨਾਂ ਮਗਰੋਂ ਅੱਜ ਮੁੜ ਗਰਮਾ ਗਿਆ ਜਦੋਂ ਖੁਰਾਕ ਸਪਲਾਈ ਵਿਭਾਗ ਦੇ ਮੁਲਾਜ਼ਮ ਕਣਕ ਦੇ ਭਰੇ ਟਰੱਕਾਂ ਸਮੇਤ ਖੁੱਲ੍ਹੇ ਗੁਦਾਮ ’ਚ ਕਣਕ ਭੰਡਾਰ ਕਰਨ ਪੁੱਜ ਗਏ। ਪਤਾ ਲੱਗਦਿਆਂ ਹੀ ਨੇੜਲੇ ਰਿਹਾਇਸ਼ੀ ਇਲਾਕੇ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਦਿਆਂ ਸੰਗਰੂਰ-ਉਭਾਵਾਲ ਲਿੰਕ ਰੋਡ ਉੱਪਰ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ।
ਧਰਨਾਕਾਰੀਆਂ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਹਾਲਤ ਵਿੱਚ ਖੁੱਲ੍ਹੇ ਗੁਦਾਮ ’ਚ ਕਣਕ ਨਹੀਂ ਲੱਗਣ ਦੇਣਗੇ।
ਧਰਨੇ ਦੌਰਾਨ ਲੋਕਾਂ ਦੀ ਅਗਵਾਈ ਕਰ ਰਹੇ ਵਿਜੇ ਸਾਹਨੀ, ਸੱਜਣ ਰਾਮ, ਵਿੱਕੀ ਸੰਗਰੂਰੀਆ, ਮੁਕੇਸ਼ ਕੁਮਾਰ, ਰਾਜ ਕੁਮਾਰ ਤੇ ਮੰਗਾ ਰਾਮ ਆਦਿ ਨੇ ਦੱਸਿਆ ਕਿ ਰਿਹਾਇਸ਼ੀ ਇਲਾਕੇ ਨੇੜੇ ਖੁੱਲ੍ਹੇ ’ਚ ਕਣਕ ਭੰਡਾਰ ਕੀਤੀ ਜਾ ਰਹੀ ਹੈ ਜਿਸ ਕਾਰਨ ਵੱਡੀ ਤਾਦਾਦ ’ਚ ਸੁੱਸਰੀ ਪੈਦਾ ਹੁੰਦੀ ਹੈ ਅਤੇ ਲੋਕਾਂ ਦਾ ਜੀਣਾ ਦੁੱਭਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਭਾਗ ਵੱਲੋਂ ਖੁੱਲ੍ਹੇ ਭੰਡਾਰ ਵਿੱਚ ਕਣਕ ਨੂੰ ਸੁੱਸਰੀ ਤੋਂ ਬਚਾਉਣ ਲਈ ਪਲੰਥਾਂ ਵਿੱਚ ਜ਼ਹਿਰੀਲੀ ਦਵਾਈ ਰੱਖੀ ਜਾਂਦੀ ਹੈ ਤਾਂ ਹਵਾ ਚੱਲਣ ਨਾਲ ਜ਼ਹਿਰੀਲੀ ਬੁਦਬੂ ਲੋਕਾਂ ਦੇ ਘਰਾਂ ਤੱਕ ਜਾ ਪੁੱਜਦੀ ਹੈ ਅਤੇ ਲੋਕਾਂ ਨੂੰ ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਖੁੱਲ੍ਹੇ ’ਚ ਕਣਕ ਭੰਡਾਰ ਕਰਨ ਨਾਲ ਉਭਾਵਾਲ ਰੋਡ ’ਤੇ ਸਥਿਤ ਹਨੂੰਮਾਨ ਬਸਤੀ, ਸ਼ਕੀਲ ਬਸਤੀ, ਬੀਬੀਐਮਬੀ ਕਲੋਨੀ, ਗੰਗਾ ਰਾਮ ਬਸਤੀ, ਅਜੀਤ ਨਗਰ, ਗਰੇਵਾਲ ਕਲੋਨੀ ਆਦਿ ਬਸਤੀਆਂ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ।
ਉਨ੍ਹਾਂ ਮੰਗ ਕੀਤੀ ਕਿ ਖੁੱਲ੍ਹੇ ਵਿੱਚ ਕਣਕ ਦੇ ਭੰਡਾਰ ਨਾ ਲਗਾਏ ਜਾਣ ਅਤੇ ਮੁਕੰਮਲ ਤੌਰ ’ਤੇ ਇੱਥੋਂ ਓਪਨ ਪਲੰਥ ਬੰਦ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸ਼ਨ ਨੇ ਧੱਕੇਸ਼ਾਹੀ ਕੀਤੀ ਤਾਂ ਉਹ ਖੁਦਕੁਸ਼ੀ ਲਈ ਮਜਬੂਰ ਹੋਣਗੇ।
ਇਸ ਮੌਕੇ ਪੁੱਜੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਨਰਿੰਦਰ ਸਿੰਘ ਨੇ ਕਿਹਾ ਕਿ ਇੱਥੇ ਓਪਨ ਪਲੰਥ ਵਿੱਚ ਦਸ ਹਜ਼ਾਰ ਟਨ ਕਣਕ ਸਟੋਰ ਕੀਤੀ ਜਾਣੀ ਹੈ। ਐੱਫ.ਸੀ.ਆਈ. ਵੱਲੋਂ 27 ਅਪਰੈਲ ਨੂੰ ਕਣਕ ਸਟੋਰ ਕਰਨ ਦੇ ਆਦੇਸ਼ ਮਿਲੇ ਹਨ। ਅੱਜ 4500 ਬੋਰੀਆਂ ਲੈ ਕੇ 15 ਟਰੱਕ ਪਾਸ ਕਰਵਾ ਕੇ ਓਪਨ ਪਲੰਥ ਵਿੱਚ ਲਗਾਉਣ ਲਈ ਪੁੱਜੇ ਸਨ ਪਰ ਲੋਕਾਂ ਨੇ ਵਿਰੋਧ ਕਰਦਿਆਂ ਸਟਾਕ ਨਹੀਂ ਲੱਗਣ ਦਿੱਤਾ। ਪੁਲੀਸ ਪ੍ਰਸਾਸ਼ਨ ਦੀ ਮੱਦਦ ਨਾਲ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।
ਮੌਕੇ ’ਤੇ ਪੁੱਜੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਅਤੇ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਨੇ ਲੋਕਾਂ ਨੂੰ ਸ਼ਾਂਤ ਕੀਤਾ। ਵਿਧਾਇਕ ਭਰਾਜ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਨਾਲ ਮਿਲ ਬੈਠ ਕੇ ਇਸ ਮਸਲੇ ਦਾ ਜਲਦ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।