ਪੱਤਰ ਪ੍ਰੇਰਕ
ਘਨੌਰ, 4 ਅਪਰੈਲ
ਮਾਰਕੀਟ ਕਮੇਟੀ ਘਨੌਰ ਅਧੀਨ ਆਉਂਦੇ 10 ਅਨਾਜ ਖਰੀਦ ਕੇਂਦਰਾਂ ਵਿੱਚੋਂ ਅੱਜ ਕਸਬਾ ਘਨੌਰ ਅਤੇ ਸ਼ੰਭੂ ਕਲਾਂ ਦੀਆਂ ਦੋ ਮੰਡੀਆਂ ਵਿੱਚ ਕਣਕ ਦੀ ਨਵੀਂ ਫਸਲ ਦੀ ਆਮਦ ਹੋਣ ਦੇ ਨਾਲ ਹੀ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ। ਘਨੌਰ ਅਤੇ ਸ਼ੰਭੂ ਕਲਾਂ ਦੀ ਅਨਾਜ ਮੰਡੀਆਂ ਵਿੱਚੋਂ ਪੁੱਜੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਦੋਵੇਂ ਮੰਡੀਆਂ ਵਿੱਚ ਕਣਕ ਦੀ ਸਰਕਾਰੀ ਖਰੀਦ ਆਰੰਭ ਕਰਵਾਈ। ਵਿਧਾਇਕ ਘਨੌਰ ਨੇ ਕਣਕ ਦੇ ਖਰੀਦ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਜਿਣਸ ਵੇਚਣ ਆਏ ਕਿਸਾਨਾਂ ਤੇ ਆੜ੍ਹਤੀਆਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਣਕ ਦੀ ਸਰਕਾਰੀ ਖਰੀਦ ਦੇ ਪਹਿਲੇ ਦਿਨ ਅੱਜ ਘਨੌਰ ਮੰਡੀ ਵਿੱਚ ਕਣਕ ਵੇਚਣ ਵਾਲੇ ਕਿਸਾਨ ਰੁਪਿੰਦਰ ਸਿੰਘ ਕਾਮੀਂ ਕਲਾਂ ਅਤੇ ਵਿਸ਼ਾਲ ਸ਼ਰਮਾ ਊਲਾਣਾ ਨੂੰ ਗੁਰਲਾਲ ਘਨੌਰ ਨੇ ਸਿਰਪਾਓ ਨਾਲ ਸਨਮਾਨਿਤ ਕੀਤਾ ਅਤੇ ਲੱਡੂ ਵੰਡੇ। ਸਕੱਤਰ ਜੈ ਵਿਜੇ ਨੇ ਦੱਸਿਆ ਕਿ ਸ਼ੰਭੂ ਕਲਾਂ ਤੇ ਘਨੌਰ ਦੀਆਂ ਮੰਡੀਆਂ ਵਿੱਚ ਅੱਜ 300 ਕੁਇੰਟਲ ਕਣਕ ਦੀ ਸਰਕਾਰੀ ਖਰੀਦ ਹੋਈ। ਇਸ ਮੌਕੇ ਮੰਡੀ ਸੁਪਰਵਾਈਜ਼ਰ ਕਰਨਵੀਰ ਸਿੰਘ ਸੰਧੂ, ਕਰਮਜੀਤ ਸਿੰਘ ਗਰੇਵਾਲ, ਮੋਹਨ ਸਿੰਘ ਸ਼ੰਭੂ ਕਲਾਂ, ਸਰਦਾਰਾ ਸਿੰਘ ਘੁੰਗਰਾਂ, ਚਰਨਜੀਤ ਸਿੰਘ ਬਾਜਵਾ, ਇੰਸਪੈਕਟਰ ਗੁਰਵਿੰਦਰ ਸਿੰਘ, ਜਤਿੰਦਰ ਸਿੰਘ, ਆਪ ਆਗੂ ਗੁਰਮੁੱਖ ਸਿੰਘ ਪੰਡਤਾਂ, ਆੜ੍ਹਤੀ ਹਰਵਿੰਦਰ ਕਾਮੀਂ ਅਤੇ ਹੋਰ ਮੌਜੂਦ ਸਨ।
ਵਿਧਾਇਕ ਤੇ ਐੱਸਡੀਐੱਮ ਵੱਲੋਂ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ਼
ਲਹਿਰਾਗਾਗਾ (ਪੱਤਰ ਪ੍ਰੇਰਕ): ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਇਥੇ ਐਸਡੀਐਮ ਨਵਨੀਤ ਕੌਰ ਸੇਖੋਂ ਨੂੰ ਨਾਲ ਲੈ ਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਸਬੰਧੀ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਕਿਉਂਕਿ ਆਪ ਸਰਕਾਰ ਨੇ ਖ਼ਰੀਦ ਸਬੰਧੀ ਹਰੇਕ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਹਨ। ਉਨ੍ਹਾਂ ਮਾਰਕੀਟ ਕਮੇਟੀ ’ਚ ਮੀਡੀਆ ਨੂੰ ਕਿਹਾ ਕਿ ਕਾਂਗਰਸ ਜਾਂ ਅਕਾਲੀ ਸਰਕਾਰਾਂ ਵੇਲੇ ਬਾਰਦਾਨੇ ਤੇ ਲਿਫਟਿੰਗ ਨੂੰ ਲੈ ਕੇ ਆੜ੍ਹਤੀ ਅਤੇ ਕਿਸਾਨ ਪੂਰੀ ਤਰ੍ਹਾਂ ਖੱਜਲ ਖੁਆਰ ਹੋਏ ਸਨ, ਪ੍ਰੰਤੂ ਇਸ ਵਾਰ 80 ਫ਼ੀਸਦੀ ਤੋਂ ਉੱਪਰ ਖਾਲੀ ਬਾਰਦਾਨਾ ਏਜੰਸੀਆਂ ਕੋਲ ਪਹੁੰਚ ਚੁੱਕਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਹਿਰ ਵਿਚ ਸਫਾਈ ਦੀ ਸਮੱਸਿਆ ਦੇ ਹੱਲ ਬਾਰੇ ਕਿਹਾ ਕਿ 68 ਸਫਾਈ ਕਰਮਚਾਰੀਆਂ ਦੀ ਇੱਕ ਟੀਮ ਬਣਾ ਦਿੱਤੀ ਗਈ ਹੈ ਜੋ ਰੋਜ਼ਾਨਾ ਦੋ ਜਾਂ ਤਿੰਨ ਵਾਰਡਾਂ ਦੀ ਪੂਰੀ ਤਰ੍ਹਾਂ ਸਫ਼ਾਈ ਕਰੇਗੀ। ਐੱਸਡੀਐਮ ਲਹਿਰਾਗਾਗਾ ਨਵਨੀਤ ਕੌਰ ਸੇਖੋਂ ਨੇ ਕਿਹਾ ਕਿ ਅਨਾਜ ਮੰਡੀ ਸਮੇਤ ਖ਼ਰੀਦ ਕੇਂਦਰਾਂ ਵਿੱਚ ਸਾਫ਼-ਸਫਾਈ, ਲਾਈਟਾਂ ਅਤੇ ਪਾਣੀ ਦੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ। ਕੋਈ ਵੀ ਕਿਸਾਨ-ਆੜ੍ਹਤੀ ਉਨ੍ਹਾਂ ਨਾਲ ਮੁਸ਼ਕਲ ਸਮੇਂ ਸੰਪਰਕ ਕਰ ਸਕਦੇ ਹਨ।