ਹਰਦੀਪ ਸਿੰਘ ਸੋਢੀ/ਪਵਨ ਵਰਮਾ
ਧੂਰੀ, 31 ਜਨਵਰੀ
ਵਿਧਾਇਕ ਤੇ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੇ ਸ਼ਹਿਰ ਵਿੱਚ ਰੋਡ ਸ਼ੋਅ ਕਰ ਕੇ ਚੋਣ ਪ੍ਰਚਾਰ ਭਖਾ ਦਿੱਤਾ। ਉਨ੍ਹਾਂ ਆਪਣੇ ਸੈਂਕੜੇ ਸਮਰਥਕਾਂ ਨਾਲ ਨੰਗੇ ਪੈਰੀਂ ਬਜ਼ਾਰਾਂ ਵਿੱਚ ਗੇੜਾ ਮਾਰ ਕੇ ਲੋਕਾਂ, ਦੁਕਾਨਦਾਰਾਂ ਅਤੇ ਸ਼ਹਿਰ ਦੇ ਲੋਕਾਂ ਦਾ ਸਿਆਸੀ ਆਸ਼ੀਰਵਾਦ ਲਿਆ। ਰੋਡ ਸ਼ੋਅ ਦੌਰਾਨ ਉਨ੍ਹਾਂ ਅਨਾਜ ਮੰਡੀ ਅੰਦਰ ਅਪਣੇ ਦਫ਼ਤਰ ਦਾ ਉਦਘਾਟਨ ਕੀਤਾ ਜਿੱਥੇ ਉਨ੍ਹਾਂ ਦੇ ਸਮਰਥਕਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਇਸ ਤੋਂ ਪਹਿਲਾਂ ਅਪਣੇ ਘਰ ਰੱਖੀ ਪੱਤਰਕਾਰਾਂ ਮਿਲਣੀ ਦੌਰਾਨ ਉਨ੍ਹਾਂ ਅਪਣੇ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਲੋਕਾਂ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਉਹ ਅਪਣੀ ਪੰਜ ਸਾਲਾਂ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ ਤੇ ਅਪਣੇ ਕੀਤੇ ਕੰਮਾਂ ਦੇ ਆਧਾਰ ’ਤੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਉਨ੍ਹਾਂ ਦੀ ਸਿਆਸੀ ਲੜਾਈ ਹਲਕੇ ਤੋਂ ਬਾਹਰਲੇ ਉਮੀਦਵਾਰਾਂ ਨਾਲ ਹੈ, ਇਸ ਝੂਠ ਤੇ ਸੱਚ ਦੀ ਲੜਾਈ ਵਿੱਚ ਹਲਕੇ ਦੇ ਲੋਕ ਉਸ ਦਾ ਸਾਥ ਦੇਕੇ ਸਚਾਈ ਨੂੰ ਜਤਾਉਣਗੇ। ਉਨ੍ਹਾਂ ਕਿਹਾ ਪੰਜਾਬ ਅੰਦਰ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤਹਿ ਹੈ। ਇਸ ਮੌਕੇ ਹਨੀ ਤੂਰ, ਮੁਨੀਸ਼ ਕੁਮਾਰ ਗਰਗ, ਇੰਦਰਜੀਤ ਸਿੰਘ ਮਰਾਹੜ, ਕੁਨਾਲ ਗਰਗ, ਜਗਜੀਤ ਸਿੰਘ ਰਾਏ, ਹੰਸ ਰਾਜ ਗੁਪਤਾ, ਗੁਰਬਖਸ਼ ਸਿੰਘ ਗੁੱਡੂ ਤੇ ਤਰਸੇਮ ਤਲਵਾੜ ਆਦਿ ਹਾਜ਼ਰ ਸਨ।