ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 21 ਮਾਰਚ
ਸਰਕਾਰੀ ਰਣਬੀਰ ਕਾਲਜ ਦੇ ਕਮਰਿਆਂ ਵਿੱਚ ਵੋਟਿੰਗ ਮਸ਼ੀਨਾਂ ਅਤੇ ਹੋਰ ਸਾਮਾਨ ਪਿਆ ਹੋਣ ਕਾਰਨ ਕਾਲਜ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕਮਰਿਆਂ ਤੋਂ ਵਾਂਝੇ ਸਰਕਾਰੀ ਰਣਬੀਰ ਕਾਲਜ ਦੇ ਵਿਦਿਆਰਥੀ ਬਾਹਰ ਕਲਾਸਾਂ ਲਗਾਉਣ ਲਈ ਮਜਬੂਰ ਹਨ। ਕਾਲਜ ਵਿਦਿਆਰਥੀਆਂ ਵੱਲੋਂ ਅੱਜ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ ਅਤੇ ਕਮਰੇ ਤੁਰੰਤ ਖਾਲੀ ਕਰਨ ਦੀ ਮੰਗ ਕੀਤੀ।
ਵਿਦਿਆਰਥੀ ਆਗੂ ਰਮਨ ਕਾਲਾਝਾੜ ਅਤੇ ਸੁਖਚੈਨ ਸਿੰਘ ਪੁੰਨਾਂਵਾਲ ਨੇ ਕਿਹਾ ਕਿ ਬੀਤੀ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜੇ ਆ ਚੁੱਕੇ ਹਨ ਪਰ ਅਜੇ ਤੱਕ ਕਾਲਜ ਦੇ ਕਮਰਿਆਂ ਵਿੱਚੋਂ ਪ੍ਰਸ਼ਾਸ਼ਨ ਨੇ ਵੋਟਿੰਗ ਮਸ਼ੀਨਾਂ ਤੇ ਹੋਰ ਸਾਮਾਜ ਆਦਿ ਨਹੀਂ ਚੁੱਕਿਆ। ਉਨ੍ਹਾਂ ਦੱਸਿਆ ਕਿ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਜਿਸ ਕਾਰਨ ਕਮਰਿਆਂ ਤੋਂ ਵਾਂਝੇ ਵਿਦਿਆਰਥੀ ਬਾਹਰ ਖੁੱਲ੍ਹੇ ਅਸਮਾਨ ਹੇਠ ਕਲਾਸਾਂ ਲਗਾਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕਰੀਬ ਇੱਕ ਦਰਜਨ ਕਮਰਿਆਂ ਵਿੱਚ ਅਜੇ ਵੀ ਚੋਣਾਂ ਨਾਲ ਸਬੰਧਤ ਸਾਮਾਨ ਪਿਆ ਹੈ ਜਿਨ੍ਹਾਂ ਨੂੰ ਅਜੇ ਤੱਕ ਖਾਲੀ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਗਰਮੀ ਦੇ ਮੌਸਮ ਅਤੇ ਵਿਦਿਆਰਥੀਆਂ ਦੀ ਪ੍ਰੇਸ਼ਾਨੀ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਕਾਲਜ ਦੇ ਕਮਰੇ ਖਾਲੀ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦ ਕਮਰੇ ਖਾਲੀ ਨਾ ਕੀਤੇ ਗਏ ਤਾਂ ਵਿਦਿਆਰਥੀ ਜਥੇਬੰਦੀਆਂ ਨੂੰ ਸੰਘਰਸ਼ ਉਲੀਕਣ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਵਿਦਿਆਰਥੀ ਆਗੂ ਲਵਪ੍ਰੀਤ ਸਿੰਘ ਮਹਿਲ ਕਲਾਂ, ਗੁਰਸੇਵਕ ਸਿੰਘ, ਜਸਪ੍ਰੀਤ ਕੌਰ, ਵੀਰਪਾਲ ਕੌਰ, ਵਰਿੰਦਰ ਸਿੰਘ, ਵਿਸ਼ਾਲ ਧੂਰੀ, ਸਿਮਰਨ ਖੁਰਾਣਾ, ਗਗਨਦੀਪ ਕੌਰ ਆਦਿ ਮੌਜੂਦ ਸਨ। ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਸੰਗਰੂਰ ਹਲਕੇ ਨਾਲ ਸਬੰਧਤ ਅੱਜ ਚਾਰ-ਪੰਜ ਕਮਰੇ ਖਾਲੀ ਕੀਤੇ ਜਾ ਚੁੱਕੇ ਹਨ ਜਦੋਂ ਕਿ ਕਰੀਬ ਅੱਧੀ ਦਰਜਨ ਕਮਰਿਆਂ ਵਿੱਚ ਦਿੜ੍ਹਬਾ ਹਲਕੇ ਨਾਲ ਸਬੰਧਤ ਚੋਣ ਸਮੱਗਰੀ ਆਦਿ ਸਾਮਾਨ ਪਿਆ ਹੈ। ਇਸ ਸਬੰਧ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਅਤੇ ਹਲਕਿਆਂ ਨਾਲ ਸਬੰਧਤ ਚੋਣ ਰਿਟਰਨਿੰਗ ਅਫ਼ਸਰਾਂ ਨੂੰ ਕਮਰੇ ਵਾਲੀ ਕਰਨ ਬਾਰੇ ਪੱਤਰ ਲਿਖਿਆ ਗਿਆ ਹੈ।