ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਅਕਤੂਬਰ
ਲੋੜਵੰਦਾਂ ਲਈ ਪੰਜ-ਪੰਜ ਮਰਲੇ ਪਲਾਟਾਂ ਦੀ ਸਹੀ ਅਲਾਟਮੈਂਟ ਕਰਵਾਉਣ ਸਬੰਧੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਵਫ਼ਦ ਦੀ ਅਹਿਮ ਮੀਟਿੰਗ ਏਡੀਸੀ ਵਿਕਾਸ ਦੇ ਦਫ਼ਤਰ ਵਿੱਚ ਕਾਰਜਕਾਰੀ ਡੀਡੀਪੀਓ ਅਕਬਰ ਅਲੀ ਦੀ ਅਗਵਾਈ ਹੇਠ ਵੱਖ-ਵੱਖ ਬਲਾਕਾਂ ਦੇ ਬੀਡੀਪੀਓਜ਼ ਨਾਲ ਹੋਈ।
ਮੀਟਿੰਗ ਵਿੱਚ ਬਲਾਕ ਦਿੜ੍ਹਬਾ, ਸ਼ੇਰਪੁਰ, ਸੁਨਾਮ, ਮੂਨਕ, ਲਹਿਰਾਗਾਗਾ, ਸੰਗਰੂਰ, ਧੂਰੀ, ਭਵਾਨੀਗੜ੍ਹ ਦੇ ਬੀਡੀਪੀਓਜ਼ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਸਕੱਤਰ ਬਿਮਲ ਕੌਰ ਅਤੇ ਜ਼ਿਲ੍ਹਾ ਆਗੂ ਜਗਦੀਪ ਸਿੰਘ ਕਾਲਾ, ਇਲਾਕਾ ਆਗੂ ਬਲਵਿੰਦਰ ਸਿੰਘ ਈਸੀ, ਸੁਖਦੇਵ ਸਿੰਘ, ਚਾਨਣ ਸਿੰਘ ਮਹਿਲਾ ਸ਼ਾਮਲ ਸਨ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਦੱਸਿਆ ਕਿ ਵੱਖ- ਵੱਖ ਬਲਾਕਾਂ ਦੇ ਬੀਡੀਪੀਓਜ਼ ਨੇ ਪੂਰਨ ਭਰੋਸਾ ਦਿਵਾਇਆ ਕਿ ਜਿਨ੍ਹਾਂ ਪਿੰਡਾਂ ਵਿੱਚ ਵੀ ਗ੍ਰਾਮ ਸਭਾ ਦੇ ਸਹੀ ਤਰ੍ਹਾਂ ਇਜਲਾਸ ਨਹੀਂ ਹੋਏ, ਉਨ੍ਹਾਂ ਪਿੰਡਾਂ ਵਿੱਚ ਦੁਬਾਰਾ ਇਜਲਾਸ ਸੱਦੇ ਜਾਣਗੇ। ਡੀਡੀਪੀਓ ਨੇ ਸਾਰੇ ਬੀਡੀਪੀਓਜ਼ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਪਿੰਡ ਵਿੱਚ ਇਜਲਾਸ ਸੱਦਣ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ ਮਰਦਮਸ਼ੁਮਾਰੀ ਜ਼ਰੂਰ ਕਰਵਾਈ ਜਾਵੇ।
ਉਨ੍ਹਾਂ ਕਿਹਾ ਕਿ ਅਲਾਟਮੈਂਟ ਸਬੰਧੀ ਵਿਸ਼ੇਸ਼ ਇਜਲਾਸ ਵੀ ਸੱਦੇ ਜਾ ਸਕਦੇ ਹਨ। ਸ੍ਰੀ ਸੰਜੀਵ ਮਿੰਟੂ ਨੇ ਅਧਿਕਾਰੀਆਂ ਨੇ ਧਿਆਨ ਵਿੱਚ ਲਿਆਂਦਾ ਗਿਆ ਕਿ ਪਿੰਡਾਂ ਵਿੱਚ ਸਹੀ ਤਰ੍ਹਾਂ ਇਜਲਾਸ ਨਹੀਂ ਸੱਦੇ ਜਾ ਰਹੇ, ਮਹਿਜ਼ ਖਾਨਾਪੂਰਤੀ ਕੀਤੀ ਜਾ ਰਹੀ ਹੈ। ਜਿਹੜੀ ਮਿਤੀ ਇਜਲਾਸ ਸੱਦ ਕੇ ਪੰਜ-ਪੰਜ ਮਰਲੇ ਪਲਾਟ ਵੰਡਣ ਦੀ ਦੋ ਅਕਤੂਬਰ ਤੋਂ ਪੰਜ ਅਕਤੂਬਰ ਤੱਕ ਜਾਰੀ ਹੋਈ ਹੈ ਉਹ ਕਿਸੇ ਵੀ ਕੀਮਤ ’ਤੇ ਉਚਿਤ ਨਹੀਂ ਹੈ। ਆਗੂਆਂ ਨੇ ਮੰਗ ਰੱਖੀ ਕਿ ਪੰਜ-ਪੰਜ ਮਰਲੇ ਪਲਾਟਾਂ ਸਬੰਧੀ ਗਰਾਮ ਸਭਾ ਦੇ ਇਜਲਾਸ ਸੱਦਣ ਬਾਰੇ ਘੱਟੋ ਘੱਟ ਇਕ ਹਫ਼ਤਾ ਪਹਿਲਾਂ ਪਿੰਡ ਵਿਚ ਮਰਦਮਸ਼ੁਮਾਰੀ ਹੋਣੀ ਚਾਹੀਦੀ ਹੈ। ਅਲਾਟਮੈਂਟ ਸਬੰਧੀ ਮਿਆਦ ਵਿਚ ਵਾਧਾ ਕੀਤਾ ਜਾਵੇ। ਅਧਿਕਾਰੀਆਂ ਵਲੋਂ ਮੰਗਾਂ ਦੇ ਹੱਲ ਦਾ ਭਰੋਸਾ ਦਿੱਤੇ ਜਾਣ ਮਗਰੋਂ ਮੀਟਿੰਗ ਸਮਾਪਤ ਹੋਈ।