ਪੱਤਰ ਪ੍ਰੇਰਕ
ਭਵਾਨੀਗੜ੍ਹ, 12 ਅਗਸਤ
ਇੱਥੇ ਪੁਰਾਣੀ ਨਗਰ ਕੌਂਸਲ ਦੀ ਪਾਰਕਿੰਗ ਵਿੱਚ ਬੀਤੀ ਦੇਰ ਸ਼ਾਮ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਰੱਖੇ ਸਮਾਗਮ ਵਿੱਚ ਮੰਤਰੀ ਦੇ ਆਉਣ ਤੋਂ ਪਹਿਲਾਂ ਬੇਰੁਜ਼ਗਾਰ ਬੀਐਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਆਗੂਆਂ ਦੇ ਪੰਡਾਲ ਵਿੱਚ ਪਹੁੰਚ ਜਾਣ ’ਤੇ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਸਮਾਗਮ ਦੌਰਾਨ ਬੇਰੁਜ਼ਗਾਰਾਂ ਵੱਲੋਂ ਕੈਬਨਿਟ ਮੰਤਰੀ ਦੇ ਸਮਾਗਮ ਵਿੱਚ ਖਲਲ ਪਾਉਣ ਜਾਂ ਕਿਸੇ ਕਿਸਮ ਦਾ ਵਿਰੋਧ ਕਰਨ ਦੇ ਡਰੋਂ ਸਮਾਗਮ ’ਚ ਚੁੱਪ ਚੁਪੀਤੇ ਸ਼ਾਮਲ ਹੋਏ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੀ ਆਗੂ ਗਗਨਦੀਪ ਕੌਰ ਗਰੇਵਾਲ ਅਤੇ ਸੰਦੀਪ ਕੌਰ ਸਮੇਤ ਪੰਜ ਆਗੂਆਂ ਨੂੰ ਡੀਐਸਪੀ ਸੁਖਰਾਜ ਸਿੰਘ ਘੁੰਮਣ ਨੇ ਮੀਡੀਆ ਸਾਹਮਣੇ ਸਮਾਗਮ ਤੋਂ ਬਾਹਰ ਜਾਣ ਲਈ ਆਖਿਆ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਕੈਬਨਿਟ ਮੰਤਰੀ ਸਿੰਗਲਾ ਨਾਲ ਮੁਲਾਕਾਤ ਕਰਵਾਈ ਜਾਵੇਗੀ। ਇਸ ਮੌਕੇ ਅਧਿਆਪਕ ਆਗੂ ਗਗਨਦੀਪ ਕੌਰ ਗਰੇਵਾਲ ਨੇ ਆਖਿਆ ਕਿ ਉਨ੍ਹਾਂ ਨੂੰ ਹਰ ਵਾਰ ਦੀ ਤਰ੍ਹਾਂ ਨੌਕਰੀ ਦੇਣ ਦਾ ਸਿਰਫ਼ ਝੂਠਾ ਲਾਰਾ ਹੀ ਲਾਇਆ ਗਿਆ ਲੇਕਿਨ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮਗਰੋਂ ਹੀ ਕੈਬਨਿਟ ਮੰਤਰੀ ਸਿੰਗਲਾ ਰੱਖੇ ਗਏ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਮੌਕੇ ਕਈ ਨੌਜਵਾਨਾਂ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।