ਗੁਰਦੀਪ ਸਿੰਘ ਲਾਲੀ
ਸੰਗਰੂਰ, 30 ਮਾਰਚ
ਪੰਜਾਬ ਪੁਲੀਸ ਵਿਚ ਸੰਨ 2016 ਦੀ ਅਧੂਰੀ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਕੇ ਨਿਯੁਕਤੀ ਪੱਤਰ ਦੇਣ ਦੀ ਮੰਗ ਸਬੰਧੀ ਸੰਘਰਸ਼ ਕਰ ਰਹੇ ਅੱਠ ਉਮੀਦਵਾਰ ਅੱਜ ਦੂਜੇ ਦਿਨ ਵੀ ਕਰੀਬ ਸੌ ਫੁੱਟ ਉਚੀ ਟੈਂਕੀ ਉਪਰ ਡਟੇ ਹੋਏ ਹਨ, ਜਦੋਂ ਕਿ ਬਾਕੀ ਉਮੀਦਵਾਰਾਂ ਨੇ ਕੱਲ੍ਹ ਤੋਂ ਹੀ ਦਿੱਲੀ-ਲੁਧਿਆਣਾ ਹਾਈਵੇਅ ਉਪਰ ਪੱਕਾ ਮੋਰਚਾ ਲਗਾ ਕੇ ਆਵਾਜਾਈ ਠੱਪ ਕੀਤੀ ਹੋਈ ਹੈ। ਪ੍ਰਦਰਸ਼ਨਕਾਰੀ ਸਾਰੀ ਰਾਤ ਵੀ ਦਿੱਲੀ-ਲੁਧਿਆਣਾ ਹਾਈਵੇਅ ’ਤੇ ਡਟੇ ਰਹੇ, ਜਿਸ ਕਾਰਨ ਸੰਗਰੂਰ ਤੋਂ ਲੁਧਿਆਣਾ ਮੁੱਖ ਸੜਕ ’ਤੇ ਆਵਾਜਾਈ ਮੁਕੰਮਲ ਤੌਰ ’ਤੇ ਠੱਪ ਹੈ ਅਤੇ ਟਰੈਫ਼ਿਕ ਪੁਲੀਸ ਵਲੋਂ ਆਵਾਜਾਈ ਨੂੰ ਲਿੰਕ ਸੜਕਾਂ ਰਾਹੀਂ ਤਬਦੀਲ ਕੀਤਾ ਗਿਆ ਹੈ। ਅੱਜ ਦੂਜੇ ਦਿਨ ਤਿੰਨ ਲੜਕੀਆਂ ਸਣੇ ਅੱਠ ਪ੍ਰਦਰਸ਼ਨਕਾਰੀ ਟੈਂਕੀ ਉਪਰ ਡਟੇ ਰਹੇ ਅਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਰਹੇ। ਅੱਜ ਕੜਕਦੀ ਧੁੱਪ ਹਾਈਵੇਅ ਉਪਰ ਧਰਨੇ ’ਤੇ ਬੈਠੇ ਪ੍ਰਦਰਸ਼ਨਕਾਰੀ ਜਿਥੇ ਲੋਹੇ ਦੇ ਪੁਲੀਸ ਨਾਕਿਆਂ ’ਤੇ ਦਰੀਆ ਤਾਣ ਕੇ ਧੁੱਪ ਤੋਂ ਬਚਣ ਦਾ ਜੁਗਾੜ ਕਰਦੇ ਰਹੇ, ਉਥੇ ਰਾਤ ਨੂੰ ਸੌਣ ਲਈ ਵਰਤੇ ਗੱਦਿਆਂ ਨੂੰ ਵੀ ਉਪਰ ਤਾਣ ਕੇ ਛਾਂ ਦਾ ਪ੍ਰਬੰਧ ਕਰਦੇ ਨਜ਼ਰ ਆਏ। ਇਸ ਮੌਕੇ ਪ੍ਰਦਰਸ਼ਨਕਾਰੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਅਧਿਕਾਰੀ ਉਨ੍ਹਾਂ ਦੇ ਚਾਰ ਆਗੂਆਂ ਦੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਲਈ ਲੈ ਕੇ ਚੰਡੀਗੜ੍ਹ ਗਏ ਹਨ। ਮੀਟਿੰਗ ਹੋਣ ਮਗਰੋਂ ਆਗੂਆਂ ਵਲੋਂ ਜੋ ਵੀ ਹੁਕਮ ਹੋਵੇਗਾ ਉਸ ਅਨੁਸਾਰ ਹੀ ਚੱਲ ਰਹੇ ਸੰਘਰਸ਼ ਬਾਰੇ ਅਗਲਾ ਫੈਸਲਾ ਲਿਆ ਜਾਵੇਗਾ।