ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਜੂਨ
ਜ਼ਿਲ੍ਹਾ ਪੁਲੀਸ ਵੱਲੋਂ ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਬੱਸ ਸਟੈਂਡ ਲੱਡਾ ਵਿੱਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਲੁੱਟਣ ਦੀ ਕੋਸ਼ਿਸ਼ ਕਰਦੇ ਦੋ ਲੁਟੇਰਿਆਂ ਨੂੰ ਮੌਕੇ ’ਤੇ ਕਾਬੂ ਕੀਤਾ ਗਿਆ ਜਿਨ੍ਹਾਂ ਕੋਲੋਂ ਸੱਬਲ ਅਤੇ ਬੈਂਕ ਵਿੱਚ ਟੇਬਲ ਦੇ ਦਰਾਜ ਤੋੜ ਕੇ ਲੁੱਟੇ 2 ਹਜ਼ਾਰ ਰੁਪਏ ਬਰਾਮਦ ਕੀਤੇ ਹਨ।
ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਅੱਜ ਸਵੇਰੇ ਇਤਲਾਹ ਮਿਲੀ ਸੀ ਕਿ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਬੱਸ ਸਟੈਂਡ ਲੱਡਾ ਅੰਦਰੋਂ ਕੁਝ ਅਵਾਜ਼ਾਂ ਸੁਣਾਈ ਦੇ ਰਹੀਆਂ ਹਨ। ਇਲਾਕੇ ਵਿੱਚ ਪੁਲੀਸ ਪਾਰਟੀ ਮੌਜੂਦ ਹੋਣ ਕਰਕੇ ਤੁਰੰਤ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਥਾਣਾ ਸਦਰ ਧੂਰੀ ਸਮੇਤ ਪੁਲੀਸ ਪਾਰਟੀ ਮੌਕੇ ’ਤੇ ਪੁੱਜੇ ਜਿਥੇ ਬੈਂਕ ਅੰਦਰ ਭੀਖਨ ਰਾਮ ਵਾਸੀ ਨੇੜੇ ਗੁੱਗਾ ਮਾੜੀ ਮਤਲੋਡਾ ਜ਼ਿਲ੍ਹਾ ਪਾਨੀਪਤ ਨੂੰ ਚੈਸਟ ਤੋੜਦੇ ਹੋਏ ਅਤੇ ਬਾਹਰ ਨਿਗਰਾਨੀ ’ਤੇ ਖੜ੍ਹੇ ਲਵਪ੍ਰੀਤ ਸਿੰਘ ਉਰਫ ਲਵਲੀ ਵਾਸੀ ਨਾਇਕ ਬਸਤੀ ਲੱਡਾ ਕੋਠੀ ਨੂੰ ਮੌਕਾ ’ਤੇ ਕਾਬੂ ਕਰ ਲਿਆ। ਉਨ੍ਹਾਂ ਕੋਲੋਂ ਦਰਾਜ ਤੋੜ ਕੇ ਕੱਢੇ ਕਰੀਬ 2000 ਰੁਪਏ ਅਤੇ ਲੋਹੇ ਦਾ ਸੱਬਲ ਬਰਾਮਦ ਕੀਤਾ ਗਿਆ ਜਿਸ ਨਾਲ ਬੈਂਕ ਦੀ ਚੈਸਟ ਤੋੜ ਰਹੇ ਸਨ।
ਦੋ ਪਿਸਤੌਲਾਂ 32 ਬੋਰ ਸਮੇਤ 14 ਕਾਰਤੂਸ ਬਰਾਮਦ
ਸੀਆਈਏ ਸਟਾਫ਼ ਬਹਾਦਰ ਸਿੰਘ ਵਾਲਾ ਦੀ ਪੁਲੀਸ ਟੀਮ ਨੇ ਇਕ ਨੌਜਵਾਨ ਨੂੰ ਕਾਬੂ ਕਰ ਕੇ ਉਸਦੇ ਕਬਜ਼ੇ ਵਿੱਚੋਂ 2 ਪਿਸਤੌਲ 32 ਬੋਰ ਸਮੇਤ 14 ਕਾਰਤੂਸ ਬਰਾਮਦ ਕੀਤੇ ਹਨ ਜਿਸਦੀ ਪਛਾਣ ਪ੍ਰੇਮ ਸਿੰਘ ਪ੍ਰੇਮਾ ਪੁੱਤਰ ਰੂਪ ਸਿੰਘ ਵਾਸੀ ਅਜੀਤ ਨਗਰ ਬਸਤੀ ਸੰਗਰੂਰ ਵਜੋਂ ਹੋਈ ਹੈ। ਦੌਰਾਨੇ ਤਫਤੀਸ ਮੁਕੱਦਮਾ ਇਹ ਗੱਲ ਸਾਹਮਣੇ ਆਈ ਕਿ ਪ੍ਰੇਮ ਸਿੰਘ ਪ੍ਰੇਮਾ ਦਾ ਰਫੀ ਸਿੰਘ ਵਾਸੀ ਅਜੀਤ ਨਗਰ ਬਸਤੀ ਸੰਗਰੂਰ ਨਾਲ ਸਾਲ 2019 ਵਿੱਚ ਝਗੜਾ ਹੋ ਗਿਆ ਸੀ। ਇਸ ਝਗੜੇ ਦੌਰਾਨ ਰਫੀ ਸਿੰਘ ਨੇ ਪ੍ਰੇਮ ਸਿੰਘ ਅਤੇ ਇਸਦੇ ਸਾਥੀਆਂ ਦੇ ਗੰਭੀਰ ਸੱਟਾਂ ਮਾਰੀਆਂ ਸਨ। ਹੁਣ ਮੁਲਜ਼ਮ ਇਸੇ ਰੰਜ਼ਿਸ਼ ਕਾਰਨ ਇਹ ਅਸਲਾ ਕਰੀਬ 1 ਮਹੀਨਾ ਪਹਿਲਾਂ ਬਰਾਹਮਪੁਰ, ਮੱਧ ਪ੍ਰਦੇਸ਼ ਤੋਂ ਖਰੀਦ ਕੇ ਲਿਆਇਆ ਸੀ। ਜੇਕਰ ਪੁਲੀਸ ਮੁਸਤੈਦੀ ਨਾ ਵਰਤਦੀ ਤਾਂ ਮੁਲਜ਼ਮ ਅਸਲੇ ਦੀ ਦੁਰਵਰਤੋਂ ਕਰਦਿਆਂ ਕੋਈ ਵਾਰਦਾਤ ਕਰ ਸਕਦਾ ਸੀ।