ਖੇਤਰੀ ਪ੍ਰਤੀਨਿਧ
ਧੂਰੀ, 19 ਅਪਰੈਲ
ਪਿੰਡ ਭੱਦਲਵੱਡ ਦੀ ਤਤਕਾਲੀ ਸਰਪੰਚ ਦੇ ਪਤੀ ਸੁਖਪਾਲ ਸ਼ਰਮਾ ਦਾ ਕਥਿਤ ਤੌਰ ’ਤੇ ਭਾੜੇ ਦੇ ਕਾਤਲਾਂ ਤੋਂ ਕਤਲ ਕਰਵਾਉਣ ਦੀ ਰਚੀ ਗਈ ਸਾਜਿਸ਼ ਦੇ ਮਾਮਲੇ ਨੇ ਕਰੀਬ ਦੋ ਸਾਲ ਬਾਅਦ ਉਦੋਂ ਨਵਾਂ ਮੋੜ ਲੈ ਗਿਆ, ਜਦੋਂ ਪੜਤਾਲ ਦੌਰਾਨ ਪੁਲੀਸ ਨੇ ਇਸ ਮਾਮਲੇ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਥਾਣਾ ਸਦਰ ਧੂਰੀ ਅਧੀਨ ਆਉਂਦੇ ਪਿੰਡ ਭੱਦਲਵੱਡ ਦੇ ਅਮਰੀਕਾ ਰਹਿੰਦੇ ਤੀਰਥ ਸਿੰਘ ਤੇ ਜਸਵਿੰਦਰ ਸਿੰਘ ਵੱਲੋਂ ਕਥਿਤ ਮਿਲੀਭੁਗਤ ਨਾਲ ਸੁਖਪਾਲ ਸ਼ਰਮਾ ਨੂੰ ਭਾੜੇ ਦੇ ਕਾਤਲਾਂ ਤੋਂ ਕਤਲ ਕਰਵਾਉਣ ਦੀ ਸਾਜਿਸ਼ ਰਚੀ ਗਈ ਸੀ, ਜਿਸ ਸਬੰਧੀ ਥਾਣਾ ਸਦਰ ਧੂਰੀ ਅਧੀਨ ਆਉਂਦੀ ਪੁਲੀਸ ਚੌਕੀ ਭਲਵਾਨ ਦੀ ਪੁਲੀਸ ਨੇ ਉਪਰੋਕਤ ਦੋਵਾਂ ਜਣਿਆਂ ਨੂੰ ਮਾਮਲੇ ਵਿੱਚ ਨਾਮਜ਼ਦ ਕਰਦਿਆਂ ਉਨ੍ਹਾਂ ਖ਼ਿਲਾਫ਼ ਸਾਲ 2020 ਵਿੱਚ ਕੇਸ ਦਰਜ ਕੀਤਾ ਸੀ।
ਮੁੱਕਦਮੇ ਅਨੁਸਾਰ ਅਮਰੀਕਾ ਰਹਿੰਦੇ ਤੀਰਥ ਸਿੰਘ ਦੀ ਮਾਤਾ, ਸੁਖਪਾਲ ਸ਼ਰਮਾ ਦੀ ਪਤਨੀ ਨੀਤੂ ਸ਼ਰਮਾ ਤੋਂ ਪਿੰਡ ਦੀ ਸਰਪੰਚੀ ਦੀ ਚੋਣ ਹਾਰ ਗਈ ਸੀ, ਤੀਰਥ ਸਿੰਘ ਵੱਲੋਂ ਪਿੰਡ ਦੀ ਸਰਕਾਰੀ ਨਜੂਲ ਜ਼ਮੀਨ ਦੇ ਕੇਸ ਕਾਰਨ ਆਪਣੇ ਰਸਤੇ ਵਿੱਚ ਅੜਿੱਕਾ ਸਮਝਦੇ ਸਰਪੰਚ ਨੀਤੂ ਸ਼ਰਮਾ ਦੇ ਪਤੀ ਸਾਬਕਾ ਸਰਪੰਚ ਸੁਖਪਾਲ ਸ਼ਰਮਾ ਨੂੰ ਕਥਿਤ ਤੌਰ ’ਤੇ ਮਰਵਾਉਣ ਦੀ ਸਾਜਿਸ਼ ਰਚੀ ਗਈ ਸੀ। ਸੁਖਪਾਲ ਸ਼ਰਮਾ ਅਨੁਸਾਰ ਉੱਚ ਪੁਲੀਸ ਅਧਿਕਾਰੀਆਂ ਵੱਲੋਂ ਇਸ ਕੇਸ ਦੀ ਪੜਤਾਲ ਦੌਰਾਨ ਹੁਣ ਪਿੰਡ ਦੇ ਹੀ ਦੋ ਹੋਰ ਵਿਅਕਤੀਆਂ ਨੂੰ ਕਤਲ ਕਰਵਾਉਣ ਦੀ ਸਾਜਿਸ਼ ਰਚਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ।
ਸੰਪਰਕ ਕਰਨ ’ਤੇ ਥਾਣਾ ਸਦਰ ਧੂਰੀ ਦੇ ਐੱਸਐੱਚਓ ਸੁਖਵਿੰਦਰ ਸਿੰਘ ਗਿੱਲ ਨੇ ਇਸ ਮਾਮਲੇ ਵਿੱਚ ਸਤਵੰਤ ਸਿੰਘ ਅਤੇ ਜਗਤਾਰ ਸਿੰਘ ਨੰਬਰਦਾਰ ਵਾਸੀਆਨ ਭੱਦਲਵੱਡ ਨੂੰ ਨਾਮਜ਼ਦ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।