ਟ੍ਰਿਬਿਊਨ ਨਿਊਜ਼ ਸਰਵਿਸ
ਧੂਰੀ, 16 ਮਈ
ਨੇੜਲੇ ਪਿੰਡ ਮੀਰਹੇੜੀ ਵਿਖੇ ਵਾਟਰ ਸਪਲਾਈ ਦਾ ਦੂਸ਼ਿਤ ਪਾਣੀ ਪੀਣ ਕਾਰਨ ਦੋ ਦਰਜਨ ਵਿਅਕਤੀਆਂ ਦੇ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪਿੰਡ ਮੀਰਹੇੜੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕੁਲਜਿੰਦਰ ਸਿੰਘ , ਧਰਮਪਾਲ ਅਤੇ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਦੋ ਹਫਤਿਆਂ ਤੋਂ ਪਿੰਡ ਦੀ ਵਾਟਰ ਸਪਲਾਈ ਦਾ ਪਾਣੀ ਗੰਧਲਾ ਆ ਰਿਹਾ ਹੈ ਜਿਸ ਨੂੰ ਪੀਣ ਕਾਰਨ ਪਿੰਡ ਦੇ ਸਰਦਾਰਾ ਸਿੰਘ, ਮੇਲਾ ਸਿੰਘ, ਜਸਵੰਤ ਕੌਰ, ਮੁਖਤਿਆਰ ਸਿੰਘ, ਪ੍ਰੀਤਮ ਸਿੰਘ ਅਤੇ ਸਹਿਜਪ੍ਰੀਤ ਕੌਰ ਸਮੇਤ ਕਰੀਬ ਦੋ-ਦਰਜਨ ਵਿਅਕਤੀ ਉਲਟੀਆਂ ਅਤੇ ਦਸਤ ਦੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ , ਜਿਨ੍ਹਾਂ ’ਚੋਂ ਕਈਆਂ ਨੂੰ ਧੂਰੀ ਦੇ ਇੱਕ ਨਿਜੀ ਹਸਪਤਾਲ ’ਚ ਦਾਖਲ ਕਰਵਾਉਣ ਤੋਂ ਇਲਾਵਾ ਨੌਜਵਾਨ ਮਨਪ੍ਰੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਇਲਾਜ ਲਈ ਪਟਿਆਲਾ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ। ਉਨ੍ਹਾਂ ਕਿਹਾ ਕਿ ਵਾਟਰ ਸਪਲਾਈ ਦੇ ਦੂਸ਼ਿਤ ਪਾਣੀ ਦਾ ਮਾਮਲਾ ਪਿੰਡ ਦੀ ਸਰਪੰਚ ਦੇ ਧਿਆਨ ’ਚ ਵੀ ਲਿਆਂਦਾ ਗਿਆ ਸੀ।
ਸੰਪਰਕ ਕਰਨ ’ਤੇ ਪਿੰਡ ਦੀ ਸਰਪੰਚ ਨਛੱਤਰ ਕੌਰ ਦੇ ਪਤੀ ਨੇ ਵਾਟਰ ਸਪਲਾਈ ਦੇ ਦੂਸ਼ਿਤ ਪਾਣੀ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਅਸਲ ਵਿੱਚ ਪਿੰਡ ਦੀ ਇਸ ਵਸੋਂ ਦੇ ਕਈ ਘਰਾਂ ਦੇ ਪਾਈਪ ਅਣਗਹਿਲੀ ਕਾਰਨ ਗੰਦੇ ਪਾਣੀ ‘ ਚੋਂ ਦੀ ਲੰਘਦੇ ਹੋਣ ਕਾਰਨ ਅਜਿਹੀ ਸਮੱਸਿਆ ਆ ਰਹੀ ਹੈ, ਜਦੋਂ ਕਿ ਵਿਭਾਗ ਵੱਲੋਂ ਆਟੋਮੈਟਿਕ ਤਰੀਕੇ ਨਾਲ਼ ਦਵਾਈ ਰਾਹੀਂਂ ਸ਼ੁੱਧ ਪਾਣੀ ਦੀ ਸਪਲਾਈ ਦਾ ਪ੍ਰਬੰਧ ਕੀਤਾ ਹੋਇਆ ਹੈ।
ਜਦੋਂ ਪੇਂਡੂ ਜਲ ਸਪਲਾਈ ਵਿਭਾਗ ਦੇ ਸਬੰਧਤ ਜੇ ਈ ਨਾਲ ਫੋਨ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਹੁਣੇ ਉਨ੍ਹਾਂ ਦੇ ਧਿਆਨ ‘ ਚ ਆਇਆ ਹੈ ਅਤੇ ਉਹ ਖੁਦ ਪਿੰਡ ਜਾਕੇ ਇਸ ਸਮੱਸਿਆ ਦੇ ਕਾਰਨਾਂ ਦਾ ਪਤਾ ਲਗਾਉਣਗੇ।