ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 29 ਜੂਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਦੇ ਨਤੀਜੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਛੇ ਵਿਦਿਆਰਥੀਆਂ ਨੇ ਮੈਰਿਟ ਸੂਚੀ ’ਚ ਸਥਾਨ ਪ੍ਰਾਪਤ ਕੀਤਾ ਹੈ। ਜਾਣਕਾਰੀ ਮੁਤਾਬਕ ਅੰਸ਼ ਕਾਂਤ ਨੇ ਸਾਇੰਸ ਗਰੁੱਪ, ਪਾਇਲ ਨੇ ਆਰਟਸ ਗਰੁੱਪ ਤੇ ਹੁਸਨਪ੍ਰੀਤ ਕੌਰ ਨੇ ਕਾਮਰਸ ਗਰੁੱਪ ਵਿੱਚੋਂ ਜ਼ਿਲ੍ਹੇ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜ਼ਿਲ੍ਹਾ ਸੰਗਰੂਰ ਦੇ ਕੁੱਲ 13102 ਵਿੱਚੋਂ 12793 ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਜ਼ਿਲ੍ਹੇ ਦੀ ਪਾਸ ਫ਼ੀਸਦੀ 91.17 ਰਹੀ ਹੈ। ਸਾਇੰਸ ਗਰੁੱਪ ’ਚ ਐਸ.ਯੂ.ਐਸ. ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਨਾਮ ਦੇ ਅੰਸ਼ ਕਾਂਤ ਨੇ 491 ਅੰਕ, ਆਰਟਸ ਗਰੁੱਪ ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੂਨਕ ਦੀ ਪਾਇਲ ਨੇ 491 ਅੰਕ ਅਤੇ ਕਾਮਰਸ ਗਰੁੱਪ ’ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੰਗਰੂਰ ਦੀ ਹੁਸਨਪ੍ਰੀਤ ਕੌਰ ਨੇ ਵੀ 491 ਅੰਕ ਪ੍ਰਾਪਤ ਕਰ ਕੇ ਜ਼ਿਲ੍ਹਾ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਡੀਸੀ ਜਤਿੰਦਰ ਜੋਰਵਾਲ ਨੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਪਾਇਲ, ਅੰਸ਼ ਕਾਂਤ, ਹੁਸਨਪ੍ਰੀਤ ਕੌਰ, ਪ੍ਰਿਯੰਕਾ ਸ਼ਰਮਾ, ਗਗਨਦੀਪ ਕੌਰ ਅਤੇ ਮਨਕੀਰਤ ਬਾਵਾ ਦੀ ਹੌਸਲਾਅਫ਼ਜਾਈ ਕਰਦਿਆਂ ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ।
ਮੂਨਕ (ਪੱਤਰ ਪ੍ਰੇਰਕ): ਮੂਨਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੀ ਪਾਇਲ ਪੁੱਤਰੀ ਅਵਤਾਰ ਸਿੰਘ ਨੇ ਜ਼ਿਲ੍ਹਾ ਸੰਗਰੂਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਮੌਕੇ ਸਿੰਘ ਸਭਾ ਗੁਰਦੁਆਰਾ ਕਮੇਟੀ ਵੱਲੋਂ ਪਾਇਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ਅਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਪਾਇਲ ਨੇ ਆਪਣੇ ਸਕੂਲ ਦੇ ਸਾਰੇ ਸਟਾਫ਼ ਦਾ ਧੰਨਵਾਦ ਕੀਤਾ।
ਅਮਰਗੜ੍ਹ (ਪੱਤਰ ਪ੍ਰੇਰਕ): ਪਾਇਨੀਅਰ ਸਕੂਲ ਗੱਜਣਮਾਜਰਾ ਦੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਦੱਸਿਆ ਕਿ ਮੈਡੀਕਲ ਸਟਰੀਮ ਵਿੱਚ ਮਹਿਕਪ੍ਰੀਤ ਕੌਰ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਪਹਿਲਾ, ਦਲਜੋਤ ਕੌਰ ਨੇ 94.6 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਦੂਸਰਾ ਅਤੇ ਗੁਰਲੀਨ ਕੌਰ ਨੇ 94.4 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਤੀਸਰਾ, ਕਾਮਰਸ ਸਟਰੀਮ ਵਿੱਚ ਸ਼ੁੱਭਪ੍ਰੀਤ ਕੌਰ ਨੇ 91.8 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਪਹਿਲਾ, ਸੁਨੈਨਾ ਮਹਿਤਾ ਨੇ 92.2 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਦੂਸਰਾ ਅਤੇ ਅਰਮਾਨ ਸਿੰਘ ਨੇ 89.4 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਤੀਸਰਾ, ਆਰਟਮ ਸਟਰੀਮ ਵਿੱਚ ਕੋਰੀਨ ਖਾਨ ਨੇ 95.8, ਸੁਖਮਨਦੀਪ ਕੌਰ ਨੇ 95.2 ਪ੍ਰਤੀਸ਼ਤ ਅਤੇ ਸਿਮਰਨ ਕੌਰ ਨੇ 94.4 ਪ੍ਰਤੀਸ਼ਤ ਅੰਕਾਂ ਨਾਲ ਪਹਿਲੇ ਤਿੰਨ ਸਥਾਨ ਹਾਸਲ ਕੀਤੇ।
ਗੁਰੂ ਤੇਗ ਬਹਾਦਰ ਕਾਲਜ ਦਾ ਨਤੀਜਾ ਸ਼ਾਨਦਾਰ
ਲਹਿਰਾਗਾਗਾ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਐਲਾਨੇ ਬਾਰ੍ਹਵੀਂ ਕਲਾਸ ਦੇ ਨਤੀਜੇ ਵਿੱਚ ਗੁਰੂ ਤੇਗ ਬਹਾਦਰ ਕਾਲਜ ਫਾਰ ਵਿਮੈਨ ਲਹਿਲ ਖੁਰਦ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੀ ਵਿਦਿਆਦਥਣ ਕੋਮਲਜੀਤ ਕੌਰ ਨੇ 91.20 ਫ਼ੀਸਦੀ ਅੰਕ ਲੈ ਕੇ ਪਹਿਲਾ, ਪਵਨਦੀਪ ਕੌਰ ਨੇ 90 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਸੀਮਾ ਰਾਣੀ ਨੇ 88.60 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਹੀ ਬਾਕੀ ਵਿਦਿਆਰਥਣਾਂ ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜੇਸ਼ ਕੁਮਾਰ, ਪ੍ਰਿੰਸੀਪਲ ਰੀਤੂ ਗੋਇਲ ਨੇ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।