ਰਮੇਸ਼ ਭਾਰਦਵਾਜ
ਲਹਿਰਾਗਾਗਾ, 7 ਨਵੰਬਰ
ਅੱਜ ਇਥੇ ਬੀਕੇਯੂ ਏਕਤਾ ਉਗਰਾਹਾਂ ਨੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਮੋਰਚੇ ਵਿਚ ਟਿਕਰੀ ਹੱਦ ਉਤੇ ਪਿਛਲੇ ਹਫਤੇ ਟਿੱਪਰ ਹੇਠਾਂ ਕੁਚਲਣ ਕੇ ਸ਼ਹੀਦ ਕੀਤੀਆਂ ਕਿਸਾਨ ਮਾਈਆ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਟ ਕਰਦੇ ਹੋਏ ਦੋ ਮਿੰਟ ਦਾ ਮੌਨ ਵਰਤ ਰੱਖਿਆ ਗਿਆ। ਰਿਲਾਇੰਸ ਦੇ ਪੈਟਰੋਲ ਪੰਪ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਰਾਮ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਾਲੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਚੱਲ ਰਹੇ ਪੱਕੇ ਮੋਰਚੇ ਉਤੇ ਪੱਕੇ ਧਰਨੇ ਨੂੰ 402ਵੇਂ ਦਿਨ ਬਹਾਦਰ ਸਿੰਘ ਭੁਟਾਲ ਖੁਰਦ ਨੇ ਐਲਾਨ ਕੀਤਾ ਕਿ ਮਾਰਕੀਟ ਕਮੇਟੀ ਦੇ ਸੈਕਟਰੀ ਵਲੋਂ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਵਾਉਣ ਤੋਂ ਬਾਅਦ ਭਲਕੇ ਐੱਸਡੀਐੱਮ ਦਫਤਰ ਲੱਗਣ ਵਾਲਾ ਧਰਨਾ ਕੁਝ ਸਮੇਂ ਲਈ ਟਾਲ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਬਲਾਕ ਦੇ ਆਗੂਆਂ ਨਾਲ਼ ਹੋਈ ਮੀਟਿੰਗ ਵਿੱਚ ਸੈਕਟਰੀ ਨੇ ਪਿਛਲੀਆਂ ਹੋਈਆਂ ਮੋਸਚਰ ਮੀਟਰ ਸੰਬੰਧੀ ਗਲਤੀਆਂ ਨੂੰ ਸੁਧਾਰਨ ਅਤੇ ਅੱਗੇ ਤੋਂ ਪ੍ਰਬੰਧਾ ਨੂੰ ਸਹੀ ਢੰਗ ਨਾਲ ਚਲਾਉਣ ਲਈ ਭਰੋਸਾ ਦੇਣ ਤੋਂ ਬਾਅਦ ਜਥੇਬੰਦੀ ਵਲੋਂ ਭਲਕੇ ਲੱਗਣ ਵਾਲਾ ਧਰਨਾ ਫਿਲਹਾਲ ਟਾਲ ਦਿੱਤਾ ਹੈ। ਆਗੂਆਂ ਦਾ ਕਹਿਣਾ ਹੈ ਉਹ ਮੰਡੀਆਂ ਦਾ ਜਾਇਜ਼ਾ ਲੈਣਗੇ। ਜੇਕਰ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਝੋਨੇ ਦੀ ਵਿਕਰੀ ਸੰਬਧੀ ਕੋਈ ਸਕਾਇਤ ਆਈ ਤਾ ਜਥੇਬੰਦੀ ਵਲੋਂ ਫੌਰੀ ਐਕਸ਼ਨ ਲਿਆ ਜਾਵੇਗਾ। ਇਸ ਮੌਕੇ ਬਹਾਲ ਸਿੰਘ ਢੀਂਡਸਾ, ਸੂਬਾ ਸਿੰਘ ਸੰਗਤਪੁਰਾ, ਮਾਸਟਰ ਗੁਰਚਰਨ ਸਿੰਘ ਖੋਖਰ, ਹਰਜਿੰਦਰ ਸਿੰਘ ਨੰਗਲਾ, ਕਰਨੈਲ ਸਿੰਘ ਗਨੋਟਾ, ਰਾਮਚੰਦ ਸਿੰਘ ਚੋਟੀਆਂ, ਪ੍ਰੀਤਮ ਸਿੰਘ ਲਹਿਲ ਕਲਾ, ਛੋਟਾਂ ਸਿੰਘ ਘੋੜੇਨਬ , ਕਰਮਜੀਤ ਕੌਰ ਭੁਟਾਲ ਕਲਾਂ , ਮਨਜੀਤ ਕੌਰ ਸੰਗਤੀਵਾਲਾ, ਜਸਵੀਰ ਕੌਰ ਲਹਿਲ ਕਲਾਂ ,ਬੰਤ ਕੌਰ ਅਤੇ ਹੋਰ ਆਗੂ ਹਾਜ਼ਰ ਸਨ।
ਧੂਰੀ(ਹਰਦੀਪ ਸਿੰਘ ਸੋਢੀ): ਖੇਤੀ ਕਾਨੂੰਨ ਰੱਦ ਕਰਵਾਉਣ ਲਈ ਧੂਰੀ ਦੇ ਨੇੜਲੇ ਪਿੰਡ ਲੱਡਾ ਕੋਲ ਟੌਲ ਪਲਾਜ਼ਾ ਕੋਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਪੱਕਾ ਧਰਨਾ ਜਸਪਾਲ ਸਿੰਘ ਪੇਧਨੀਕਲਾ ਦੀ ਅਗਵਾਈ ਹੇਠ 400ਵੇਂ ਦਿਨ ਵੀ ਜਾਰੀ ਰਿਹਾ। ਆਗੂਆਂ ਨੇ ਕਿਹਾ ਦਿੱਲੀ ਬਾਡਰਾਂ ਉੱਪਰ ਬੈਠੇ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਤੇ ਆਪਣੀਆਂ ਮੰਗਾਂ ਮਨਵਾਉਣ ਤੱਕ ਬੁਲੰਦ ਰਹਿਣਗੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਲੋਕਾਂ ਨੂੰ ਸਸਤੀ ਬਿਜਲੀ ਦੇ ਕੇ ਗੁਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦੀ ਪਿਛਲੇ ਕਰੀਬ ਚਾਰ ਸਾਲ ਦੀ ਕਾਰਗੁਜ਼ਾਰੀ ਨਿਰਾਸ਼ਾ ਭਰੀ ਰਹੀ ਹੈ। ਉਨ੍ਹਾਂ ਕਿਹਾ ਪੰਜਾਬ ਅੰਦਰ ਮੁਲਾਜ਼ਮ ਆਪਣੀਆਂ ਮੰਗਾਂ ਲਈ ਸੜਕਾਂ ਉੱਪਰ ਉੱਤਰੇ ਹੋਏ ਹਨ ਪਰ ਪੰਜਾਬ ਸਰਕਾਰ ਇਸ ਦੇ ਬਾਵਜੂਦ ਵੱਡੇ ਵੱਡੇ ਦਾਅਵੇ ਕਰ ਰਹੀ ਹੈ। ਉਨ੍ਹਾਂ ਕਿਹਾ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨੇ ਪਹਿਲਾਂ ਵਾਂਗ ਜਾਰੀ ਰਹਿਣਗੇ।
ਪਟਿਆਲਾ-ਪਾਤੜਾਂ ਮੁੱਖ ਮਾਰਗ ’ਤੇ ਰਿਲਾਇੰਸ ਪੰਪ ’ਤੇ ਧਰਨਾ ਜਾਰੀ
ਪਾਤੜਾਂ(ਗੁਰਨਾਮ ਸਿੰਘ ਚੌਹਾਨ): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਬਾਰਡਰਾਂ ਉੱਤੇ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਬੀਤੇ ਦਿਨੀਂ ਟਰੱਕ ਵੱਲੋਂ ਦਰੜ ਕੇ ਮਾਰੀਆਂ ਗਈਆਂ ਤਿੰਨ ਬੀਬੀਆਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਲਈ ਪਟਿਆਲਾ ਪਾਤੜਾਂ ਮੁੱਖ ਮਾਰਗ ’ਤੇ ਰਿਲਾਇੰਸ ਪੰਪ ਉਤੇ ਚੱਲ ਰਹੇ ਪੱਕੇ ਮੋਰਚੇ ਵਾਲੀ ਥਾਂ ਉੱਤੇ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਤਰ ਕਿਸਾਨ ਬੀਬੀਆਂ ਨੇ ਮ੍ਰਿਤਕ ਔਰਤਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਭਾਜਪਾ ਆਗੂ ਅਮਰੀਕ ਸਿੰਘ ਤੇ ਰਘਬੀਰ ਸਿੰਘ ਨੇ ਕਿਹਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਕਿਸਾਨ ਮਾਰੂ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਹੋਈਆਂ ਸ਼ਹੀਦੀਆਂ ਕੇਂਦਰ ਦੀ ਭਾਜਪਾ ਸਰਕਾਰ ਦੇ ਤਾਬੂਤ ਵਿੱਚ ਕਿੱਲ ਸਾਬਤ ਹੋਣਗੀਆਂ ਅਤੇ ਫਿਰਕਾਪ੍ਰਸਤੀ ਦੇ ਰਾਹ ਤੁਰੀ ਭਾਜਪਾ ਨੂੰ ਕਿਸਾਨ ਅੰਦੋਲਨ ਦੇਸ਼ ਵਿੱਚੋਂ ਉਖਾੜਨ ਦਾ ਮੁੱਢ ਬਣ ਚੁੱਕਾ ਹੈ।