ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 30 ਨਵੰਬਰ
ਸਥਾਨਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੇ ਸਿਖਿਆਰਥੀਆਂ ਨੇ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਮਾਧਵੀ ਕਟਾਰੀਆ ਨੂੰ ਮੰਗ ਪੱਤਰ ਸੌਂਪ ਕੇ ਉਦਯੋਗਿਕ ਸਿਖਲਾਈ ਸੰਸਥਾ ਨੇੜੇ ਬੱਸਾਂ ਰੁਕਣ ਲਈ ਆਦੇਸ਼ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਦਪਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਨੇ ਕਿਹਾ ਕਿ ਮਾਲੇਰਕੋਟਲਾ-ਪਟਿਆਲਾ ਜਾਣ-ਆਉਣ ਵਾਲੀਆਂ ਬੱਸਾਂ ਦੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਨੇੜੇ ਨਾ ਰੁਕਣ ਕਾਰਨ ਸਿਖਿਆਰਥੀਆਂ ਨੂੰ ਸੰਸਥਾ ਤੋਂ ਕਾਫੀ ਦੂਰ ਤੋਂ ਤੁਰ ਕੇ ਆਉਣਾ ਪੈਂਦਾ ਹੈ, ਜਿਸ ਕਾਰਨ ਕਈ ਵਾਰੀ ਸਿਖਿਆਰਥੀਆਂ ਨੂੰ ਸੰਸਥਾ ’ਚ ਪੁੱਜਣ ’ਚ ਦੇਰੀ ਹੋ ਜਾਂਦੀ ਹੈ। ਗਰਮੀ, ਸਰਦੀ ਤੇ ਮੀਂਹ ਪੈਣ ਮੌਕੇ ਤਾਂ ਸਿਖਿਆਰਥੀਆਂ ਨੂੰ ਸੰਸਥਾ ’ਚ ਜਾਣ-ਆਉਣ ਲਈ ਕਾਫੀ ਦਿੱਕਤ ਆਉਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਵੱਲੋਂ ਸੰਸਥਾ ਨੇੜੇ ਬੱਸਾਂ ਦਾ ਰੁਕਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਡੀਸੀ ਮਾਧਵੀ ਕਟਾਰੀਆ ਨੇ ਉਨ੍ਹਾਂ ਨੂੰ ਮਸਲੇ ਦੇ ਜਲਦੀ ਕਰਨ ਦਾ ਭਰੋਸਾ ਦਿਵਾਇਆ ਹੈ। ਇਸ ਮੌਕੇ ਇਮਰਾਨ ਖਾਨ, ਕਮਲਜੀਤ ਸਿੰਘ, ਰਿਤਿਕਾ, ਨਿਖਿਲ, ਸੁਮਿਤ, ਬਲਵਿੰਦਰ ਕੁਮਾਰ ਹਾਜ਼ਰ ਸਨ।