ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ
ਧੂਰੀ, 9 ਅਕਤੂਬਰ
ਪਿੰਡ ਭਸੌੜ ’ਚ ਸਥਿਤ ਉਦਯੋਗਿਕ ਇਕਾਈ ਕੇਆਰਬੀਐਲ ’ਚ ਕੰਮ ਕਰਦੇ ਨੌਜਵਾਨ ਦੀ ਮੌਤ ਤੋਂ ਬਾਅਦ ਗੁੱਸੇ ਵਿਚ ਆਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਹਮਾਇਤੀਆਂ ਨੇ ਸਥਾਨਕ ਕੱਕੜਵਾਲ ਚੌਕ ਵਿਚ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਧਰਨਾਕਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਮਿੱਲ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਮੌਤ ਹੋਣ ਦੇ ਦੋਸ਼ ਲਾਉਂਦਿਆਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਧਰਨੇ ਕਾਰਨ ਭਾਵੇਂ ਪੁਲੀਸ ਵੱਲੋਂ ਬਦਲਵੇਂ ਟਰੈਫਿਕ ਪ੍ਰਬੰਧ ਕੀਤੇ ਗਏ ਸਨ, ਪਰ ਸ਼ਹਿਰ ਵਿਚ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ।
ਧਰਨੇ ਦੌਰਾਨ ਮ੍ਰਿਤਕ ਕਰਤਾਰ ਸਿੰਘ (28) ਦੀ ਮਾਤਾ ਚਰਨਜੀਤ ਕੌਰ, ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਗਤਾਰ ਸਿੰਘ ਸਮਰਾ, ‘ਆਪ’ ਆਗੂ ਸਤਿੰਦਰ ਸਿੰਘ ਚੱਠਾ, ਰਾਜਵੰਤ ਸਿੰਘ ਘੁੱਲੀ, ਡਾ. ਅਨਵਰ ਭਸੌੜ, ਅਮਰਦੀਪ ਸਿੰਘ ਧਾਂਦਰਾ ਤੇ ਪ੍ਰੀਤ ਧੂਰੀ ਆਦਿ ਨੇ ਕਿਹਾ ਕਿ ਲੰਘੇ ਦਿਨ ਕਰਤਾਰ ਸਿੰਘ ਡਿਊਟੀ ਦੌਰਾਨ ਮਿੱਲ ਅੰਦਰ ਬੋਰੀਆਂ ਹੇਠਾਂ ਆ ਗਿਆ ਸੀ, ਪਰ ਮਿੱਲ ਪ੍ਰਬੰਧਕਾਂ ਵੱਲੋਂ ਕਾਫ਼ੀ ਲੰਬੇ ਸਮੇਂ ਤੱਕ ਉਸ ਨੂੰ ਬੋਰੀਆਂ ਹੇਠੋਂ ਨਾ ਕੱਢੇ ਜਾਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕਰਦਿਆਂ ਮਿੱਲ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕਰਨ ਅਤੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਸਸਕਾਰ ਉਦੋਂ ਤੱਕ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਡੀਐੱਸਪੀ ਧੂਰੀ ਪਰਮਿੰਦਰ ਸਿੰਘ ਤੇ ਐਸਐਚਓ ਬਿੱਠਨ ਕੁਮਾਰ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਵਿਚ ਲੱਗੇ ਹੋਏ ਸਨ। ਇਸ ਸਬੰਧੀ ਕੇਆਰਬੀਐਲ ਦੇ ਅਧਿਕਾਰੀ ਸਾਗਰ ਸਿੱਧੂ ਨੇ ਕਿਹਾ ਕਿ ਕਰਤਾਰ ਸਿੰਘ ਫੈਕਟਰੀ ਵਿਚ ਬਤੌਰ ਸੁਪਰਵਾਈਜ਼ਰ ਕੰਮ ਕਰਦਾ ਸੀ। ਫੈਕਟਰੀ ਨਿਯਮਾਂ ਅਨੁਸਾਰ ਮ੍ਰਿਤਕ ਦੇ ਪਰਿਵਾਰ ਦੀ ਬਣਦੀ ਮਦਦ ਕੀਤੀ ਜਾਵੇਗੀ।