ਪੱਤਰ ਪ੍ਰੇਰਕ
ਲਹਿਰਾਗਾਗਾ, 31 ਜੁਲਾਈ
ਇਥੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਅਤੇ ਲਿਟਲ ਸਟਾਰ ਬਚਪਨ ਪਲੇਅ ਸਕੂਲ ਦੇ ਖੁੱਲ੍ਹੇ ਡੁੱਲ੍ਹੇ ਵਿਹੜੇ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਤੀਆਂ ਦਾ ਤਿਉਹਾਰ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ। ਮੁਟਿਆਰਾਂ ਨੇ ਰੀਝ ਨਾਲ ਫੁਲਕਾਰੀਆਂ ਵਿੱਚ ਸਜ ਧਜ ਕੇ ਆਈਆਂ ਅਤੇ ਗਿੱਧਾ ਪਾ ਕੇ ਧਮਾਲਾਂ ਪਾਈਆਂ। ਇਥੇ ਵਿਦਿਆਰਥੀਆਂ ਨੇ ਪੰਜਾਬੀ ਲੋਕ ਗੀਤ, ਡਾਂਸ, ਪੰਜਾਬੀ ਬੋਲੀਆਂ ਤੇ ਗਿੱਧਾ ਪਾਇਆ, ਉਥੇ ਹੀ ਛੋਟੇ ਬੱਚਿਆਂ ਨੇ ਮਾਡਲਿੰਗ ਪੇਸ਼ ਕੀਤੀ। ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ ਅਤੇ ਪ੍ਰਿੰਸੀਪਲ ਪ੍ਰਿਯੰਕਾ ਬਾਂਸਲ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਉਣ ਮਹੀਨੇ ਆਉਂਦਾ ਹੈ, ਜੋ ਕੁੜੀਆਂ ਲਈ ਸਭ ਤੋਂ ਵਧੀਆ ਅਤੇ ਵੱਡਾ ਤਿਉਹਾਰ ਵਿੱਚ ਗਿਣਿਆ ਜਾਂਦਾ ਹੈ। ਅਜਿਹੇ ਪ੍ਰੋਗਰਾਮ ਕਰਵਾਉਣ ਨਾਲ ਬੱਚਿਆਂ ਵਿੱਚ ਅੱਗੇ ਵਧਣ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਸ਼ਾਮਲ ਸੀ। ਇਸੇ ਤਰ੍ਹਾਂ ਤੀਆਂ ਦਾ ਤਿਉਹਾਰ ਹੋਲੀ ਮਿਸ਼ਨ ਸਕੂਲ ਵਿਚ ਵੀ ਧੂਮ-ਧਾਮ ਨਾਲ ਮਨਾਇਆ ਗਿਆ।
ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਆਧਾਰ ਪਬਲਿਕ ਸਕੂਲ ਬਡਰੁੱਖਾਂ ਵਿੱਚ ਪ੍ਰਿੰਸੀਪਲ ਸ਼ਵੇਤਾ ਸ਼ਰਮਾ ਦੀ ਨਿਗਰਾਨੀ ਹੇਠ ਨੰਨ੍ਹੇ ਬੱਚਿਆਂ ਵੱਲੋਂ ਬੜੇ ਚਾਵਾਂ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਕੂਲ ਦੀਆਂ ਬੱਚੀਆਂ ਨੇ ਰੰਗ ਬਰੰਗੀਆਂ ਪੁਸ਼ਾਕਾਂ ਪਾ ਕੇ ਗਿੱਧਾ, ਗੀਤਾਂ ਅਤੇ ਪੰਜਾਬ ਦੇ ਵੱਖੋ ਵੱਖਰੇ ਲੋਕ ਨਾਚਾਂ ਦਾ ਪ੍ਰਦਰਸ਼ਨ ਕੀਤਾ ਅਤੇ ਖੂਬ ਧਮਾਲਾਂ ਪਾਈਆਂ। ਬੱਚੀਆਂ ਨੇ ਪੀਂਘਾਂ ਝੂਟੀਆਂ। ਇਸ ਮੌਕੇ ਮਹਿੰਦੀ ਤੇ ਸੁੰਦਰਤਾ ਮੁਕਾਬਲੇ ਵੀ ਕਰਵਾਏ ਗਏ। ਜੂਨੀਅਰ ਵਰਗ ’ਚੋਂ ਇੰਦਰਪ੍ਰੀਤ ਕੌਰ ਅਤੇ ਸੀਨੀਅਰ ਵਰਗ ’ਚੋਂ ਮਿਸ ਤੀਜ ਜਸ਼ਨਪ੍ਰੀਤ ਕੌਰ ਅਤੇ ਏਕਮਜੋਤ ਕੌਰ ਨੇ ਮਿਸ ਪੰਜਾਬਣ ਦਾ ਖਿਤਾਬ ਪ੍ਰਾਪਤ ਕੀਤਾ।