ਪੱਤਰ ਪ੍ਰੇਰਕ
ਭਵਾਨੀਗੜ੍ਹ, 19 ਜੂਨ
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੀ ਪ੍ਰਚਾਰ ਮੁਹਿੰਮ ਸਿਖਰਾਂ ’ਤੇ ਪਹੁੰਚਣ ਦੇ ਬਾਵਜੂਦ ਪਹਿਲੀਆਂ ਚੋਣਾਂ ਦੇ ਉਲਟ ਸ਼ਰਾਬ, ਭੁੱਕੀ ਅਤੇ ਪੈਸੇ ਦੀ ਵੰਡ ਵਗੈਰਾ ਅਜੇ ਤੱਕ ਬਿਲਕੁਲ ਗਾਇਬ ਹੈ। ਇੱਥੇ ਦੱਸਣਯੋਗ ਹੈ ਕਿ ਪੰਜਾਬ ਵਿੱਚ ਪਿਛਲੇ ਸਮੇਂ ਜਦੋਂ ਵੀ ਪਾਰਲੀਮੈਂਟ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਉਨ੍ਹਾਂ ਵਿੱਚ ਨਸ਼ੇ ਤੇ ਪੈਸੇ ਦੀ ਭਰਮਾਰ ਰਹੀ ਹੈ। ਸ਼ਾਮ ਵੇਲੇ ਵੱਖ ਵੱਖ ਪਾਰਟੀਆਂ ਦੇ ਦਫ਼ਤਰਾਂ ਵਿੱਚ ਚੋਣ ਪ੍ਰਚਾਰ ਕਰਨ ਵਾਲੇ ਲੋਕ ਸ਼ਰਾਬ ਨਾਲ ਡੱਕੇ ਤੇ ਹੋਰ ਸਾਮਾਨ ਸ਼ਰ੍ਹੇਆਮ ਲੈ ਕੇ ਜਾਂਦੇ ਸਨ। ਸਵੇਰ ਵੇਲੇ ਭੁੱਕੀ ਆਦਿ ਵੰਡੀ ਜਾਂਦੀ ਰਹੀ ਹੈ। ਵੱਡੇ ਪੱਧਰ ’ਤੇ ਪੈਸਾ ਵੰਡਿਆ ਜਾਂਦਾ ਰਿਹਾ ਹੈ। ਖਾਸ ਕਰਕੇ ਜ਼ਿਮਨੀ ਚੋਣ ਵਿੱਚ ਤਾਂ ਪਾਰਟੀਆਂ ਪੂਰਾ ਜ਼ੋਰ ਲਗਾਉਂਦੀਆਂ ਹਨ। ਇਸ ਵਾਰ ਆਪ, ਕਾਂਗਰਸ, ਮਾਨ ਦਲ, ਭਾਜਪਾ ਅਤੇ ਅਕਾਲੀ ਦਲ ਆਦਿ ਦੇ ਉਮੀਦਵਾਰਾਂ ਵੱਲੋਂ ਭਵਾਨੀਗੜ੍ਹ ਵਿੱਚ ਆਪਣੇ ਚੋਣ ਦਫਤਰ ਖੋਲ੍ਹੇ ਗਏ ਹਨ, ਪਰ ਕਿਸੇ ਵੀ ਦਫਤਰ ਜਾਂ ਧਿਰ ਵੱਲੋਂ ਨਸ਼ਾ ਜਾਂ ਪੈਸਾ ਵੰਡਣ ਦੀ ਭਿਣਕ ਨਹੀਂ। ਇਸ ਮਾਰੂ ਰੁਝਾਨ ਦੇ ਗਾਇਬ ਹੋਣ ’ਤੇ ਭਵਾਨੀਗੜ੍ਹ ਦੇ ਸੀਨੀਅਰ ਸਿਟੀਜ਼ਨ ਚਰਨ ਸਿੰਘ ਚੋਪੜਾ, ਸੁਖਦੇਵ ਸਿੰਘ ਭਵਾਨੀਗੜ੍ਹ, ਗਿਆਨ ਸਿੰਘ ਨਦਾਮਪੁਰ ਅਤੇ ਮਾਲਵਿੰਦਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਚੋਣ ਮੁਹਿੰਮ ਵਿੱਚ ਨਸ਼ਿਆਂ ਅਤੇ ਪੈਸਿਆਂ ਦੀ ਵੰਡ ਦਾ ਰੁਕਣਾ ਸਮਾਜ ਅਤੇ ਪੰਜਾਬ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।