ਬੀਰਬਲ ਰਿਸ਼ੀ
ਸ਼ੇਰਪੁਰ, 8 ਸਤੰਬਰ
ਕੋਆਪਰੇਟਿਵ ਬੈਂਕ ਤੇ ਸੁਸਾਇਟੀ ਦੇ ਆਏ ਦਿਨ ਗੇੜਿਆਂ ਤੋਂ ਅੱਕ ਕੇ ਲੋਕ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸੰਘਰਸ਼ ਦੇ ਰਾਹ ਪਏ ਕਿਸਾਨਾਂ ਦੀਆਂ ਕੋਆਪਰੇਟਿਵ ਬੈਂਕ ਕਾਤਰੋਂ ਦੇ ਮੈਨੇਜਰ ਨੇ ਬਿਨਾਂ ਸ਼ਰਤ ਸਾਰੀਆਂ ਮੰਗਾਂ ਮੰਨੇ ਜਾਣ ਦੀ ਹਾਮੀ ਭਰ ਲਈ ਹੈ, ਜਿਸ ਮਗਰੋਂ ਕਿਸਾਨਾਂ ਨੇ ਆਪਣਾ ਸੰਘਰਸ਼ ਵਾਪਸ ਲੈ ਲਿਆ ਹੈ। ਯਾਦ ਰਹੇ ਕਿ ਪਿਛਲੇ ਦਿਨੀ ਪਿੰਡ ਘਨੌਰੀ ਕਲਾਂ ਵਿੱਚ ਕੋਆਪਰੇਟਿਵ ਸੁਸਾਇਟੀ ਘਨੌਰੀ ਖੁਰਦ ਦੀ ਕਾਰਜਕਰਨੀ ਦੇ ਮੀਤ ਪ੍ਰਧਾਨ ਪ੍ਰਗਟ ਸਿੰਘ ਚਹਿਲ ਅਤੇ ਹੋਰ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਕੇ ਆਪਣਾ ਸੰਘਰਸ਼ ਸ਼ੁਰੂ ਕੀਤਾ ਸੀ ਜਿਸਨੂੰ ‘ਪੰਜਾਬੀ ਟ੍ਰਿਬਿਊਨ’ ਨੇ ਪ੍ਰਮੁੱਖਤਾ ਨਾਲ ਉਠਾਇਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਕੋਆਪਰੇਟਿਵ ਸੁਸਾਇਟੀ ਘਨੌਰੀ ਕਲਾਂ ਨਾਲ ਸਬੰਧਤ ਕਿਸਾਨ ਹਰਦੀਪ ਸਿੰਘ ਮਿੱਠੂ, ਸੱਤਪਾਲ, ਅਵਤਾਰ ਸਿੰਘ, ਬੂਟਾ ਸਿੰਘ, ਸੁਖਪਾਲ ਸਿੰਘ, ਵਿੰਦਰ ਸਿੰਘ ਅਤੇ ਬੂਟਾ ਸਿੰਘ ਸਮੇਤ ਕਈ ਕਿਸਾਨਾਂ ਨੂੰ ਸਬੰਧਿਤ ਸੁਸਾਇਟੀ ਤੇ ਬੈਂਕ ਵੱਲੋਂ ਦੋਵੇਂ ਅਦਾਰਿਆਂ ਦੇ ਗੇੜੇ ਲਗਵਾ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਸੀ ਅਤੇ ਕੋਆਪਰੇਟਿਵ ਬੈਂਕ ਕਾਤਰੋਂ ਪਿਛਲੇ ਡੇਢ ਵਰ੍ਹੇ ਤੋਂ ਸੁਸਾਇਟੀ ਦੇ ਮੈਂਬਰ ਚੱਲੇ ਆ ਰਹੇ ਕਿਸਾਨਾਂ ਨੂੰ ਚੈਕ-ਬੁੱਕਸ਼ ਤੇ ਨਗਦ ਰਾਸ਼ੀ ਦੇਣ ਤੋਂ ਕੰਨੀ ਕਤਰਾਉਂਦੀ ਆ ਰਹੀ ਸੀ। ਕਈ ਅਪੀਲਾਂ ਦਲੀਲਾਂ ਮਗਰੋਂ ਆਖਿਰ ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਉਕਤ ਸਮੂਹ ਕਿਸਾਨਾਂ ਨੂੰ ਲੈ ਕੇ ਬੈਂਕ ਵਿੱਚ ਪਹੁੰਚੇ ਤੇ ਮੈਨੇਜਰ ਨੂੰ ਤੁਰੰਤ ਕਿਸਾਨਾਂ ਦਾ ਕੰਮ ਕਰਨ ਲਈ ਕਿਹਾ ਅਤੇ ਅਜਿਹਾ ਨਾ ਹੋਣ ’ਤੇ ਬੈਂਕ ਅੱਗੇ ਤੁਰੰਤ ਧਰਨਾ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ। ਸਬੰਧਿਤ ਬੈਂਕ ਦੇ ਮੈਨੇਜਰ ਨੇ ਪ੍ਰਦਰਸ਼ਨਕਾਰੀਆਂ ਨੂੰ ਦੱਸਿਆ ਕਿ ਉੱਚ ਅਧਿਕਾਰੀਆਂ ਨੇ ਸਮੂਹ ਕਿਸਾਨਾਂ ਦਾ ਬਕਾਇਆ ਕੰਮ ਕਰਨ ਲਈ ਹੁਕਮ ਦੇ ਦਿੱਤੇ ਹਨ। ਇਸ ਲਈ 10 ਸਤੰਬਰ ਤੱਕ ਕਿਸਾਨਾਂ ਨੂੰ ਚੈਕ-ਬੁੱਕਸ਼ ਤੇ ਨਗਦ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ। ਕਿਸਾਨਾਂ ਨੇ ਇਸ ਸੰਘਰਸ਼ ਨੂੰ ਲੋਕ ਏਕੇ ਦੀ ਜਿੱਤ ਗਰਦਾਨਿਆਂ ਅਤੇ ਕਿਸਾਨਾਂ ਨੂੰ ਅਜਿਹੀਆਂ ਜਿੱਤਾਂ ਤੋਂ ਉਤਸ਼ਾਹ ਲੈਂਦਿਆਂ ਵੱਡੀਆਂ ਜਿੱਤਾਂ ਵੱਲ ਅੱਗੇ ਵਧਣ ਦਾ ਸੱਦਾ ਦਿੱਤਾ।