ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਨਵੰਬਰ
ਐੱਨਐੱਚਐੱਮ ਸਿਹਤ ਮੁਲਾਜ਼ਮਾਂ ਵੱਲੋਂ ਕਲਮਛੋੜ ਹੜਤਾਲ ਦੌਰਾਨ ਰੈਗੂਲਰ ਮੁਲਾਜ਼ਮਾਂ ਅਤੇ ਪੈਨਸ਼ਨਰ ਯੂਨੀਅਨ ਦੇ ਆਗੂਆਂ ਦੀ ਹਮਾਇਤ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਪੰਜਾਬ ਸਰਕਾਰ ਦੇ ‘ਗੱਪਾਂ ਦੀ ਪੰਡ’ ਫੂਕਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਰੈਗੂਲਰ ਸਿਹਤ ਮੁਲਾਜ਼ਮ ਅਤੇ ਪੈਨਸ਼ਨਰ ਵੀ ਐੱਨਐੱਚਐੱਮ ਮੁਲਾਜ਼ਮਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਨਿੱਤਰ ਆਏ ਹਨ।
ਇਸ ਸਿਵਲ ਹਸਪਤਾਲ ਵਿੱਚ ਐੱਨਐੱਚਐੱਮ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਪ੍ਰੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਸੱਤਾ ਹਾਸਲ ਕਰਨ ਲਈ ਪੰਜਾਬੀਆਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਪਰ ਸੱਤਾ ਹਾਸਲ ਕਰਦਿਆਂ ਹੀ ਕੈਪਟਨ ਸਰਕਾਰ ਨੇ ਤਕਰੀਬਨ ਸਾਰਿਆਂ ਨੂੰ ਹੀ ਵਿਸਾਰ ਦਿੱਤਾ। ਸਾਢੇ 4 ਸਾਲ ਮਗਰੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਥਾਪ ਦਿੱਤਾ ਗਿਆ। ਭਾਵੇਂ ਸਮਾਂ ਨੇੜੇ ਵੇਖ ਕੇ ਚੰਨੀ ਸਰਕਾਰ ਵਲੋਂ ਕੁਝ ਫ਼ੈਸਲੇ ਲਏ ਗਏ, ਜਿਨ੍ਹਾਂ ਕਾਰਨ ਪੰਜਾਬੀਆਂ ਵਿੱਚ ਕੁਝ ਧਰਵਾਸ ਬੱਝਿਆ ਪਰ ਵੱਡੀ ਗਿਣਤੀ ਐੱਨਐੱਚਐੱਮ ਦੇ ਸਿਹਤ ਕਾਮੇ ਪੱਕੇ ਹੋਣ ਦੀ ਆਸ ’ਚ ਬੈਠੇ ਮੁਲਾਜ਼ਮਾਂ ਵਿੱਚ ਹਾਲੇ ਵੀ ਨਿਰਾਸ਼ਾ ਹੈ। ਮੁਲਾਜ਼ਮ ਆਗੂ ਕੀਰਤਨ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੰਨੀ ਸਰਕਾਰ ਵੱਲੋਂ ਵੀ ਐੱਨਐੱਚਐੱਮ ਦੇ ਕੱਚੇ ਸਿਹਤ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਗੁੰਝਲਦਾਰ ਬੁਝਾਰਤ ਬਣ ਗਿਆ ਹੈ।
ਦਰਜਾ ਚਾਰ ਰੈਗੂਲਰ ਕਰਮਚਾਰੀ ਯੂਨੀਅਨ ਆਗੂ ਰਮੇਸ਼ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੰਨੀ ਸਰਕਾਰ ਦੀ ਨੀਤੀ ਅਨੁਸਾਰ 10 ਸਾਲ ਤੱਕ ਕੰਮ ਕਰਨ ਵਾਲੇ ਕੱਚੇ ਮੁਲਾਜ਼ਮ ਨੂੰ ਪੱਕੇ ਕਰਨ ਦੀ ਤਜਵੀਜ਼ ਹੈ ਪਰ ਉਸ ਵਿੱਚ ਵੀ ਅਜਿਹੀਆਂ ਸ਼ਰਤਾਂ ਲਗਾ ਦਿੱਤੀਆਂ ਗਈਆਂ ਹਨ, ਜਿਨ੍ਹਾਂ ਕਾਰਨ ਕੋਈ ਵੀ ਸਿਹਤ ਮੁਲਾਜ਼ਮ ਪੱਕਾ ਹੁੰਦਾ ਨਜ਼ਰ ਨਹੀਂ ਆ ਰਿਹਾ। ਮੁਲਾਜ਼ਮ ਆਗੂ ਸੱਤਪਾਲ ਸਿੰਘ ਮੌੜ ਨੇ ਕਿਹਾ ਕਿ ਹੁਣ ਰੈਗੁਲਰ ਸਿਹਤ ਮੁਲਾਜ਼ਮ ਵੀ ਐੱਨਐੱਚਐੱਮ ਦੇ ਕੱਚੇ ਮੁਲਾਜ਼ਮਾਂ ਦੇ ਹੱਕ ਵਿੱਚ ਨਿੱਤਰ ਚੁੱਕੇ ਹਨ। ਕਮਿਊਨਿਟੀ ਹੈਲਥ ਅਫਸਰ ਮਨਪ੍ਰੀਤ ਕੌਰ ਨੇ ਕਿਹਾ ਕਿ ਸਰਕਾਰ ਨੇ ਐੱਨਐੱਚਐੱਮ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰਨ ਲਈ 2 ਦਿਨ ਦਾ ਸਮਾਂ ਮੰਗਿਆ ਸੀ ਪ੍ਰੰਤੂ ਹਫ਼ਤੇ ਦਾ ਸਮਾਂ ਬੀਤਣ ਦੇ ਬਾਵਜੂਦ ਉਨ੍ਹਾਂ ਨੂੰ ਪੱਕੇ ਕਰਨ ਦੀ ਕਵਾਇਦ ਸ਼ੁਰੂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੱਕੇ ਨਹੀਂ ਕੀਤਾ ਜਾਂਦਾ ਸੰਘਰਸ਼ ਜਾਰੀ ਰਹੇਗਾ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਬਲਾਕ ਦੇ ਸਿਹਤ ਕੇਂਦਰਾਂ ਵਿੱਚ ਐੱਨਐੱਚਐੱਮ ਅਧੀਨ ਕੰਮ ਕਰਦੇ ਸਮੂਹ ਕਰਮਚਾਰੀਆਂ ਵੱਲੋਂ ਰੈਗੂਲਰ ਕਰਨ ਦੀ ਮੰਗ ਲਈ ਅਣਮਿੱਥੇ ਸਮੇਂ ਲਈ ਕੀਤੀ ਹੜਤਾਲ ਤਹਿਤ ਅੱਜ ਸੱਤਵੇਂ ਦਿਨ ਇੱਥੇ ਸਰਕਾਰੀ ਹਸਪਤਾਲ ਵਿੱਚ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਡਾ. ਅਨਿਤ ਕੁਮਾਰ, ਪ੍ਰੀਤੀ ਗਰਗ, ਮੋਨਿਕਾ, ਸੰਦੀਪ ਕੌਰ, ਨੇਹਾ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਮਹੇਸ਼ਇੰਦਰ ਕੌਰ, ਹਰਵਿੰਦਰ ਸਿੰਘ, ਕੁਲਦੀਪ ਖਾਨ ਤੇ ਪਰਮਿੰਦਰ ਕੌਰ ਆਦਿ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਪੱਕੀ ਨੌਕਰੀ ਦੇਣ ਦੇ ਕੀਤੇ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਐੱਨਐੱਚਐੱਮ ਅਧੀਨ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ 25 ਸਾਲ ਦਾ ਸਮਾਂ ਹੋ ਗਿਆ ਹੈ ਤੇ ਕਈ ਕਰਮਚਾਰੀ ਆਉਂਦੇ ਕੁਝ ਮਹੀਨਿਆਂ ਵਿੱਚ ਠੇਕੇ ’ਤੇ ਡਿਊਟੀ ਕਰਦੇ ਹੋਏ ਸੇਵਾਮੁਕਤ ਹੋਣ ਜਾ ਰਹੇ ਹਨ। ਇਨ੍ਹਾਂ ਕਰਮਚਾਰੀਆਂ ਨੇ ਆਪਣੀ ਨੌਕਰੀ ਦੌਰਾਨ ਸਿਹਤ ਵਿਭਾਗ ਨਾਲ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਲੇਖੇ ਲਾਇਆ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ।
ਉਨ੍ਹਾਂ ਦੋਸ਼ ਲਗਾਇਆ ਕਿ ਬਾਕੀ ਪ੍ਰੋਗਰਾਮਾਂ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਿਨ੍ਹਾਂ ’ਚ ਆਊਟਸੋਰਸ ਕਰਮਚਾਰੀ, ਕੰਪਿਊਟਰ ਅਪਰੇਟਰ , ਸਟਾਫ ਨਰਸਾਂ, ਮਲਟੀਪਰਪਜ਼ ਹੈਲਥ ਵਰਕਰ, ਫੀਮੇਲ ਲੈਬ ਟੈਕਨੀਸ਼ੀਅਨ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਪਾਸ ਕੀਤੇ ਬਿੱਲ ਵਿੱਚ ਸਿਹਤ ਵਿਭਾਗ ਦੇ ਐੱਨਐੱਚਐੱਮ ਮੁਲਾਜ਼ਮਾਂ ਨੂੰ ਕੇਂਦਰੀ ਸਕੀਮ ਦਾ ਹਵਾਲਾ ਦੇ ਕੇ ਸ਼ਾਮਲ ਨਹੀਂ ਕੀਤਾ ਗਿਆ ਜੋ ਉਨ੍ਹਾਂ ਨਾਲ ਸਰਾਸਰ ਧੱਕਾ ਹੈ। ਇਸ ਨੂੰ ਲੈ ਕੇ ਮੁਲਾਜ਼ਮ ਨੇ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਹੈ।