ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੂਨ
ਇੱਥੇ ਬੀਤੀ ਰਾਤ ਆਏ ਝੱਖੜ ਅਤੇ ਮੀਂਹ ਨੇ ਜਿਥੇ ਵੱਡੇ ਵੱਡੇ ਦਰੱਖਤ ਉਖਾੜ ਸੁੱਟੇ ਉੱਥੇ ਬਿਜਲੀ ਦੇ ਟਰਾਂਸਫਾਰਮਰ ਤੇ ਖੰਭਿਆਂ ਨੂੰ ਵੀ ਪੁੱਟ ਦਿੱਤਾ। ਇਸ ਦੌਰਾਨ ਦਰਜਨਾਂ ਪੰਛੀਆਂ ਦੀ ਮੌਤ ਹੋ ਗਈ। ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਟਰਾਂਸਫਾਰਮਰ ਅਤੇ ਖੰਭਿਆਂ ਦੇ ਟੁੱਟ ਜਾਣ ਕਾਰਨ ਸ਼ਹਿਰ ਤੇ ਹੋਰ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੀਤੀ ਸਾਰੀ ਰਾਤ ਅਤੇ ਅੱਜ ਦੁਪਹਿਰ ਤੱਕ ਠੱਪ ਰਹੀ ਜਿਸ ਕਾਰਨ ਲੋਕਾਂ ਨੂੰ ਪਾਣੀ ਤੋਂ ਵਾਂਝੇ ਰਹਿਣਾ ਪਿਆ। ਜ਼ਿਲ੍ਹਾ ਸੰਗਰੂਰ ਵਿੱਚ ਪਾਵਰਕੌਮ ਦਾ ਕਰੀਬ ਇੱਕ ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ।
ਬੀਤੀ ਰਾਤ ਆਈ ਤੇਜ਼ ਹਨ੍ਹੇਰੀ, ਮੀਂਹ ਤੇ ਝੱਖੜ ਕਾਰਨ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ। ਸੜਕਾਂ ਦੇ ਕਿਨਾਰੇ ਖੜ੍ਹੇ ਦਰੱਖਤ ਉੱਖੜ ਗਏ। ਬਿਜਲੀ ਦੇ ਟਰਾਂਸਫਾਰਮਰ ਅਤੇ ਖੰਭੇ ਟੁੱਟ ਪਏ। ਦੁਕਾਨਾਂ ਦੇ ਬੋਰਡ ਅਤੇ ਸੜਕਾਂ ਕਿਨਾਰੇ ਲੱਗੇ ਇਸ਼ਤਿਹਾਰੀ ਬੋਰਡ ਟੁੱਟ ਗਏ। ਪ੍ਰਮੁੱਖ ਸੜਕਾਂ ਅਤੇ ਪੇਂਡੂ ਖੇਤਰ ਦੀਆਂ ਲਿੰਕ ਸੜਕਾਂ ਉਪਰ ਵੀ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ।
ਇੱਥੇ ਡੀਸੀ ਕੰਪਲੈਕਸ ਅੱਗੇ ਪੰਜ ਮਹੀਨਿਆਂ ਤੋਂ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਦੇ ਪੱਕੇ ਮੋਰਚੇ ਵਾਲਾ ਟੈਂਟ ਵੀ ਤੇਜ਼ ਹਨ੍ਹੇਰੀ ਨੇ ਉਖਾੜ ਸੁੱਟਿਆ। ਸਿੱਖਿਆ ਮੰਤਰੀ ਦੀ ਕੋਠੀ ਅੱਗੇ ਆਂਗਣਵਾੜੀ ਵਰਕਰਾਂ ਦੇ ਪੱਕੇ ਮੋਰਚੇ ਦਾ ਟੈਂਟ ਵੀ ਪੁੱਟਿਆ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਬਿਜਲੀ ਸਪਲਾਈ ਕਰੀਬ 20 ਘੰਟਿਆਂ ਤੱਕ ਠੱਪ ਰਹੀ। ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਾਅਦ ਦੁਪਹਿਰ ਸਪਲਾਈ ਬਹਾਲ ਹੋਈ। ਸਪਲਾਈ ਠੱਪ ਕਾਰਨ ਹੋਣ ਅੱਜ ਸ਼ਹਿਰ ਵਿਚ ਪਾਣੀ ਦੀ ਸਪਲਾਈ ਵੀ ਠੱਪ ਰਹੀ ਜਿਸ ਕਾਰਨ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ।
ਸਥਾਨਕ ਪੁਲੀਸ ਲਾਈਨ ਨੇੜੇ ਸੜਕ ਕਿਨਾਰੇ ਲੱਗੇ ਵੱਡੇ ਦਰੱਖਤਾਂ ’ਚ ਰੈਣ ਬਸੇਰਾ ਕਰਕੇ ਬੈਠੇ ਦਰਜਨਾਂ ਪੰਛੀਆਂ ਦੀ ਮੌਤ ਹੋਈ ਹੈ ਜਿਨ੍ਹਾਂ ਵਿਚ ਕਰੀਬ ਤਿੰਨ ਦਰਜਨ ਤੋਂ ਵੱਧ ਤੋਤੇ ਅਤੇ ਕੁੱਝ ਕਬੂਤਰ ਸ਼ਾਮਲ ਹਨ। ਸਮਾਜ ਸੇਵੀ ਅਵਤਾਰ ਸਿੰਘ ਤਾਰਾ ਨੇ ਇਨ੍ਹਾਂ ਮ੍ਰਿਤਕ ਪੰਛੀਆਂ ਨੂੰ ਇਕੱਠੇ ਕਰਕੇ ਦਫ਼ਨਾਇਆ ਗਿਆ ਹੈ। ਪਾਵਰਕੌਮ ਦੇ ਐਕਸੀਅਨ ਆਰ.ਕੇ. ਗੋਇਲ ਨੇ ਦੱਸਿਆ ਕਿ ਸੰਗਰੂਰ ਮੰਡਲ ਅਧੀਨ ਕਰੀਬ 15 ਟਰਾਂਸਫਾਰਮਰ, ਕਰੀਬ 200 ਬਿਜਲੀ ਦੇ ਪੋਲ ਅਤੇ ਸਪਲਾਈ ਤਾਰਾਂ ਟੁੱਟ ਗਈਆਂ ਹਨ ਅਤੇ ਅਜੇ ਹੋਰ ਨੁਕਸਾਨ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਪਾਵਰਕੌਮ ਦਾ ਕਰੀਬ ਇੱਕ ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ।
ਪਟਿਆਲਾ (ਸਰਬਜੀਤ ਸਿੰਘ ਭੰਗੂ): ਇੱਥੇ ਲੰਘੀ ਰਾਤ ਮੁੜ ਆਏ ਮੀਂਹ ਅਤੇ ਤੇਜ ਹਨੇਰੀ ਨੇ ਕਾਫ਼ੀ ਨੁਕਸਾਨ ਕੀਤਾ। 29 ਮਈ ਨੂੰ ਆਏ ਝੱਖੜ ਨੇ ਤਾਂ ਭਾਵੇਂ ਬਿਜਲੀ ਦੇ ਖੰਭੇ ਅਤੇ ਦਰੱਖ਼ਤ ਆਦਿ ਹੀ ਡੇਗੇ ਸਨ, ਪਰ ਐਤਕੀਂ ਦੇ ਝੱਖੜ ਅਤੇ ਮੀਂਹ ਨੇ ਤਾਂ ਕਈ ਘਰਾਂ ਦੀਆਂ ਛੱਤਾਂ ਵੀ ਢਹਿ ਢੇਰੀ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਇਸ ਝੱਖੜ ਨੇ ਬਿਜਲੀ ਦੇ ਖੰਭਿਆਂ ਅਤੇ ਦਰਖਤਾਂ ਸਮੇਤ ਹੋਰ ਸਾਜ਼ੋ-ਸਾਮਾਨ ਦਾ ਵੀ ਵਧੇਰੇ ਨੁਕਸਾਨ ਕੀਤਾ।
ਇੱਥੋਂ ਦੀ ਬਾਰਾਂਦਰੀ ਵਿੱਚ ਜਾਮਣ ਦਾ ਪੰਜ ਦਹਾਕੇ ਪੁਰਾਣਾ ਵੱਡਾ ਦਰੱਖ਼ਤ ਵੀ ਪੁੱਟ ਸੁੱਟਿਆ। ਇਸੇ ਤਰ੍ਹਾਂ ਇੱਥੇ ਮੁੱਖ ਮੰਤਰੀ ਨਿਵਾਸ ਦੇ ਨੇੜੇ ਸਥਿਤ ਵਾਈਪੀਐਸ ਚੌਕ ਬਿਲਕੁਲ ਨਾਲ ਹੀ ਸਥਿਤ ਕਈ ਦਹਾਕੇ ਪੁਰਾਣਾ ਨਿੰਮ੍ਹ ਦਾ ਵੱਡਾ ਦਰਖ਼ਤ ਵੀ ਝੱਖੜ ਨੇ ਪੁੱਟ ਸੁੱਟਿਆ। ਇਹ ਦਰਖ਼ਤ ਇਸ ਚੌਕ ਤੋਂ ਵਿਮੈਨ ਕਾਲਜ ਵੱਲ ਨੂੰ ਜਾਂਦੀ ਸੜਕ ਦੇ ਵਿਚਕਾਰ ਡਿੱਗਾ। ਜਿਸ ਕਾਰਨ ਸਵੇਰ ਵਕਤ ਇਥੇ ਆਵਾਜਾਈ ਵੀ ਪ੍ਰਭਾਵਿਤ ਹੋਈ। ਸਵੇਰੇ ਇੱਥੇ ਡਿਊਟੀ ’ਤੇ ਪੁੱਜੇ ਟਰੈਫ਼ਿਕ ਪੁਲੀਸ ਦੇ ਏ.ਐਸ.ਆਈ ਨਿਰਪਾਲ ਸਿੰਘ ਪਨੂੰ ਨੇ ਇਹ ਦਰੱਖ਼ਤ ਲਾਂਭੇ ਕਰਵਾਇਆ। ਜਿਸ ਮਗਰੋਂ ਹੀ ਆਵਾਜਾਈ ਬਹਾਲ ਹੋ ਸਕੀ। ਇਸ ਤੋਂ ਇਲਾਵਾ ਕਈ ਥਾਈਂ ਬਿਜਲੀ ਦੇ ਖੰਭੇ ਵੀ ਟੁੱਟੇ ਹਨ।
ਉਂਜ ਇਸ ਦੌਰਾਨ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਜ਼ਰੂਰ ਰਾਹਤ ਦਿਵਾਈ। ਮੌਸਮ ਵਿਭਾਗ ਅਨੁਸਾਰ ਇਸ ਰਾਤ ਪਟਿਆਲਾ ’ਚ 24.8 ਐਮ.ਐਮ ਮੀਂਹ ਪਿਆ ਜਿਸ ਕਾਰਨ ਕਈ ਘਰਾਂ ’ਚ ਵੀ ਪਾਣੀ ਵੜ ਗਿਆ। ਦਿਨ ’ਚ ਵੱਧ ਤੋਂ ਵੱਧ 43.2 ਸੈਲਸੀਅਸ ਰਿਹਾ ਤਾਪਮਾਨ ਮੀਂਹ ਪੈਣ ਨਾਲ਼ ਡਿੱਗ ਕੇ ਰਾਤ ਸਮੇਂ 22 ਸੈਲਸੀਅਸ ’ਤੇ ਆ ਗਿਆ ਸੀ। ਉਧਰ 29 ਮਈ ਦੀ ਰਾਤ ਨੂੰ ਪਟਿਆਲਾ ਜ਼ਿਲ੍ਹੇ ’ਚ ਮੀਂਹ 13.7 ਸੈਲਸੀਅਸ ਹੀ ਸੀ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਇਲਾਕੇ ’ਚ ਬੀਤੀ ਰਾਤ ਕਰੀਬ ਦਸ ਵਜੇ ਅਚਾਨਕ ਆਏ ਝੱਖੜ ਕਰਕੇ ਸੈਂਕੜੇ ਦਰੱਖਤ, ਬਿਜਲੀ ਦੇ ਖੰਭੇ ਅਤੇ ਬਿਜਲੀ ਤਾਰਾਂ ਆਦਿ ਟੁੱਟ ਜਾਣ ਕਰਕੇ ਬਿਜਲੀ ਸਪਲਾਈ ਠੱਪ ਰਹੀ ਪਰ 12 ਘੰਟਿਆਂ ਮਗਰੋਂ ਸ਼ਹਿਰ ਦੀ ਬਿਜਲੀ ਬਹਾਲ ਤਾਂ ਹੋ ਗਈ ਪਰ ਖੇਤਾਂ ਤੇ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੀ ਹੈ। ਪਾਵਰਕੌਮ ਦੇ ਐਕਸੀਅਨ ਇੰਜ. ਕੁਲਰਾਜ ਸਿੰਘ ਨੇ ਦੱਸਿਆ ਕਿ ਰਾਤ ਨੂੰ ਦਸ ਵਜੇ ਪੂਰੇ ਇਲਾਕੇ ’ਚ ਕਰੀਬ 150 ਬਿਜਲੀ ਦੇ ਖੰਭੇ, ਦਰੱਖਤ ਟੁੱਟ ਕੇ ਬਿਜਲੀ ਤਾਰਾਂ ਉੱਪਰ ਡਿੱਗ ਗਏ ਅਤੇ 6 ਤੋਂ ਵਧੇਰੇ ਬਿਜਲੀ ਟਰਾਂਸਫਾਰਮਰ ਟੁੱਟ ਗਏ। ਬਿਜਲੀ ਕਰਮਚਾਰੀਆਂ ਨੇ ਸਵੇਰੇ ਦਸ ਵਜੇ ਸ਼ਹਿਰ ਦੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਬਿਜਲੀ ਕਾਮੇ ਖੇਤਾਂ ’ਚ ਤਾਰਾਂ ਤੇ ਟਰਾਂਸਫਾਰਮਰਾਂ ਦੇ ਮੁਰੰਮਤ ਲਈ ਸਰਵੇਖਣ ਕਰ ਰਹੇ ਹਨ। ਉਧਰ ਮੁੱਖ ਸੜਕਾਂ ’ਤੇ ਸੈਂਕੜੇ ਦਰੱਖਤ ਟੁੱਟਣ ਕਰਕੇ ਆਵਾਜਾਈ ਪ੍ਰਭਾਵਿਤ ਹੋਈ ਪਰ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ। ਦਰੱਖਤਾਂ ਨੂੰ ਸੜਕਾਂ ਤੋਂ ਹਟਾਉਣ ਲਈ ਕਾਫੀ ਮਿਹਨਤ ਕਰਨੀ ਪਈ। ਉਧਰ ਝੱਖੜ ਮਗਰੋਂ ਹੋਈ ਬਾਰਸ਼ ਨਾਲ ਸਬਜ਼ੀ ਦੀ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਝੱਖੜ ਕਾਰਨ ਬੀਤੀ ਰਾਤ ਦੇਵੀਗੜ੍ਹ, ਭੁਨਰਹੇੜੀ ਤੇ ਬਲਬੇੜਾ ਖੇਤਰ ਦੇ ਲੋਕਾਂ ਦੇ ਸ਼ੈੱਡ, ਘਰਾਂ ਦੀਆਂ ਛੱਤਾਂ, ਦਰੱਖਤ, ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਨੁਕਸਾਨੇ ਗਏ। ਇਸ ਦੇ ਨਾਲ ਹੀ ਹਰਾ ਚਾਰਾ, ਫਲ ਤੇ ਸਬਜ਼ੀਆਂ ਨੂੰ ਨੁਕਸਾਨ ਪੁੱਜਿਆ ਹੈ। ਇਸੇ ਤੂਫਾਨ ਨਾਲ ਕਸਬਾ ਦੇਵੀਗੜ੍ਹ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਭਾਰੀ ਗਿਣਤੀ ’ਚ ਦਰਖੱਤ ਡਿੱਗ ਗਏ ਜਿਸ ਨਾਲ ਕਈ ਥਾਵਾਂ ’ਤੇ ਆਵਾਜਾਈ ਅਤੇ ਬਿਜਲੀ ਸਪਲਾਈ ਠੱਪ ਰਹੀ, ਸਾਰਾ ਦਿਨ ਹੀ ਬਿਜਲੀ ਸਪਲਾਈ ਬੰਦ ਰਹੀ।
ਇਸੇ ਤਰ੍ਹਾਂ ਪਿੰਡ ਦਸਮੇਸ਼ ਨਗਰ ਵਿੱਚ ਪਾਲ ਸਿੰਘ ਦੇ ਮਕਾਨ ਦੀ ਛੱਤ ਤੇ ਬਖਸ਼ੀਸ਼ ਸਿੰਘ ਦੇ ਮਕਾਨ ਦੀ ਛੱਤ ਉਡਾ ਦਿੱਤੀ ਅਤੇ ਇਕਬਾਲ ਸਿੰਘ ਦਾ ਚੁਬਾਰਾ ਢਹਿ ਢੇਰੀ ਕਰ ਦਿੱਤਾ। ਸਰਪੰਚ ਡਾ. ਦਰਸ਼ਨ ਸਿੰੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਦੇ ਇਨ੍ਹਾਂ ਗਰੀਬ ਵਿਅਕਤੀਆਂ ਦੇ ਹੋਏ ਭਾਰੀ ਨੁਕਸਾਨ ਦੀ ਭਰਪਾਈ ਕੀਤੀ ਜਾਵੇ।
ਹਨੇਰੀ ਦੌਰਾਨ ਔਰਤ ’ਤੇ ਗੇਟ ਡਿੱਗਿਆ; ਮੌਕੇ ’ਤੇ ਮੌਤ
ਘੱਗਾ (ਸ਼ਾਹਬਾਜ਼ ਸਿੰਘ): ਇਲਾਕੇ ਵਿੱਚ ਲੰਘੀ ਰਾਤ ਆਏ ਚੱਕਰਵਾਤੀ ਤੂਫਾਨ ਕਾਰਨ ਇੱਥੋਂ ਨੇੜਲੇ ਪਿੰਡ ਗੁਰਦਿਆਲਪੁਰਾ ਦੀ ਮਹਿਲਾ ਦੀ ਮੌਤ ਹੋ ਗਈ । ਜਾਣਕਾਰੀ ਮੁਤਾਬਕ ਇਹ ਮਹਿਲਾ ਤੂਫਾਨ ਦੌਰਾਨ ਗੇਟ ਬੰਦ ਕਰਨ ਗਈ ਸੀ। ਇਸੇ ਦੌਰਾਨ ਗੇਟ ਉਸ ਦੇ ਉਪਰ ਡਿੱਗ ਗਿਆ। ਉਸ ਨੂੰ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਇੰਜ ਹੀ ਹਨੇਰੀ ਕਾਰਨ ਪਿੰਡ ਅਰਨੇਟੂ ਵਿੱਚ ਕੁੱਪਾਂ ਨੂੰ ਅੱਗ ਲੱਗ ਗਈ ਜੋ ਲੋਕਾਂ ਨੇ ਇਕੱਠੇ ਕੋ ਕੇ ਬੁਝਾ ਦਿੱਤੀ। ਪਿੰਡ ਬਾਦਸ਼ਾਹਪੁਰ ਸ਼ੁਤਰਾਣਾ ਸੜਕ ਉਤੇ ਜੀਐਸ ਮੈਰਿਜ ਪੈਲੇਸ ਦੀ ਚਾਰਦੀਵਾਰੀ ਢਹਿ-ਢੇਰੀ ਹੋ ਗਈ। ਇਸੇ ਸੜਕ ਉੱਤੇ ਅਕਾਲ ਅਕੈਡਮੀ ਦੀਆਂ ਟੀਨ ਦੀਆਂ ਛੱਤਾਂ ਉੱਡ ਗਈਆਂ ਅਤੇ ਬਾਦਸ਼ਾਹਪੁਰ ਦੇ ਸਰਕਾਰੀ ਸਕੂਲ ਦੇ ਸਾਈਕਲ ਸ਼ੈਡ ਸਮੇਤ ਸਾਧਮਾਜਰਾ ਸਕੂਲ ਦੀ ਚਾਰਦੀਵਾਰੀ ਵੀ ਢਹਿ ਢੇਰੀ ਹੋ ਗਈ। ਪਿੰਡ ਜਲਾਲਪੁਰ ਅਤੇ ਕਲਵਾਣੂ ਵਿੱਚ ਕਈ ਘਰਾਂ ਦੇ ਸ਼ੈੱਡ ਉੱਡ ਗਏ। ਬਾਦਸ਼ਾਹਪੁਰ ਗਰਿੱਡ ਅਧਿਕਾਰੀ ਨੇ ਦੱਸਿਆ ਕਿ ਗਰਿਡ ਤਹਿਤ ਪਿੰਡਾਂ ਦੇ ਕਰੀਬ 200 ਖੰਭੇ ਟੁੱਟ ਗਏ ਹਨ।ਇਸੇ ਦੌਰਾਨ ਹਲਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਕਿਹਾ ਕਿ ਉਹ ਭਲਕੇ ਦਿੱਲੀ ਤੋਂ ਪਰਤਣਗੇ ਅਤੇ ਹਲਕਾ ਸ਼ੁਤਰਾਣਾ ਦਾ ਦੌਰਾ ਕਰਨਗੇ।
ਨੌਜਵਾਨਾਂ ’ਤੇ ਕੰਧ ਡਿੱਗੀ; ਇਕ ਨੌਜਵਾਨ ਦੀ ਮੌਤ
ਸਮਾਣਾ/ਰਾਮਨਗਰ (ਅਸ਼ਵਨੀ ਗਰਗ/ਸੁਭਾਸ਼ ਚੰਦਰ): ਪਿੰਡ ਕੁਲਾਰਾਂ ਵਿੱਚ ਕੰਧ ਦੀ ਓਟ ਲਈ ਬੈਠੇ ਨੌਜਵਾਨਾਂ ’ਤੇ ਕੰਧ ਡਿੱਗ ਗਈ ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਇੰਜ ਹੀ ਪਿੰਡ ਜਮਾਲਪੁਰ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਘਰ ਵਿੱਚ ਮੌਜੂਦ ਪਤੀ ਪਤਨੀ ਅਤੇ ਉਨ੍ਹਾਂ ਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ ਜਿਨ੍ਹਾਂ ਨੂੰ ਆਲੇ ਦੁਆਲੇ ਦੇ ਲੋਕਾਂ ਨੇ ਮਲਬੇ ਹੇਠੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਝੱਖੜ ਕਾਰਨ ਆਮ ਲੋਕਾਂ ਦਾ ਵੀ ਭਾਰੀ ਨੁਕਸਾਨ ਹੋਇਆ। ਦੁਕਾਨਾਂ ਦੇ ਬੋਰਡ ਸ਼ੈੱਡ ਆਦਿ ਟੁੱਟ ਗਏ ਜਦੋਂ ਕਿ ਕਈ ਘਰਾਂ ਦੇ ਸ਼ੀਸ਼ੇ ਵੀ ਨੁਕਸਾਨੇ ਗਏ ਤੇ ਹੋਰ ਵੀ ਕਈ ਚੀਜ਼ਾਂ ਦਾ ਨੁਕਸਾਨ ਹੋਇਆ। ਬਿਜਲੀ ਬੋਰਡ ਦੇ ਐਕਸੀਅਨ ਵਿਪਨ ਗੋਇਲ ਨੇ ਦੱਸਿਆ ਕਿ ਇਸ ਹਨੇਰੀ ਕਾਰਨ 500 ਦੇ ਕਰੀਬ ਖੰਭੇ ਟੁੱਟੇ ਹਨ ਤੇ 200 ਟਰਾਂਸਫਾਰਮਰ ਨੁਕਸਾਨੇ ਗਏ ਹਨ ਜਿਸ ਕਾਰਨ ਬਿਜਲੀ ਨਿਗਮ ਦਾ ਕਰੀਬ ਡੇਢ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਸਪਲਾਈ ਨੂੰ ਦਰੁਸਤ ਕਰਨ ਲਈ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਤੇ ਰਾਤ ਤੱਕ ਬਿਜਲੀ ਸਪਲਾਈ ਨੂੰ ਪੁਰੇ ਇਲਾਕੇ ਵਿਚ ਦਰੁਸਤ ਕਰ ਦਿੱਤਾ ਜਾਵੇਗਾ।