ਹਰਦੀਪ ਸਿੰਘ ਸੋਢੀ
ਧੂਰੀ, 15 ਸਤੰਬਰ
ਸਥਾਨਕ ਖੰਡ ਮਿੱਲ ਨੂੰ ਵੇਚੇ ਕਰੋੜਾਂ ਰੁਪਏ ਦੀ ਗੰਨੇ ਦੀ ਅਦਾਇਗੀ ਕਰਵਾਉਣ ਲਈ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਵੱਲੋਂ ਚੇਅਰਮੈਨ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਬੀਤੇ ਦਿਨੀ ਸਥਾਨਕ ਖੰਡ ਮਿੱਲ ਅੰਦਰ ਸ਼ੁਰੂ ਕੀਤਾ ਗਿਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਦੱਸਣਯੋਗ ਹੈ ਕਿ ਖੰਡ ਮਿੱਲ ਦੀ ਨਿਲਾਮੀ ਕਰਨ ਵਾਲੀ ਮਾਲ ਵਿਭਾਗ ਦੀ ਟੀਮ ਅਤੇ ਆਪਣਾ ਕਰੀਬ 46 ਕਰੋੜ ਰੁਪਏ ਦੀ ਟੈਕਸ ਦੀ ਉਗਰਾਹੀ ਕਰਨ ਆਈ ਆਬਕਾਰੀ ਵਿਭਾਗ ਦੀ ਟੀਮ ਦਾ ਗੰਨਾ ਕਾਸ਼ਤਕਾਰਾਂ ਨੇ ਘਿਰਾਓ ਕਰਦਿਆਂ ਬੰਦੀ ਬਣਾ ਲਿਆ ਸੀ ਅਤੇ ਦੇਰ ਸ਼ਾਮ ਉੱਚ ਸਿਵਲ ਅਤੇ ਪੁਲੀਸ ਅਧਿਕਾਰੀਆਂ ਦੀ ਦਖਲਅੰਦਾਜ਼ੀ ਕਾਰਨ ਧਰਨੇ ਵਿੱਚ ਫਸੇ ਅਧਿਕਾਰੀਆਂ ਨੂੰ ਜਾਣ ਦਿੱਤਾ ਗਿਆ ਸੀ।
ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਲਗਾਤਾਰ ਖੱਜਲ ਖੁਆਰ ਹੀ ਕੀਤਾ ਜਾ ਰਿਹਾ ਹੈ ਅਤੇ ਗੁੰਮਰਾਹ ਕਰਦਿਆਂ ਮਿੱਲ ਪ੍ਰਬੰਧਕਾਂ ਦਾ ਪੱਖ ਪੂਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਬੀਤੇ ਦਿਨੀ ‘ਫਰਜ਼ੀ ਬੋਲੀ’ ਰਾਹੀਂ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਖੰਡ ਮਿੱਲ ਵੱਲੋਂ ਕਰੀਬ 8 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਇਹ ਤਰਾਸਦੀ ਹੈ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਹੀ ਰਕਮ ਲੈਣ ਲਈ ਧਰਨੇ, ਮੁਜ਼ਾਹਰੇ ਕਰਨੇ ਪੈ ਰਹੇ ਹਨ।